
Punjab Paddy Silos: 30 ਜੂਨ ਤੱਕ ਸਰਕਾਰ ਵੱਲੋਂ ਚੁੱਕਣ ਦਾ ਦਿੱਤਾ ਹੋਇਐ ਭਰੋਸਾ, ਸ਼ੈਲਰ ਮਾਲਕਾਂ ’ਚ ਧੁੜਕੂ
Punjab Paddy Silos: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਇਸ ਵਾਰ ਵੀ ਸ਼ੈਲਰਾਂ ਅੰਦਰ ਝੋਨਾ ਲਗਵਾਉਣ ਲਈ ਜਗ੍ਹਾ ਦੀ ਵੱਡੀ ਦਿੱਕਤ ਖੜ੍ਹੀ ਹੋ ਸਕਦੀ ਹੈ, ਕਿਉਂਕਿ ਸ਼ੈਲਰਾਂ ਵਿੱਚ ਅਜੇ ਵੀ 30 ਫੀਸਦੀ ਝੋਨੇ ਦੀ ਮਿਲਿੰਗ ਪੈਂਡਿੰਗ ਪਈ ਹੈ। ਉਂਜ ਭਾਵੇਂ ਕਿ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਨੂੰ 30 ਜੂਨ ਤੱਕ ਚਾਵਲ ਚੁੱਕਣ ਦਾ ਭਰੋਸਾ ਦਿੱਤਾ ਹੈ, ਪਰ ਸ਼ੈਲਰ ਸਨਅੱਤ ਵਿੱਚ ਧੁੜਕੂ ਹੈ ਕਿ 15 ਫੀਸਦੀ ਤੋਂ ਵੱਧ ਚੌਲਾਂ ਦੀ ਮਿਲਿੰਗ ਬਾਕੀ ਰਹਿ ਜਾਵੇਗੀ ਅਤੇ ਸ਼ੈਲਰ ਮਾਲਕਾਂ ਨੂੰ ਲੇਬਰ ਆਦਿ ਦਾ ਭਾਰੀ ਖਰਚਾ ਸਹਿਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਅੰਦਰ ਸਾਲ 2024-25 ’ਚ 116 ਲੱਖ ਮੀਟਿਰਕ ਟਨ ਝੋਨੇ ਦੀ ਆਮਦ ਹੋਈ ਸੀ ਅਤੇ ਪੰਜਾਬ ਅੰਦਰ 5100 ਦੇ ਕਰੀਬ ਸ਼ੈਲਰ ਹਨ। ਪਿਛਲੇ ਸਾਲ ਸ਼ੈਲਰਾਂ ਅੰਦਰ ਝੋਨੇ ਲਈ ਸਪੇਸ ਨਾ ਹੋਣ ਕਾਰਨ ਕਿਸਾਨਾਂ, ਆੜਤੀਆਂ ਤੇ ਖੁਦ ਸ਼ੈਲਰ ਮਾਲਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨ ਪਿਆ ਸੀ ਅਤੇ ਗੱਲ ਧਰਨੇ ਪ੍ਰਦਰਸ਼ਨਾਂ ਤੱਕ ਪੁੱਜ ਗਈ ਸੀ। ਸ਼ੈਲਰ ਮਾਲਕਾਂ ਵੱਲੋਂ ਇਸ ਗੱਲ ਦਾ ਰੋਸ ਪ੍ਰਗਟਾਇਆ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਨਾ ਕਰਨ ਕਰਕੇ ਸ਼ੈਲਰਾਂ ਵਿੱਚ ਪਿਆ ਚੌਲ ਨਹੀਂ ਚੁੱਕਿਆ ਗਿਆ।
Punjab Paddy Silos
ਇੱਧਰ ਮੌਜੂਦਾ ਸਮੇਂ ਵੀ ਸ਼ੈਲਰਾਂ ਅੰਦਰ 30 ਫੀਸਦੀ ਚਾਵਲ ਬਾਕੀ ਪਿਆ ਹੈ ਜਦਕਿ ਝੋਨੇ ਦੀ ਲਵਾਈ ਦਾ ਸੀਜ਼ਨ ਸਿਰ ’ਤੇ ਆ ਗਿਆ ਹੈ। ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਸੈਲਰ ਮਾਲਕਾਂ ਨੂੰ 30 ਜੂਨ ਤੱਕ ਪੈਂਡਿੰਗ ਪਏ ਚੌਲਾਂ ਨੂੰ ਉਠਾਉਣ ਦਾ ਸਮਾਂ ਦਿੱਤਾ ਗਿਆ ਹੈ, ਪਰ ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਤੱਕ 15 ਫੀਸਦੀ ਤੋਂ ਵੱਧ ਚੁਕਾਈ ਦਾ ਕੰਮ ਪੈਂਡਿੰਗ ਰਹਿ ਸਕਦਾ ਹੈ।
Read Also : New COVID Cases In Delhi: ਦਿੱਲੀ ’ਚ ਮਿਲੇ ਨਵੇਂ ਕੋਰੋਨਾ ਸੰਕਰਮਿਤ, ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
ਸ਼ੈਲਰ ਮਾਲਕ ਰਾਜ ਕੁਮਾਰ ਬਾਂਸਲ ਦਾ ਕਹਿਣਾ ਸੀ ਕਿ ਪਹਿਲਾਂ 31 ਮਾਰਚ ਤੱਕ ਚੌਲਾਂ ਦੀ ਮੀਲਿੰਗ ਹੋ ਜਾਂਦੀ ਸੀ ਪਰ ਪਿਛਲੇ ਸਾਲਾਂ ਤੋਂ ਹੁੰਦੀ ਦੇਰੀ ਇੱਥੇ ਤੱਕ ਪੁੱਜ ਗਈ। ਇੱਕ ਹੋਰ ਸ਼ੈਲਰ ਮਾਲਕ ਦਾ ਕਹਿਣਾ ਸੀ ਕਿ 31 ਮਾਰਚ ਤੱਕ ਝੋਨੇ ਦੀ ਮੀਲਿੰਗ ਹੋਣ ਨਾਲ ਹੀ ਬੱਚਤ ਸੀ, ਪਰ ਹੁਣ ਲੇਬਰ ਸਮੇਤ ਹੋਰ ਖਰਚੇ ਸ਼ੈਲਰ ਮਾਲਕਾਂ ’ਤੇ ਪੈ ਰਹੇ ਹਨ ਤੇ ਇਹ ਕੰਮ ਘਾਟੇ ਦਾ ਬਣਕੇ ਰਹਿ ਗਿਆ ਹੈ। ਉਹਨਾਂ ਦੱਸਿਆ ਕਿ ਉਸਦੇ ਸ਼ੈਲਰ ’ਚ 50 ਦੇ ਕਰੀਬ ਗੱਡੀਆਂ ਅਜੇ ਝੋਨੇ ਦੀਆਂ ਪਈਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਕੇਂਦਰ ਸਰਕਾਰ ਨਾਲ ਘੱਟ ਤਾਲਮੇਲ ਸ਼ੈਲਰ ਸਨਅੱਤ ਲਈ ਔਖਾ ਸਾਬਤ ਹੋ ਰਿਹਾ ਹੈ। ਝੋਨੇ ਦੇ ਆ ਰਹੇ ਸੀਜ਼ਨ ਦੌਰਾਨ ਵੀ ਪੰਜਾਬ ਅੰਦਰ ਝੋਨਾ ਲੱਗਣ ਦੀ ਸਪੇਸ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ। ਦੱਸਣਯੋਗ ਹੈ ਕਿ ਪੰਜਾਬ ਹਰਿਆਣਾ ਤੋਂ ਇਲਾਵਾ ਬਾਕੀ ਰਾਜਾਂ ਵਿੱਚ ਵੀ ਝੋਨੇ ਦੀ ਵੱਡੇ ਪੱਧਰ ’ਤੇ ਪੈਦਾਵਾਰ ਹੋ ਰਹੀ ਹੈ, ਜਿਸ ਕਾਰਨ ਸਰਕਾਰ ਵੱਲੋਂ ਲਗਾਤਾਰ ਹੱਥ ਘੁੱਟਿਆ ਜਾ ਰਿਹਾ ਹੈ।
30 ਜੂਨ ਤੋਂ ਬਾਅਦ ਵੀ ਸ਼ੈਲਰਾਂ ’ਚ ਪੈਂਡਿੰਗ ਰਹਿ ਸਕਦੀ ਹੈ 15-20 ਫੀਸਦੀ ਚੁਕਾਈ | Punjab Paddy Silos
ਰਾਈਸ ਮਿੱਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਗਿਆਨ ਚੰਦ ਭਾਰਦਵਾਜ ਨੇ ਕਿਹਾ ਕਿ ਅਜੇ ਸ਼ੈਲਰਾਂ ’ਚੋਂ 70 ਫੀਸਦੀ ਚੌਲਾਂ ਦੀ ਚੁਕਾਈ ਹੋਈ ਹੈ ਜਦਕਿ 30 ਫੀਸਦੀ ਬਾਕੀ ਪਈ ਹੈ। ਉਨ੍ਹਾਂ ਕਿਹਾ ਕਿ 30 ਜੂਨ ਤੱਕ 15-20 ਫੀਸਦੀ ਚੌਲਾਂ ਦੀ ਚੁਕਾਈ ਪੈਂਡਿੰਗ ਰਹਿ ਸਕਦੀ ਹੈ ਤੇ ਝੋਨੇ ਦੇ ਆ ਰਹੇ ਸੀਜ਼ਨ ਲਈ ਮੁੜ ਦਿੱਕਤ ਖੜ੍ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਦੀਆਂ ਗੱਲਾਂ ਵਿੱਚ ਆਕੇ ਰਾਈਸ ਮਿੱਲਰਾਂ ਵੱਲੋਂ ਚੌਲ ਲਗਵਾ ਲਏ ਪਰ ਸਮੇਂ ਸਿਰ ਕੰਮ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਰਾਈਸ ਮਿੱਲਰ ਅੱਗੇ ਸਰਕਾਰ ’ਤੇ ਭਰੋਸਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਪੈਂਡਿੰਗ ਪਏ ਚਾਵਲ ਨੂੰ ਚੁੱਕੇ ਤਾਂ ਜੋ ਉਨ੍ਹਾਂ ਦੇ ਸ਼ੈਲਰਾਂ ’ਚ ਸਪੇਸ ਖਾਲੀ ਹੋਵੇ। ਉਨ੍ਹਾਂ ਕਿਹਾ ਕਿ ਠੰਢ ਦੇ ਮੌਸਮ ’ਚ ਚੌਲਾਂ ਦੀ ਮੀਲਿੰਗ ਦੌਰਾਨ 25 ਫੀਸਦੀ ਟੁਕੜਾ ਬਣਦਾ ਹੈ ਜਦਕਿ ਹੁਣ ਗਰਮੀ ਦੇ ਮੌਸਮ ਦੌਰਾਨ 50 ਫੀਸਦੀ ਟੁਕੜਾ ਹੋ ਰਿਹਾ ਹੈ ਜੋ ਕਿ ਸ਼ੈਲਰ ਮਾਲਕਾਂ ਲਈ ਘਾਟੇ ਦਾ ਕਾਰਨ ਬਣ ਰਿਹਾ ਹੈ।