ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Sardar Hari Singh Nalwa
Sardar Hari Singh Nalwa: ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਹਰੀ ਸਿੰਘ ਨਲਵਾ ਦਾ ਪੂਰਾ ਨਾਂਅ ਹਰੀ ਸਿੰਘ ਸੀ। ਉਨ੍ਹਾਂ ਦਾ ਜਨਮ 1791 ਈ. ਵਿੱਚ ਪੰਜਾਬ ਦੇ ਮਾਝਾ ਖੇਤਰ ਦੇ ਗੁੱਜਰਾਂਵਾਲਾ ਵਿਖੇ ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਗੁਰਦਿਆਲ ਸਿੰਘ ਸੀ। ਜੋ ਕਿ 1798 ਈ. ਵਿੱਚ ਹਰੀ ਸਿੰਘ ਨੂੰ ਛੋਟੇ ਹੁੰਦਿਆਂ ਹੀ ਛੱਡ ਗਏ ਸਨ। ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣ ਕਾਰਨ ਹਰੀ ਸਿੰਘ ਨੇ ਬਹੁਤ ਸਮਾਂ ਮਾਮੇ ਦੇ ਘਰ ਹੀ ਗੁਜ਼ਾਰਿਆ। ਉਸ ਸਮੇਂ ਉਨ੍ਹਾਂ ਦੀ ਉਮਰ ਸੱਤ ਸਾਲ ਦੀ ਸੀ। ਉਨ੍ਹਾਂ ਨੂੰ ਫ਼ਾਰਸੀ ਤੇ ਗੁਰਮੁਖੀ ਦਾ ਕਾਫ਼ੀ ਗਿਆਨ ਪ੍ਰਾਪਤ ਸੀ ਇੱਕ ਵਾਰ 1805 ਈ. ਵਿੱਚ ਇੱਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤਬ ਦਿਖਾਉਣ ਲਈ ਕਰਵਾਇਆ ਸੀ।
ਇਹ ਖਬਰ ਵੀ ਪੜ੍ਹੋ : Canada Federal Election 2025: ਲਿਬਰਲ ਪਾਰਟੀ ਨੂੰ ਲੋਕ ਫਤਵਾ
ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਘੋੜ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨੇਬਾਜ਼ੀ ਆਦਿ ਦੇ ਸ਼ਾਹੀ ਦਰਬਾਰ ਕਰਵਾਉਂਦੇ ਹੁੰਦੇ ਸਨ। ਇਸ ਵਿੱਚ ਸ. ਹਰੀ ਸਿੰਘ ਨਲਵੇ ਨੇ ਪਹਿਲੀ ਵਾਰ ਆਪਣੇ ਕਰਤਬ ਦਿਖਾਏ। ਇਨ੍ਹਾਂ ਕਰਤਬਾਂ ਨੂੰ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਹਰੀ ਸਿੰਘ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਆਪਣੀ ਸ਼ੇਰਦਿਲ ਨਾਮੀ ਰੈਜਮੈਂਟ ਵਿੱਚ ਹਰੀ ਸਿੰਘ ਨੂੰ ਸਰਦਾਰੀ ਦੇ ਦਿੱਤੀ ਮਿਸਟਰ ਐਨ. ਕੇ. ਸਿਨਹਾ ਆਪਣੀ ਲਿਖਤ ‘ਤਾਰੀਖ਼’ ਵਿੱਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਂਅ ਨਾਲ ਨਲਵਾ ਉਪਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ। Sardar Hari Singh Nalwa
ਮੇਲਾਨਾ ਅਹਿਮਦ ਦੀਨ ਆਪਣੀ ਕਿਤਾਬ ‘ਮੁਕੰਮਲ ਤਾਰੀਖ- ਕਸ਼ਮੀਰ’ ਵਿੱਚ ਲਿਖਦੇ ਹਨ ਕਿ ਨਲਵੇ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ। ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ, ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਇਨ੍ਹਾਂ ਦਾ ਨਾਂਅ ਵੀ ਰਾਜਾ ਨਲ ਸਾਨੀ ਪੈ ਗਿਆ।
ਸਰਦਾਰ ਜੀ ਦੇ ਨਾਂਅ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਕਿਹਾ ਜਾਂਦਾ ਹੈ ਕਿ ਅਫਗਾਨ ਲੋਕ ਕਥਾਵਾਂ ਵਿੱਚ, ਮਾਵਾਂ ਨਲਵੇ ਦੇ ਨਾਂਅ ਦੀ ਵਰਤੋਂ ਆਪਣੇ ਬੱਚਿਆਂ ਨੂੰ ਡਰਾਉਣ ਤੇ ਸ਼ਾਂਤ ਕਰਨ ਲਈ ਕਰਦੀਆਂ ਸਨ। ਮਾਵਾਂ ਵਿੱਚ ਇੱਕ ਆਮ ਕਹਾਵਤ ਇਹ ਹੈ: ‘ਜੇ ਤੁਸੀਂ ਰੋਣਾ ਬੰਦ ਨਹੀਂ ਕਰਦੇ, ਤਾਂ ਹਰੀਆ ਰਾਗਲੇ (ਹਰੀ ਸਿੰਘ ਨਲਵਾ) ਅੱਗੇ ਆ ਜਾਣਗੇ’ ਇਤਿਹਾਸਕਾਰ ਡਾ. ਸਤੀਸ਼ ਕੇ. ਕਪੂਰ ਨੇ ਕਿਹਾ ਕਿ ਨਲਵਾ ਨੇ ਕਈ ਸਫਲ ਲੜਾਈਆਂ ਲੜੀਆਂ, ਜਿਸ ਤੋਂ ਬਾਅਦ ਅਫਗਾਨਾਂ ਨੇ ਆਪਣੇ ਇਲਾਕੇ ਗੁਆ ਦਿੱਤੇ। 1807 ਦੀ. ਵਿੱਚ ਕਸੂਰ ਦੀ ਜਿੱਤ ਬਦਲੇ ਹਰੀ ਸਿੰਘ ਨੂੰ ਜਾਗੀਰ ਮਿਲੀ। 1810 ਸੀ. ਵਿੱਚ ਮੁਲਤਾਨ ਦੀ ਲੜਾਈ ਵਿੱਚ ਮਹਾਨ ਤੇ ਭਿਆਨਕ ਕੰਮ ਸ. ਹਰੀ ਸਿੰਘ ਤੇ ਹੋਰ ਬਹਾਦਰ ਸਿੰਘਾਂ ਨੇ ਬੜੀ ਨਿੱਡਰਤਾ ਤੇ ਦਲੇਰੀ ਨਾਲ ਸਿਰੇ ਚਾੜਿ੍ਹਆ। Sardar Hari Singh Nalwa
ਇਸ ਜੰਗ ਵਿੱਚ ਸ. ਹਰੀ ਸਿੰਘ ਨੇ ਜ਼ਖ਼ਮੀ ਹੁੰਦਿਆਂ ਵੀ ਹੌਂਸਲਾ ਨਾ ਹਾਰਿਆ। 1818 ਈ. ਵਿੱਚ ਮੁਲਤਾਨ ਦੀ ਆਖਰੀ ਜਿੱਤ ਸੀ ਜਿਸ ਵਿੱਚ ਹਰੀ ਸਿੰਘ ਨੇ ਬਹਾਦਰੀ ਦਿਖਾਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਂਅ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ। ਇਹ ਅਧਿਕਾਰ ਖ਼ਾਲਸਾ ਰਾਜ ਵਿੱਚ ਕੇਵਲ ਹਰੀ ਸਿੰਘ ਨੂੰ ਹੀ ਮਿਲਿਆ। ਨੌਸ਼ਹਿਰਾ ਦੀ ਲੜਾਈ ਵਿੱਚ ਹਰੀ ਸਿੰਘ ਦੀ ਜਿੱਤ ਬਾਰੇ ਸਰ ਅਲੈਗਜੈਂਡਰ ਬਰਨਜ਼ ਤੇ ਮੌਲਵੀ ਸਾਹਨਤ ਅਲੀ ਲਿਖਦੇ ਹਨ ਕਿ ਖ਼ਾਲਸੇ ਦੀਆਂ ਇਹ ਸਫ਼ਲਤਾਈਆਂ ਐਸੇ ਅਸਧਾਰਨ ਕਾਰਨਾਮੇ ਸਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ। ਪਿਸ਼ਾਵਰ ਦੀ ਜੰਗ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਨਲਵੇ ਤੇ ਕੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪਿਸ਼ਾਵਰ ’ਤੇ ਹੱਲਾ ਬੋਲਣ ਲਈ ਆਖਿਆ।
27 ਅਪਰੈਲ ਸੰਨ 1834 ਈ. ਨੂੰ ਸਰਦਾਰ ਹਰੀ ਸਿੰਘ ਨੇ ਬੜੀ ਸਫ਼ਲਤਾ ਨਾਲ ਦਰਿਆ ਅਟਕ ਤੋਂ ਬੇੜੀਆਂ ਰਾਹੀਂ ਖ਼ਾਲਸਾ ਫੌਜ ਪਾਰ ਕਰਵਾਈ। ਇਤਿਹਾਸਕਾਰ ਲਿਖਦੇ ਹਨ ਕਿ ਇਸ ਜਿੱਤ ਦੀ ਖੁਸ਼ੀ ਵਿੱਚ ਪਿਸ਼ਾਵਰ ਦੇ ਮੁਸਲਮਾਨਾਂ ਤੇ ਹਿੰਦੂਆਂ ਨੇ ਇਸ ਰਾਤ ਦੀਪਮਾਲਾ ਕੀਤੀ, ਕਿਉਂਕਿ ਉਨ੍ਹਾਂ ਨੇ ਬਾਰਕਜਈਆਂ ਹੱਥੋਂ ਛੁਟਕਾਰਾ ਪਾਇਆ ਸੀ। ਜਿੱਤਣ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵੇ ਨੇ ਸਭ ਤੋਂ ਪਹਿਲਾਂ ਹਿੰਦੂਆਂ ਤੇ ਸਿੱਖਾਂ ਉੁਪਰ ਔਰੰਗਜੇਬ ਨੇ ਜੋ ਪ੍ਰਤੀ ਸਿਰ ਇੱਕ ਦੀਨਾਰ (ਚਾਰ ਮਾਸੇ ਦਾ ਸੋਨੇ ਦਾ ਸਿੱਕਾ) ਜਜ਼ੀਆ ਲਾਇਆ ਹੋਇਆ ਸੀ, ਪੂਰੀ ਤਰ੍ਹਾਂ ਹਟਾ ਦਿੱਤਾ। ਹਰੀ ਸਿੰਘ ਨਲਵਾ ਨੇ ਰਾਜ ਪ੍ਰਬੰਧ ਚੰਗੀ ਤਰ੍ਹਾਂ ਚਲਾਉਣਾ ਸ਼ੁਰੂ ਕਰ ਦਿੱਤਾ। Sardar Hari Singh Nalwa
ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਦੇ ਸੂਬੇ ਵਿੱਚ ਵੀ ਆਪਣੇ ਨਾਂਅ ਦਾ ਸਿੱਕਾ ਚਲਾਉਣ ਦਾ ਹੁਕਮ ਦਿੱਤਾ। ਇਹ ਵਡਿਆਈ ਸ. ਹਰੀ ਸਿੰਘ ਨਲਵੇ ਨੂੰ ਦੂਜੀ ਵਾਰ ਮਿਲੀ। ਸਰਦਾਰ ਹਰੀ ਸਿੰਘ ਨੇ 30 ਅਪਰੈਲ ਜਮਰੌਦ ਦੇ ਜੰਗੀ ਮੈਦਾਨ ਵਿੱਚ ਪਹੁੰਚ ਕੇ ਅਫ਼ਗਾਨਾਂ ਉੱਪਰ ਹਮਲਾ ਕਰ ਦਿੱਤਾ। ਇਸ ਜੰਗ ਵਿੱਚ ਅਫ਼ਗਾਨਾਂ ਪਾਸੋਂ ਸ. ਹਰੀ ਸਿੰਘ ਨਲਵੇ ਨੇ 14 ਤੋਪਾਂ ਵੀ ਖੋਹ ਲਈਆਂ, ਜਦੋਂ ਸਾਰੇ ਅਫਗਾਨ ਦੌੜ ਕੇ ਲੁਕ ਗਏ ਤਾਂ ਹਰੀ ਸਿੰਘ ਨਲਵਾ ਖ਼ਾਲਸਾ ਫੌਜ ਨੂੰ ਕਿਲ੍ਹਾ ਜਮਰੌਦ ਦੇ ਕੈਂਪ ’ਚ ਆਰਾਮ ਦਿਵਾਉਣ ਲਈ ਲੈ ਗਿਆ। ਅਚਾਨਕ ਹਰੀ ਸਿੰਘ ਨਲਵੇ ਦਾ ਬਾਡੀਗਾਰਡ ਸਰਦਾਰ ਅਜਾਇਬ ਸਿੰਘ ਗੁਫ਼ਾ ਵੱਲ ਵਧਿਆ ਤਾਂ ਗੁਫ਼ਾ ਵਿੱਚ ਛੁਪੇ ਅਫਗਾਨ ਨੇ ਅਜਾਇਬ ਸਿੰਘ ਦੇ ਗੋਲੀ ਮਾਰੀ। ਬਾਡੀਗਾਰਡ ਉੱਥੇ ਹੀ ਢੇਰੀ ਹੋ ਗਿਆ। Sardar Hari Singh Nalwa
ਇਸੇ ਸਮੇਂ ਸ. ਹਰੀ ਸਿੰਘ ਨੇ ਆਪਣਾ ਘੋੜਾ ਅੱਗੇ ਕੀਤਾ ਤਾਂ ਗੁਫ਼ਾ ਵਿਚੋਂ ਹੋਰ ਗੋਲੀਆਂ ਚੱਲੀਆਂ ਜਿਸ ਵਿਚੋਂ ਦੋ ਗੋਲੀਆਂ ਨਲਵੇ ਦੇ ਲੱਗੀਆਂ। ਸਰਦਾਰ ਹਰੀ ਸਿੰਘ ਨਲਵਾ ਨੇ ਫੱਟੜ ਹੋਣ ਦੇ ਬਾਵਜ਼ੂਦ ਬੜੇ ਹੌਂਸਲੇ ਨਾਲ ਘੋੜੇ ਦੀਆਂ ਵਾਗਾਂ ਕਿਲ੍ਹਾ ਜਮਰੌਦ ਵੱਲ ਮੋੜ ਲਈਆਂ ਤੇ ਸਿੱਧੇ ਕਿਲ੍ਹੇ ਵਿੱਚ ਪਹੁੰਚ ਗਏ। ਇਹ ਸਮਾਂ 30 ਅਪਰੈਲ 1837 ਦੀ ਰਾਤ ਦਾ ਸੀ। ਸ. ਹਰੀ ਸਿੰਘ ਨਲਵੇ ਨੇ ਸਾਰਿਆਂ ਨੂੰ ਇਕੱਠਾ ਕਰਕੇ ਇਨ੍ਹਾਂ ਕਾਲੇ ਪਰਬਤਾਂ ਵਿੱਚ ਖ਼ਾਲਸਾਈ ਝੰਡੇ ਦੀ ਇੱਜ਼ਤ-ਆਬਰੂ ਕਾਇਮ ਰੱਖਣ ਲਈ ਅਖੀਰਲੇ ਸਵਾਸਾਂ ਤੱਕ ਡਟੇ ਰਹਿਣ ਦੀ ਪ੍ਰੇਰਨਾ ਦਿੱਤੀ। ਇਹ ਵੀ ਆਖਿਆ ਕਿ ਮੇਰੀ ਮੌਤ ਦੀ ਖ਼ਬਰ ਗੁਪਤ ਰੱਖਣੀ, ਇਸ ਨਾਲ ਖ਼ਾਲਸੇ ਦੀ ਫੌਜੀ ਸ਼ਕਤੀ ਬਰਕਰਾਰ ਰਹੇਗੀ। ਸ. ਮਹਾਂ ਸਿੰਘ ਨੇ ਸਰਦਾਰ ਨਲਵਾ ਦੀ ਆਖਰੀ ਇੱਛਾ ਅਨੁਸਾਰ ਭੇਦ ਗੁਪਤ ਰੱਖਣ ਲਈ ਰਾਤੋ-ਰਾਤ ਕਿਲ੍ਹੇ ਦੀ ਚੜ੍ਹਦੀ ਨੁਕਰ ਵੱਲ ਸਾਦੇ ਢੰਗ ਨਾਲ ਕਨਾਤਾਂ ਦੇ ਅੰਦਰ ਸਸਕਾਰ ਕਰ ਦਿੱਤਾ। ਜਮਰੌਦ ਦੀ ਲੜਾਈ ਨਲਵੇ ਦੀ ਅੰਤਿਮ ਲੜਾਈ ਸਾਬਤ ਹੋਈ।
ਆਰੀਆ ਭੱਟ ਕਾਲਜ, ਬਰਨਾਲਾ
ਗਗਨਦੀਪ ਕੌਰ ਧਾਲੀਵਾਲ