King Land Sangrur: ਮਜ਼ਦੂਰਾਂ ਵੱਲੋਂ ਥਾਂ-ਥਾਂ ’ਤੇ ਪ੍ਰਦਰਸ਼ਨ, ਪੁਲਿਸ ਨੇ ਸੈਂਕੜੇ ਮਜ਼ਦੂਰਾਂ ਨੂੰ ਲਿਆ ਹਿਰਾਸਤ ਵਿੱਚ
- ਸੰਗਰੂਰ ਨੇੜੇ ਸੋਹੀਆਂ ਬੀੜ ਨੇੜੇ ਪੁਲਿਸ ਵੱਲੋਂ ਭਾਰੀ ਬੈਰੀਕੇਡਿੰਗ | King Land Sangrur
King Land Sangrur: ਸੰਗਰੂਰ (ਗੁਰਪ੍ਰੀਤ ਸਿੰਘ)। ਮਜ਼ਦੂਰਾਂ ਦੀ ਜਥੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਗਰੂਰ ਨੇੜਲੀ 900 ਤੋਂ ਵੱਧ ਏਕੜ ਦੀ ਬੀੜ ਦੀ ਜ਼ਮੀਨ ਜਿਸ ਨੂੰ ਰਾਜੇ ਦੀ ਜ਼ਮੀਨ ਵੀ ਕਿਹਾ ਜਾਂਦਾ ਹੈ, ’ਤੇ ਕਬਜ਼ਾ ਕਰਕੇ ਬੇਜ਼ਮੀਨੇ ਮਜ਼ਦੂਰਾਂ ਨੂੰ ਦੇਣ ਦੇ ਐਲਾਨ ਪਿੱਛੋਂ ਹਰਕਤ ਵਿੱਚ ਆਈ ਪੁਲਿਸ ਨੇ ਮਜ਼ਦੂਰਾਂ ਦਾ ਇਹ ਸੰਘਰਸ਼ ਫੇਲ੍ਹ ਕਰ ਦਿੱਤਾ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਸੰਗਰੂਰ ਵੱਲ ਆ ਰਹੇ ਸੈਂਕੜੇ ਮਜ਼ਦੂਰਾਂ ਵਿੱਚ ਹਿਰਾਸਤ ਵਿੱਚ ਲੈ ਲਿਆ।
ਹਾਸਲ ਜਾਣਕਾਰੀ ਮੁਤਾਬਕ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿਛਲੇ ਦਿਨੀਂ ਇਹ ਐਲਾਨ ਕੀਤਾ ਸੀ ਕਿ ਸੰਗਰੂਰ ਨੇੜਲੇ ਸੋਹੀਆਂ ਬੀੜ ਦੀ ਜ਼ਮੀਨ ਨੂੰ ਉਹ 20 ਮਈ ਨੂੰ ਚਿਰਾਗ ਲਾ ਕੇ ਬੇਜ਼ਮੀਨੇ ਮਜ਼ਦੂਰਾਂ ਨੂੰ ਵੰਡ ਦੇਣਗੇ। ਇਸ ਐਲਾਨ ਦੇ ਮੱਦੇਨਜ਼ਰ ਸੰਗਰੂਰ ਅਤੇ ਨੇੜਲੇ ਜ਼ਿਲ੍ਹਿਆਂ ਦੀ ਪੁਲਿਸ ਨੇ ਸੰਗਰੂਰ ਨੂੰ ਚਾਰੇ ਪਾਸਿਓਂ ਪੁਲਿਸ ਨਾਕੇ ਲਾ ਕੇ ਸੀਲ ਕਰ ਦਿੱਤਾ ਅਤੇ ਕਿਸੇ ਵੀ ਮਜ਼ਦੂਰ ਆਗੂ ਨੂੰ ਬੀੜ ਦੇ ਨੇੜੇ ਪਹੁੰਚਣ ਨਹੀਂ ਦਿੱਤਾ।
King Land Sangrur
ਐਲਾਨ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਮਾਲੇਰਕੋਟਲਾ, ਲੁਧਿਆਣਾ, ਬਰਨਾਲਾ ਸਮੇਤ ਕਈ ਜ਼ਿਲ੍ਹਿਆਂ ਵਿੱਚੋਂ ਮਜ਼ਦੂਰ ਆਗੂਆਂ ਨੇ ਸੰਗਰੂਰ ਵੱਲ ਨੂੰ ਚਾਲੇ ਪਾ ਦਿੱਤੇ ਪਰ ਪੁਲਿਸ ਵੱਲੋਂ ਸੰਗਰੂਰ-ਬਠਿੰਡਾ ਮੁੱਖ ਮਾਰਗ ਤੋਂ ਲੈ ਕੇ ਆਸੇ ਪਾਸੇ ਸੜਕਾਂ ਤੇ ਵੱਡੇ ਪੱਧਰ ਤੇ ਬੈਰੀਕੇਡ ਲਾ ਕੇ ਰਸਤੇ ਰੋਕ ਦਿੱਤੇ। ਰਸਤੇ ਰੋਕਣ ਕਾਰਨ ਆਮ ਲੋਕਾਂ ਨੂੰ ਵੱਡੇ ਪੱਧਰ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਬੱਸਾਂ ਤੇ ਹੋਰ ਵਾਹਨਾਂ ਨੂੰ ਪਿੰਡਾਂ ਵਿੱਚੋਂ ਦੀ ਲੈ ਕੇ ਆਉਣਾ ਪਿਆ।
ਇਹ ਪਤਾ ਲੱਗਿਆ ਹੈ ਕਿ ਆਸੇ ਪਾਸਿਓਂ ਪੁਲਿਸ ਨੇ ਸੈਂਕੜੇ ਮਜ਼ਦੂਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕੁਝ ਮਜ਼ਦੂਰਾਂ ਨੂੰ ਮਹਿਲਾਂ ਥਾਣੇ ਅਤੇ ਕੁਝ ਨੂੰ ਦਿੜ੍ਹਬਾ ਥਾਣੇ ਵਿੱਚ ਰੱਖਿਆ ਹੋਇਆ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁੱਖ ਆਗੂ ਮੁਕੇਸ਼ ਮਲੌਦ ਅਤੇ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਧੜਾ ਧੜ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਪਤਾ ਲੱਗਿਆ ਹੈ ਕਿ ਮੁੱਖ ਆਗੂ ਰੂਪੋਸ਼ ਹੋ ਗਏ ਹਨ।
ਸੋਹੀਆਂ ਬੀੜ ਨੇੜੇ ਪੁਲਿਸ ਬੈਰੀਕੇਡ ਦੀ ਅਗਵਾਈ ਕਰ ਰਹੇ ਡੀ.ਐਸ.ਪੀ. ਤੇਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਤੇ ਇਹ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਸੋਹੀਆਂ ਬੀੜ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਅਸੀਂ ਹਾਈਕੋਰਟ ਦੇ ਹੁਕਮਾਂ ਤਹਿਤ ਇਸ ਦੇ ਨੇੜੇ ਇਕੱਠ ਨਹੀਂ ਹੋਣ ਦੇਣਾ। ਪੁਲਿਸ ਨੇ ਬੈਰੀਕੇਡਾਂ ਦੇ ਨਾਲ ਮਿੱਟੀ ਦੇ ਟਿੱਪਰ ਤੇ ਹੋਰ ਸਮਾਨ ਵੀ ਖੜ੍ਹਾਇਆ ਹੋਇਆ ਸੀ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਰਸ਼ ਅਤੇ ਮਹਿਲਾ ਪੁਲਿਸ ਕਰਮਚਾਰੀ ਵੱਖ ਵੱਖ ਥਾਈਂ ਨਾਕਿਆਂ ਤੇ ਖੜ੍ਹੇ ਸਨ।