ਰਾਮ ਗੋਪਾਲ ਰਾਏਕੋਟੀ, ਰਾਏਕੋਟ: ਸਥਾਨਕ ਸ਼ਹਿਰ ਤੋਂ ਪਿੰਡ ਸਾਹਿਬਾਜਪੁਰਾ ਨੂੰ ਜਾਂਦੀ ਲਿੰਕ ਸੜਕ ਉੱਪਰ ਸਥਿਤ ਬਸਤੀ ‘ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੁਹੱਲਾ ਨਿਵਾਸੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀ ਰਘਵੀਰ ਸਿੰਘ, ਰਾਜਿੰਦਰ ਸਿੰਘ ਕਾਕਾ, ਮਲਕੀਤ ਸਿੰਘ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਇਆ ਗਿਆ ਨਾਲਾ ਬੰਦ ਪਿਆ ਹੈ। ਜਿਸ ਦੀ ਸਫਾਈ ਲਈ ਉਨਾਂ ਵੱਲੋਂ ਕਈ ਵਾਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਸੈਨੀਟੇਸ਼ਨ ਇੰਸਪੈਕਟਰ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਨਾਲੇ ਦੀ ਸਫਾਈ ਨਹੀਂ ਹੋਈ। ਨਾਲੇ ਦੀ ਗੰਦਗੀ ਤੋਂ ਤੰਗ ਆ ਕੇ ਮੁਹੱਲਾ ਵਾਸੀਆਂ ਨੇ ਪੈਸੇ ਇੱਕਠੇ ਕਰਕੇ ਨਾਲੇ ਦੀ ਸਫਾਈ ਦਾ ਕੰਮ ਖੁਦ ਕਰਵਾਇਆ, ਪ੍ਰੰਤੂ ਗੰਦੇ ਪਾਣੀ ਦੀ ਅੱਗੇ ਨਿਕਾਸੀ ਨਾ ਹੋਣ ਕਾਰਨ ਸਥਿੱਤੀ ਪਹਿਲਾ ਵਾਲੀ ਹੋ ਗਈ ਹੈ। ਇਸ ਮੌਕੇ ਮੇਜਰ ਸਿੰਘ, ਸਤਪਾਲ ਸ਼ਰਮਾਂ, ਜਗਤਾਰ ਸਿੰਘ, ਅਮਰਜੀਤ ਸਿੰਘ ਕੁਤਬਾ, ਅਜਮੇਰ ਸਿੰਘ, ਨਰਿੰਦਰ ਗਿਰੀ ਆਦਿ ਹਾਜ਼ਰ ਸਨ।
ਕੀ ਕਹਿੰਦੇ ਹਨ ਕਾਰਜ ਸਾਧਕ ਅਫਸਰ
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਸ਼ਹਿਰ ‘ਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਮਾਜੂਦ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਪੰਜਾਬ ਸਰਕਾਰ ਨੂੰ ਐਸਟੀਮੇਟ ਬਣਾ ਕੇ ਭੇਜਿਆ ਗਿਆ ਹੈ। ਜਿੱਥੋਂ ਤੱਕ ਉਕਤ ਨਾਲੇ ਦੀ ਸਫਾਈ ਕਰਨ ਦੀ ਗੱਲ ਹੈ, ਇਸ ਸਬੰਧੀ ਉਨਾਂ ਦੇ ਧਿਆਨ ਵਿੱਚ ਕੋਈ ਗੱਲ ਨਹੀਂ ਹੈ। ਉਨਾਂ ਕਿਹਾ ਕਿ ਮੁਲਾਜਮਾਂ ਦੀ ਕਮੀ ਹੋਣ ਕਰਕੇ ਸ਼ਹਿਰ ਦੀ ਸਫਾਈ ਤੋਂ ਕਈ ਥਾਵਾਂ ਰਹਿ ਜਾਂਦੀਆਂ ਹਨ।
ਕੀ ਕਹਿੰਦੇ ਹਨ ਸੈਨੀਟੇਸ਼ਨ ਇੰਸਪੈਕਟਰ
ਇਸ ਸਬੰਧੀ ਜਦੋਂ ਸੈਨੀਟੇਸ਼ਨ ਇੰਸਪੈਕਟਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਕਤ ਮੁਹੱਲਾ ਨਿਵਾਸੀਆਂ ਨੇ ਨਾਲੇ ਦੀ ਸਫਾਈ ਸਬੰਧੀ ਉਨਾਂ ਦੇ ਧਿਆਨ ਵਿੱਚ ਤਾਂ ਲਿਆਦਾ ਸੀ, ਪਰ 15 ਅਗਸਤ ਦੀਆਂ ਤਿਆਰੀਆਂ ‘ਚ ਮੁਲਾਜਮਾਂ ਦੀ ਡਿਊਟੀਆਂ ਲੱਗੀਆਂ ਹੋਣ ਕਰਕੇ ਉਹ ਇਸ ਨਾਲੇ ਦੀ ਸਫਾਈ ‘ਚ ਦੇਰੀ ਹੋਈ ਹੈ ਪਰੰਤੂ ਹੁਣ ਨਾਲੇ ਦੀ ਸਫਾਈ ਲਈ ਕਰਮਚਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਜਲਦੀ ਮੁਕੰਮਲ ਹੋ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।