ਪਿੰਡ ਜਿਉਂਦ ਦੇ ਕਿਸਾਨ ਨੇ 9 ਅਗਸਤ ਨੂੰ ਕੀਤੀ ਸੀ ਖੁਦਕੁਸ਼ੀ
ਅਮਿਤ ਗਰਗ, ਰਾਮਪੁਰਾ ਫੂਲ:ਜਿਉਦ ਪਿੰਡ ਦੇ ਕਿਸਾਨ ਖੁਦਕੁਸ਼ੀ ਮਾਮਲੇ ਚ ਆੜਤੀਏ ਸੁਰੇਸ਼ ਕੁਮਾਰ ਖਿਲਾਫ਼ ਪਰਚਾ ਦਰਜ ਹੋਣ ਦੇ ਰੋਸ ਵਿਚ ਆਏ ਵਪਾਰੀਆ ਨੇ ਆਪਣੀਆ ਦੁਕਾਨਾਂ ਬੰਦ ਕਰਕੇ ਬਠਿੰਡਾ-ਚੰਡੀਗੜ ਹਾਈਵੇ ਤੇ ਜਾਮ ਲਾਇਆ । ਧਰਨੇ ਦੀ ਅਗਵਾਈ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ, ਆੜਤੀਆ ਯੂਨੀਅਨ ਦੇ ਪ੍ਰਧਾਨ ਜਗਦੇਵ ਸਿੰਘ ਕਰ ਰਹੇ ਸਨ|
ਜਿ਼ਕਰਯੋਗ ਹੈ ਕਿ ਬੀਤੀ 9 ਅਗਸਤ ਨੂੰ ਪਿੰਡ ਜਿਉਂਦ ਦੇ ਕਿਸਾਨ ਟੇਕ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਇਸ ਕਿਸਾਨ ਨੇ ਆੜ੍ਹਤੀਏ ਸੁਰੇਸ਼ ਕੁਮਾਰ ਦਾ ਪੰਜ ਲੱਖ ਰੁਪਏ ਦੇਣਾ ਸੀ। ਆੜ੍ਹਤੀਏ ਨੇ ਇਸ ਸਬੰਧੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੋਇਆ ਸੀ। ਮ੍ਰਿਤਕ ਨੇ ਖੁਦਕੁਸ਼ੀ ਨੋਟ ਵਿੱਚ ਆੜ੍ਹਤੀਏ ਸੁਰੇਸ਼ ਕੁਮਾਰ ਤੇ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਆੜ੍ਹਤੀਏ ਸੁਰੇਸ਼ ਖਿਲਾਫ਼ ਅਧੀਨ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਪਰਚੇ ਨੂੰ ਰੱਦ ਕਰਵਾਉਣ ਲਈ ਸ਼ਹਿਰ ਦੇ ਸਮੂਹ ਆੜ੍ਹਤੀਆਂ ਅਤੇ ਵਪਾਰ ਮੰਡਲ ਵੱਲੋਂ ਦੁਕਾਨਾਂ ਬੰਦ ਕਰਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕੀਤਾ। ਇਸ ਮੌਕੇ ਵਪਾਰੀ ਪ੍ਰਸ਼ੋਤਮ ਮੰਨੂ, ਬੌਬੀ ਗਰਗ, ਰਾਜੇਸ਼ ਕੁਮਾਰ ਟੀਨਾ, ਮੁਕੇਸ਼ ਕੁਮਾਰ ਬੀਕੇਓ, ਜਸਵੰਤ ਰਾਏ ਬੱਲੋਂ, ਅਸ਼ੋਕ ਕੁਮਾਰ ਆੜ੍ਹਤੀਆ, ਅਮਰਜੀਤ ਸ਼ਰਮਾ, ਸਨੀ ਬਾਹੀਆ, ਰੌਬੀ ਬਾਂਸਲ, ਲਵਲੀ ਗੋਇਲ, ਸੱਤਪਾਲ ਗਰਗ ਅਤੇ ਹੋਰ ਵਪਾਰੀ ਹਾਜ਼ਰ ਸਨ।
ਦੂਜੇ ਪਾਸੇ ਮ੍ਰਿਤਕ ਕਿਸਾਨ ਦੇ ਹੱਕ ਵਿੱਚ ਨਿੱਤਰਦਿਆਂ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਸਦਰ ਥਾਣਾ ਅੱਗੇ ਧਰਨਾ ਲਾ ਕੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਆੜ੍ਹਤੀਏ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਮਾਸਟਰ ਸੁਖਦੇਵ ਸਿੰਘ ਜਵੰਦਾ, ਨੈਬ ਸਿੰਘ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।