Organ Donation: ਨੰਨ੍ਹੀ ਉਮਰੇ ਕਈਆਂ ਨੂੰ ਜੀਵਨ ਦੇ ਗਿਆ ਲਹਿਰਾਗਾਗਾ ਦਾ ‘ਵੰਸ’, ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਪਰਿਵਾਰ ਨੇ ਲਿਆ ਫੈਸਲਾ

Organ Donation
Organ Donation: ਨੰਨ੍ਹੀ ਉਮਰੇ ਕਈਆਂ ਨੂੰ ਜੀਵਨ ਦੇ ਗਿਆ ਲਹਿਰਾਗਾਗਾ ਦਾ ‘ਵੰਸ’, ਡੇਰਾ ਸੱਚਾ ਸੌਦਾ ਸਰਸਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਪਰਿਵਾਰ ਨੇ ਲਿਆ ਫੈਸਲਾ

ਮਾਸੂਮ ਉਮਰ ‘ਚ ਕੀਤੇ ਅੰਗਦਾਨ, ਕੀਤਾ ਜਾਵੇਗਾ ਸਰੀਰ ਵੀ ਦਾਨ

Organ Donation: ਚੰਡੀਗੜ੍ਹ (ਅਸ਼ਵਨੀ ਚਾਵਲਾ)। ਜ਼ਿਲ੍ਹਾ ਸੰਗਰੂਰ ਦੇ ਅਧੀਨ ਆਉਂਦੇ ਲਹਿਰਾਗਾਗਾ ਦੇ ਰਹਿਣ ਵਾਲੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਦਾ 11 ਮਹੀਨੇ ਦਾ ਛੋਟਾ ਬੱਚਾ ਨੰਨ੍ਹੀ ਜਿਹੀ ਉਮਰ ’ਚ ਮਾਨਵਤਾ ਭਲਾਈ ਲਈ ਵੱਡਾ ਕੰਮ ਕਰ ਗਿਆ। ਇਸ ਭਲਾਈ ਕਾਰਜ ਨਾਲ ਨੰਨ੍ਹਾ ਡੇਰਾ ਸ਼ਰਧਾਲੂ ਆਪਣੀ ਸੰਸਾਰਕ ਯਾਤਰਾ ਨੂੰ ਪੂਰਾ ਕਰਦੇ ਹੋਏ ਕਈਆਂ ਨੂੰ ਨਵਾਂ ਜੀਵਨ ਦੇ ਗਿਆ। ਵੰਸ਼ ਦੇ ਦੇਹਾਂਤ ਤੋਂ ਬਾਅਦ ਉਸ ਦੇ ਸਾਰੇ ਅੰਦਰੂਨੀ ਅੰਗ ਦਾਨ ਕੀਤੇ ਗਏ। ਇਸ ਤੋਂ ਇਲਾਵਾ ਉਸ ਦਾ ਮੈਡੀਕਲ ਖੋਜਾਂ ਲਈ ਸਰੀਰਦਾਨ ਵੀ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਲਹਿਰਾਗਾਗਾ ਨਿਵਾਸੀ 11 ਮਹੀਨਿਆਂ ਦੇ ‘ਵੰਸ਼’ ਦੇ ਸਰੀਰ ਦੇ ਕਈ ਅੰਗਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਨ ਕਰਨ ਦੇ ਨਾਲ-ਨਾਲ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਪੀਜੀਆਈ ਵਿੱਚ ਦਾਨ ਕੀਤੇ ਗਏ ਅੰਗਾਂ ਨਾਲ ਉਹਨਾਂ ਛੋਟੇ ਬੱਚਿਆਂ ਨੂੰ ਜੀਵਨ ਮਿਲਨ ਜਾ ਰਿਹਾ ਹੈ, ਜਿਹੜੇ ਸਰੀਰ ਦੇ ਅੰਦਰੂਨੀ ਅੰਗ ਖਰਾਬ ਹੋਣ ਕਰਕੇ ਪੀਜੀਆਈ ਵਿਖੇ ਜਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਸਨ।

Organ Donation

ਇਸ ਸਬੰਧੀ ਲਹਿਰਾਗਾਗਾ ਦੇ ਭਗਤ ਯੋਧਾ ਟੋਨੀ ਬਾਂਸਲ ਨੇ ਦੱਸਿਆ ਕਿ 27 ਜੂਨ 2024 ਨੂੰ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ ਅਤੇ ਉਨ੍ਹਾਂ ਵੱਲੋਂ ਆਪਣੇ ਇਸ ਪੁੱਤਰ ਦਾ ਨਾਂਅ ਵੰਸ਼ ਰੱਖਿਆ ਗਿਆ। ਲਗਭਗ 11 ਮਹੀਨੇ ਦੇ ਵੰਸ਼ ਨੂੰ ਜਦੋਂ 16 ਮਈ ਦੀ ਸਵੇਰੇ 9 ਵਜੇ ਤਿਆਰ ਕਰਦੇ ਹੋਏ ਉਸ ਦੀ ਮਾਤਾ ਨੇ ਬੈਡ ’ਤੇ ਬਿਠਾਇਆ ਤਾਂ ਉਹ ਅਚਾਨਕ ਹੇਠਾਂ ਉਤਰਨ ਦੀ ਕੋਸ਼ਿਸ਼ ਵਿੱਚ ਸਿਰ ਦੇ ਭਾਰ ਡਿੱਗ ਗਿਆ ਜਿਸ ਤੋਂ ਬਾਅਦ ਉਸ ਨੂੰ ਸੰਗਰੂਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਉਹ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਲੈ ਲਿਆਂਦਾ ਗਿਆ।

Read Also : Welfare: ਡੇਰਾ ਪ੍ਰੇਮੀ ਨੇ ਜ਼ਰੂਰਤਮੰਦ ਮਰੀਜ਼ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ

ਟੋਨੀ ਬਾਂਸਲ ਨੇ ਦੱਸਿਆ ਕਿ ਪੀਜੀਆਈ ਵਿਖੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਬੱਚੇ ਦਾ ਬ੍ਰੇਨ ਡੈਡ ਹੋ ਚੁੱਕਿਆ ਹੈ ਅਤੇ ਹੁਣ ਉਸ ਨੂੰ ਬਚਾਇਆ ਨਹੀਂ ਜਾ ਸਕਦਾ ਹੈ ਪਰ ਉਸ ਦੇ ਸਰੀਰ ਵਿੱਚ ਅੰਗ ਕੰਮ ਕਰ ਰਹੇ ਹਨ। ਪੀਜੀਆਈ ਦੇ ਡਾਕਟਰਾਂ ਨੇ ਟੋਨੀ ਬੰਸਲ ਨੂੰ ਦੱਸਿਆ ਕਿ ਪੀਜੀਆਈ ਵਿੱਚ ਹੀ ਕੁਝ ਬੱਚੇ ਵੱਖ-ਵੱਖ ਅੰਗ ਖਰਾਬ ਹੋਣ ਦੇ ਕਾਰਨ ਮੌਤ ਅਤੇ ਜਿੰਦਗੀ ਦੀ ਲੜਾਈ ਲੜ ਰਹੇ ਹਨ ਜੇਕਰ ਉਨ੍ਹਾਂ ਦੇ ਬੱਚੇ ਵੰਸ਼ ਦੇ ਸਰੀਰ ਦੇ ਅੰਗ ਉਨ੍ਹਾਂ ਜ਼ਰੂਰਤਮੰਦ ਬੱਚਿਆਂ ਨੂੰ ਮਿਲ ਜਾਣ ਤਾਂ ਉਹਨਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।

Organ Donation

ਟੋਨੀ ਬੰਸਲ ਨੇ ਇਸ ਬਾਰੇ ਤੁਰੰਤ ਆਪਣੀ ਪਤਨੀ ਪ੍ਰੇਮ ਲਤਾ ਅਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਸਾਰੇ ਪਰਿਵਾਰਿਕ ਮੈਂਬਰਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦੇ ਵੱਲੋਂ ਦੱਸੇ ਗਏ ਨਕਸ਼ੇ ਕਦਮ ’ਤੇ ਚੱਲਣ ਵਾਲੇ ਹਨ। ਉਨ੍ਹਾਂ ਕਿਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਉਨ੍ਹਾਂ ਨੂੰ ਇਹੀ ਸਿੱਖਿਆ ਦਿੱਤੀ ਗਈ ਹੈ ਕਿ ਸਰੀਰ ਦੇ ਅੰਗ ਦਾਨ ਕਰਨ ਦੇ ਨਾਲ-ਨਾਲ ਸਰੀਰਦਾਨ ਵੀ ਕੀਤਾ ਜਾਵੇ। ਇਸ ਲਈ ਉਹ ਆਪਣੇ ਬੱਚੇ ਵੰਸ਼ ਦੇ ਸਾਰੇ ਅੰਗਦਾਨ ਕਰਨ ਦੇ ਨਾਲ-ਨਾਲ ਮੈਡੀਕਲ ਖੋਜਾਂ ਲਈ ਸਰੀਰ ਵੀ ਦਾਨ ਕਰਨ ਲਈ ਤਿਆਰ ਹਨ। ਪਰਿਵਾਰਕ ਮੈਂਬਰਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਪੀਜੀਆਈ ਦੇ ਡਾਕਟਰਾਂ ਵੱਲੋਂ ਵੰਸ਼ ਦੇ ਸਰੀਰ ਵਿੱਚੋਂ ਜ਼ਰੂਰਤ ਅਨੁਸਾਰ ਅੰਗ ਲੈਂਦੇ ਹੋਏ ਜ਼ਰੂਰਤ ਮੰਦ ਬੱਚਿਆਂ ਨੂੰ ਦੇ ਦਿੱਤੇ ਹਨ। ਇਸ ਨਾਲ ਹੀ ਮੈਡੀਕਲ ਖੋਜਾਂ ਲਈ ਪੀਜੀਆਈ ਦੇ ਵਿੱਚ ਵੰਸ਼ ਦਾ ਪੂਰਾ ਸਰੀਰਦਾਨ ਲੈਣ ਲਈ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਪੀਜੀਆਈ ਦੇ ਡਾਕਟਰਾਂ ਵੱਲੋਂ ਜਿੱਥੇ ਵੰਸ਼ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਉਥੇ ਹੀ ਡੇਰਾ ਸੱਚਾ ਸੌਦਾ ਦੀ ਵੀ ਪ੍ਰਸ਼ੰਸ਼ਾ ਕੀਤੀ ਕਿ ਇੰਨੀ ਵੱਡੀ ਸੰਸਥਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾ ਰਹੀ ਪ੍ਰੇਰਨਾ ਸਦਕਾ ਪਰਿਵਾਰਾਂ ਵੱਲੋਂ ਐਨੇ ਵੱਡੇ ਫੈਸਲੇ ਲਏ ਜਾ ਰਹੇ ਹਨ। ਪੀਜੀਆਈ ਦੇ ਡਾਕਟਰਾਂ ਵੱਲੋਂ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਜੀ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ ਹੈ।

ਡਾਕਟਰ ਤੇ ਸਟਾਫ਼ ਨੇ ਨਮ ਅੱਖਾਂ ਨਾਲ ਦਿੱਤੀ ਸਲਾਮੀ

ਪੀਜੀਆਈ ਦੇ ਡਾਕਟਰ ਤੇ ਸਟਾਫ ਵੱਲੋਂ ਬੱਚੇ ਨੂੰ ਵਿਦਾਇਗੀ ਦੇਣ ਮੌਕੇ ਸਲਾਮੀ ਦਿੱਤੀ ਗਈ। ਸਲਾਮੀ ਦੇਣ ਮੌਕੇ ਡਾਕਟਰ ਤੇ ਸਮੂਹ ਸਟਾਫ ਦੀਆਂ ਅੱਖਾਂ ਨਮ ਹੋ ਗਈਆਂ। ਡਾਕਟਰ ਦਾ ਕਹਿਣਾ ਸੀ ਕਿ ਇਸ ਬੱਚੇ ਦੀ ਮਿਸਾਲ ਹਮੇਸ਼ਾ ਦਿੱਤੀ ਜਾਇਆ ਕਰੇਗੀ ਕਿਉਂਕਿ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਇਸ ਬੱਚੇ ਦੇ ਅੰਗ ਵੱਖ-ਵੱਖ ਬੱਚਿਆਂ ਵਿੱਚ ਹੋਣ ਕਰਕੇ ਇਹ ਬੱਚਾ ਹਮੇਸ਼ਾ ਦੁਨੀਆਂ ਵਿੱਚ ਜਿੰਦਾ ਰਹੇਗਾ।