ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕੈਪਟਨ ਨੂੰ ਨਿੰਦਿਆ ਤੇ ਬਾਦਲ ਨੂੰ ਸਲਾਹਿਆ
ਅਸ਼ੋਕ ਗਰਗ, ਬਠਿੰਡਾ: ਸਥਾਨਕ ਮਿੰਨੀ ਸਕੱਤਰੇਤ ਮੂਹਰੇ ਪਿਛਲੇ ਚਾਰ ਦਿਨਾਂ ਤੋਂ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਰਜਾ ਮੁਆਫ ਨਾ ਕਰਨ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੋਂ ਟਾਲਾ ਵੱਟਣ ਦੇ ਵਿਰੋਧ ਧਰਨਾ ਲਗਾ ਕੇ ਲਗਾਤਾਰ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਹਨ।
ਅੱਜ ਦੇ ਧਰਨੇ ਵਿਚ ਕਿਸਾਨਾਂ ਦੇ ਨਾਲ ਨਾਲ ਵੱਡੀ ਗਿਣਤੀ ਔਰਤਾਂ ਨੇ ਪਹੁੰਚ ਕੇ ਗ੍ਰਿਫਤਾਰੀਆਂ ਦਿੱਤੀਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਕਾਕਾ ਸਿੰਘ ਕੋਟੜਾ, ਬੋਘਾ ਸਿੰਘ ਮਾਨਸਾ ਅਤੇ ਸੁਰਜੀਤ ਸਿੰਘ ਸੰਦੋਹਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ ਮੌਕੇ ਕਿਸਾਨਾਂ ਦੇ ਕਰਜਿਆਂ ਤੇ ਲਕੀਰ ਫੇਰਨ ਦੀ ਗੱਲ ਆਖੀ ਸੀ ਪਰ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਕਰਜਿਆਂ ਤੋਂ ਮੁਕਤ ਕਰਵਾਉਣ ਲਈ ਟਾਲਾ ਵੱਟ ਲਿਆ ਹੈ ਅਤੇ ਡਾ. ਸੁਆਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨ ਵਰਗੇ ਵਾਅਦਿਆਂ ਤੋਂ ਵੀ ਮੂੰਹ ਮੋੜ ਲਿਆ ਹੈ ਜਿਸ ਕਰਕੇ ਕਿਸਾਨ ਮੁੜ ਖੁਦਕਸ਼ੀਆਂ ਤੇ ਸੰਘਰਸ਼ਾਂ ਦੇ ਰਾਹ ਪੈ ਗਏ ਹਨ
ਕਿਸਾਨ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਿਆਂ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੰਗਾ ਕਹਿਣਾ ਪੈ ਰਿਹਾ ਹੈ ਕਿਉਂ ਕਿ ਬਾਦਲ ਸਾਹਿਬ ਤਾਂ ਕਿਸਾਨਾਂ ਦੀ ਗੱਲ ਸੁਣ ਲੈਂਦੇ ਸਨ ਪਰ ਕੈਪਟਨ ਉਨ੍ਹਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਆਗੂ ਰੇਸ਼ਮ ਸਿੰਘ ਯਾਤਰੀ ਅਤੇ ਜਗਸੀਰ ਸਿੰਘ ਗਹਿਰੀ ਭਾਗੀ ਨੇ ਆਖਿਆ ਕਿ ਮੁੱਖ ਮੰਤਰੀ ਆਪਣੇ ਵਾਅਦੇ ਤੋਂ ਭੱਜਣਾ ਚਾਹੁੰਦੇ ਹਨ ਪਰ ਉਸ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ ਅਤੇ ਉਹ ਕਿਰਸਾਨੀ ਮੰਗਾਂ ਨੂੰ ਹੱਲ ਕਰਵਾ ਕੇ ਦਮ ਲੈਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।