CISF Issue: ਪੰਜਾਬ ਦਾ ਪਾਣੀ ਅਤੇ ਪੈਸਾ ਲੁੱਟਣ ਦਾ ਯਤਨ ਕਰ ਰਹੀ ਹੈ ਕੇਂਦਰ ਸਰਕਾਰ : ਮੁੱਖ ਮੰਤਰੀ
- ਪਰਸੋਂ ਇਹ ਮੁੱਦਾ ਨੀਤੀ ਆਯੋਗ ਦੀ ਮੀਟਿੰਗ ਪ੍ਰਧਾਨ ਮੰਤਰੀ ਮੂਹਰੇ ਰੱਖਣ ਦਾ ਐਲਾਨ | CISF Issue
CISF Issue: ਸੰਗਰੂਰ (ਗੁਰਪ੍ਰੀਤ ਸਿੰਘ)। ਪੰਜਾਬ ਵਿੱਚ ਭਾਖੜਾ ਡੈਮ ਤੇ ਕੇਂਦਰੀ ਫੋਰਸਾਂ ਲਾ ਕੇ ਬੀਜੇਪੀ ਪੰਜਾਬ ਦਾ ਪਾਣੀ ਚੋਰੀ ਕਰਨਾ ਚਾਹੁੰਦੀ ਹੈ ਪਰ ਅਸੀਂ ਅਜਿਹੇ ਕਦੇ ਵੀ ਨਹੀਂ ਹੋਣ ਦੇਵਾਂਗੇ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਨਾਲ ਸਬੰਧਿਤ ਮੰਤਰਾਲੇ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਕੇਂਦਰੀ ਸੁਰੱਖਿਆ ਏਜੰਸੀ ਸੀਆਈਐਸ ਐਫ਼ ਦੀਆਂ 296 ਪੋਸਟਾਂ ਭਾਖੜਾ ਡੈਮ ਨੰਗਲ ਪ੍ਰਾਜੈਕਟ ਦੀ ਰੱਖਿਆ ਲਈ ਤਾਇਨਾਤ ਕੀਤੀਆਂ ਗਈਆਂ ਜਿਸ ਦੇ ਹਿਸਾਬ ਨਾਲ ਇੱਕ ਸਾਲ ਵਿੱਚ ਇੱਕ ਪੋਸਟ ਦਾ ਖਰਚਾ 2 ਲੱਖ 90 ਹਜ਼ਾਰ 100 ਰੁਪਏ ਬਣਦਾ ਹੈ ਜਿਸ ਹਿਸਾਬ ਨਾਲ 8 ਕਰੋੜ 58 ਲੱਖ 69 ਹਜ਼ਾਰ 600 ਰੁਪਏ ਸੀਆਈਐਸਐਫ਼ ਦੇ ਖਾਤੇ ਵਿੱਚ ਜ਼ਮਾਂ ਕਰਵਾ ਦਿੱਤੇ ਜਾਣ। ਮਾਨ ਨੇ ਕਿਹਾ ਕਿ ਇੱਕ ਤਾਂ ਸਾਡਾ ਪਾਣੀ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜਾ ਉਲਟਾ ਸਾਡੇ ਹੀ ਇਨਾਂ ਕੇਂਦਰੀ ਸੁਰੱਖਿਆ ਫੋਰਸਾਂ ਲਈ ਪੈਸਾ ਮੰਗਿਆ ਜਾ ਰਿਹਾ ਹੈ। CISF Issue
Read Also : Zero Electricity Bill: ਜੀਰੋ ਬਿਜਲੀ ਬਿੱਲ ਦੇ ਚੱਕਰ ‘ਚ ਲੱਖਾਂ ਦਾ ਨੁਕਸਾਨ, ਬਿਜਲੀ ਵਿਭਾਗ ਕਰ ਰਿਹੈ ਕਾਰਵਾਈ
ਮੁੱਖ ਮੰਤਰੀ ਕਿਹਾ ਕਿ ਅਸੀਂ ਹਰਗਿਜ਼ ਕੋਈ ਪੈਸਾ ਨਹੀਂ ਦੇਵਾਂਗੇ ਅਤੇ ਨਾ ਹੀ ਬੀਬੀਐਮਬੀ ਨੂੰ ਦੇਣ ਦੇਵਾਂਗੇ। ਉਨਾਂ ਕਿਹਾ ਕਿ ਜਦੋਂ ਨੰਗਲ ਡੈਮ ਦੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਉੱਥੇ ਕੇਂਦਰੀ ਫੋਰਸਾਂ ਕਿਉਂ ਲਾਈਆਂ ਜਾ ਰਹੀਆਂ ਹਨ। ਇਹ ਸਰਾਸਰ ਪੰਜਾਬ ਨਾਲ ਧੱਕਾ ਹੈ। ਇਸ ਮਾਮਲੇ ਨੂੰ ਪਰਸੋਂ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਇਹ ਮਾਮਲਾ ਚੁੱਕਿਆ ਜਾਵੇਗਾ।
CM Punjab
ਮੁੱਖ ਮੰਤਰੀ ਨੇ ਪੰਜਾਬ ਦੇ ਭਾਜਪਾ ਆਗੂਆਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ ਅਤੇ ਰਵਨੀਤ ਸਿੰਘ ਬਿੱਟੂ ਨੂੰ ਸਵਾਲ ਕਰਦਿਆਂ ਕਿਹਾ ਕਿ ਹੁਣ ਇਸ ਮਾਮਲੇ ਆਪਣਾ ਸਟੈਂਡ ਸਪਸ਼ਟ ਕਰਨ। ਤੇ ਉਹ ਆਪਣੀ ਪਾਰਟੀ ਦਾ ਸਾਥ ਦੇਣਗੇ ਜਾਂ ਪੰਜਾਬ ਦਾ ਕਿਉਂਕਿ ਆਲ ਪਾਰਟੀ ਦੀ ਮੀਟਿੰਗ ਵਿੱਚ ਇਨਾਂ ਸਭ ਆਗੂਆਂ ਨੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਨਾਲ ਖੜਣ ਦਾ ਦਾਅਵਾ ਕੀਤਾ ਸੀ। ਉਨਾਂ ਕਿਹਾ ਕਿ ਪਾਣੀ ਪੰਜਾਬ ਦੀ ਜੀਵਨ ਰੇਖਾ ਹੈ, ਜੇਕਰ ਇਸ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਭਾਜਪਾ ਤੇ ਕਰੜੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਭਾਜਪਾ ਪੰਜਾਬ ਨਾਲ ਨਫ਼ਰਤ ਕਰਦੀ ਹੈ ਕਿਉਂਕਿ ਜਦੋਂ ਤੋਂ ਕਿਸਾਨਾਂ ਵੱਲੋਂ ਤਿੰਨ ਖੇਤੀ ਨਾਲ ਸਬੰਧਿਤ ਬਿੱਲ ਵਾਪਿਸ ਕਰਵਾਏ ਸਨ, ਉਦੋਂ ਤੋਂ ਹੀ ਪੰਜਾਬ ਕੇਂਦਰ ਦੀਆਂ ਅੱਖਾਂ ਵਿੱਚ ਰੜਕ ਰਿਹਾ ਹੈ। ਕਦੇ ਆਰਡੀਐਫ ਦਾ ਪੈਸਾ ਰੋਕ ਲਿਆ ਜਾਂਦਾ ਹੈ, ਕਦੇ ਪਠਾਨਕੋਟ ਤੇ ਹੋਏ ਹਮਲੇ ਦੇ ਕਰੋੜਾਂ ਰੁਪਏ ਪੰਜਾਬ ਤੋਂ ਹੀ ਲਏ ਜਾਂਦੇ ਹਨ। ਉਨਾਂ ਕਿਹਾ ਕਿ ਜੇਕਰ ਭਾਜਪਾ ਦਾ ਵਸ ਚੱਲੇ ਤਾਂ ਉਹ ਰਾਸ਼ਟਰੀ ਗੀਤ ‘ਜਨ ਗਣ ਮਨ’ ਵਿਚੋਂ ਪੰਜਾਬ ਸ਼ਬਦ ਚੁੱਕ ਦੇਣ ਪਰ ਪੰਜਾਬ ਕਿਸੇ ਵੀ ਕੀਮਤ ਤੇ ਕੇਂਦਰ ਦੇ ਇਸ ਧੱਕੇਸ਼ਾਹੀ ਮੂਹਰੇ ਝੁਕੇਗਾ ਨਹੀਂ ਸਗੋਂ ਮੂੰਹ ਤੋੜਵਾਂ ਜਬਾਵ ਦੇਵੇਗਾ।
ਉਨਾਂ ਕਿਹਾ ਕਿ ਭਾਜਪਾ ਦੇਸ਼ ਦੇ ਕਿਸੇ ਵੀ ਫੈਡਰੇਲ ਢਾਂਚੇ ਨੂੰ ਨਹੀਂ ਮੰਨਦੀ, ਸਗੋਂ ਉਹ ਸੁਪਰੀਮ ਕੋਰਟ, ਸੀਬੀਆਈ, ਈਡੀ, ਇਲੈਕਸ਼ਨ ਕਮਿਸ਼ਨ ਤੇ ਪੂਰਾ ਆਪਣਾ ਕਬਜ਼ਾ ਹੈ ਅਤੇ ਇਨਾਂ ਤੋਂ ਮਨ ਮਰਜ਼ੀ ਨਾਲ ਕੰਮ ਕਰਵਾ ਰਹੀ ਹੈ ਪਰ ਪੰਜਾਬ ਅਜਿਹਾ ਨਹੀਂ ਕਰੇਗਾ। ਇਸ ਮੌਕੇ ਉਨਾਂ ਦੇ ਨਾਲ ਹੋਰ ਵੀ ਆਗੂ ਮੌਜ਼ੂਦ ਸਨ।