Patiala Bhakra Canal: ਜਲ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਸਾਰੀਆਂ ਨਹਿਰਾਂ ਦੀ ਜ਼ਮੀਨੀ ਪੱਧਰ ’ਤੇ ਚੈਕਿੰਗ ਕਰਨ ਦੇ ਨਿਰਦੇਸ਼

Patiala Bhakra Canal
Patiala Bhakra Canal: ਜਲ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਸਾਰੀਆਂ ਨਹਿਰਾਂ ਦੀ ਜ਼ਮੀਨੀ ਪੱਧਰ ’ਤੇ ਚੈਕਿੰਗ ਕਰਨ ਦੇ ਨਿਰਦੇਸ਼

ਭਾਖੜਾ ਨਹਿਰ ’ਚ ਹੋਈ ਲੀਕੇਜ਼, ਵੱਡਾ ਹਾਦਸਾ ਹੋਣੋਂ ਟਲਿਆ | Patiala Bhakra Canal

  • ਬਰਿੰਦਰ ਗੋਇਲ ਵੱਲੋਂ ਭਾਖੜਾ ਮੇਨ ਲਾਈਨ ’ਚ ਪਸਿਆਣਾ ਨੇੜੇ ਹੋਈ ਲੀਕੇਜ ਵਾਲੇ ਸਥਾਨ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ

Patiala Bhakra Canal: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਪਸਿਆਣਾ ਨੇੜੇ ਭਾਖੜਾ ਨਹਿਰ ਵਿੱਚ ਲੀਕੇਜ਼ ਹੋਣ ਕਾਰਨ ਇਸਦਾ ਸਮੇਂ ਸਿਰ ਪਤਾ ਲੱਗਣ ’ਤੇ ਇਸ ਪਾੜ ਨੂੰ ਪੂਰਨ ਕਾਰਨਾ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸੇ ਦੌਰਾਨ ਭਾਖੜਾ ਨਹਿਰ ਨਾਲ ਸਬੰਧਿਤ ਵੱਖ-ਵੱਖ ਵਿਭਾਗਾਂ ਤੇ ਮੁਲਾਜ਼ਮਾਂ ਤੇ ਹੋਰ ਕਰਮਚਾਰੀਆਂ ਵੱਲੋਂ ਬੋਰੀਆਂ ਅਤੇ ਮਿੱਟੀ ਲਾ ਕੇ ਇਸ ਪਾੜ ਨੂੰ ਪੂਰ ਦਿੱਤਾ ਗਿਆ। ਭਾਖੜਾ ਨਹਿਰ ਦੇ ਚੱਲ ਰਹੇ ਕਾਰਜ ’ਤੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਸਮੇਤ ਸਿਹਤ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਦੌਰਾ ਕਰਕੇ ਕੰਮ ਦਾ ਨਿਰੀਖਣ ਕੀਤਾ ਗਿਆ।

ਇਹ ਵੀ ਪੜ੍ਹੋ: NITI Aayog: ਨੀਤੀ ਆਯੋਗ ਦੀ ਮੀਟਿੰਗ ’ਚ ਸੀਐਮ ਮਾਨ ਨੇ ਚੁੱਕੇ ਪੰਜਾਬ ਦੇ ਮੁੱਦੇ

ਜਾਣਕਾਰੀ ਅਨੁਸਾਰ ਅੱਜ ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਵਾਪਰੀ ਜਦੋਂ ਭਾਖੜਾ ਨਹਿਰ ਤੇ ਇੱਕ ਬੇਲਦਾਰ ਵੱਲੋਂ ਉਕਤ ਲੀਕੇਜ਼ ਨੂੰ ਦੇਖ ਲਿਆ ਜਿਸ ਤੋਂ ਬਾਅਦ ਉਸ ਵੱਲੋਂ ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਅਨਾਊਂਸਮੈਂਟ ਵੀ ਕਰ ਦਿੱਤੀ ਗਈ ਜਿਸ ਤੋਂ ਬਾਅਦ ਬਾਗਾਂ ਦੇ ਕਰਮਚਾਰੀਆਂ ਅਤੇ ਹੋਰ ਲੋਕਾਂ ਵੱਲੋਂ ਮਿੱਟੀ, ਬੋਰੀਆਂ ਦੀ ਮੱਦਦ ਨਾਲ ਇਸ ਪਾੜ ਨੂੰ ਕਾਫੀ ਜੱਦੋ ਜਹਿਦ ਬਾਅਦ ਪੂਰ ਲਿਆ ਗਿਆ। ਅੰਦਰੂਨੀ ਲੀਕੇਜ ਤੋਂ ਬਾਅਦ ਇਸ ਨੂੰ ਦਰੁਸਤ ਕਰਨ ਲਈ 50- 60 ਫੁੱਟ ਤੱਕ ਬੋਰੀਆਂ ਲਾ ਕੇ ਇਸ ਪਾੜ ਨੂੰ ਪੂਰਾ ਕੀਤਾ ਗਿਆ। ਜੇਕਰ ਇਹ ਪਾੜ ਰਾਤ ਨੂੰ ਪਿਆ ਹੁੰਦਾ ਤਾਂ ਵੱਡਾ ਹਾਦਸਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ।

ਭਾਖੜਾ ਮੇਨ ਲਾਈਨ ਤੇ ਦੋਵੇਂ ਪਾਸਿਆਂ ਦੀ ਪੂਰੀ ਜਾਂਚ ਕਰਨ ਦੇ ਆਦੇਸ਼

ਇਸ ਦੌਰਾਨ ਦੁਪਹਿਰ ਬਾਅਦ ਭਾਖੜਾ ਨਹਿਰ ਤੇ ਪੁੱਜੇ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸਿੰਚਾਈ ਵਿਭਾਗ ਨੂੰ ਸੂਬੇ ਦੀਆਂ ਸਾਰੀਆਂ ਨਹਿਰਾਂ ਦਾ ਜ਼ਮੀਨੀ ਪੱਧਰ ’ਤੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਨਹਿਰਾਂ ਵਿੱਚ ਲੀਕੇਜ ਦਾ ਕੋਈ ਮਾਮਲਾ ਸਾਹਮਣੇ ਨਾ ਆਵੇ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਇਸ ਗੱਲ ਤੇ ਤਸੱਲੀ ਪ੍ਰਗਟਾਈ ਗਈ ਕਿ ਵਿਭਾਗ ਦੀ ਚੌਕਸੀ ਸਦਕਾ ਸਮੇਂ ਰਹਿੰਦਿਆਂ ਭਾਖੜਾ ਮੇਨ ਲਾਈਨ ’ਚ ਹੋਈ ਲੀਕੇਜ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਭਾਖੜਾ ਮੇਨ ਲਾਈਨ ਦੀ ਰਿਪੇਅਰ ਦਾ ਕੰਮ ਹੋਣ ਕਰਕੇ ਇਸ ਵਿੱਚ ਪਾਣੀ ਘਟਾਇਆ ਗਿਆ ਸੀ ਅਤੇ ਜਦ 21 ਮਈ ਨੂੰ ਦੁਬਾਰਾ ਪਾਣੀ ਛੱਡਿਆ ਗਿਆ ਤਾਂ ਪਸਿਆਣਾ ਨੇੜੇ ਲੀਕੇਜ ਦਾ ਪਤਾ ਲੱਗਿਆ ਤਾਂ ਅਧਿਕਾਰੀਆਂ ਨੇ ਫੁਰਤੀ ਦਿਖਾਉਂਦੇ ਹੋਏ ਇਸ ਨੂੰ ਤੁਰੰਤ ਪਲੱਗ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਤੇ ਅਧਿਕਾਰੀਆਂ ਵੱਲੋਂ ਪੂਰੀ ਲਾਈਨ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੁਬਾਰਾ ਅਜਿਹੀ ਲੀਕੇਜ ਨਾ ਹੋਵੇ। ਇਸ ਮੌਕੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅਧਿਕਾਰੀਆਂ ਨੂੰ ਭਾਖੜਾ ਮੇਨ ਲਾਈਨ ਤੇ ਦੋਵੇਂ ਪਾਸਿਆਂ ਦੀ ਪੂਰੀ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜਿੱਥੇ ਕਿਤੇ ਵੀ ਕੋਈ ਕਮਜ਼ੋਰ ਕਿਨਾਰਾ ਹੈ ਉਸਦੀ ਮੁਰੰਮਤ ਤੁਰੰਤ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਲੀਕੇਜ ਨਾ ਹੋਵੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। Patiala Bhakra Canal