Cabinet Ministers Punjab: ਬਿਨਾਂ ਜਾਣਕਾਰੀ ਅਤੇ ਚਰਚਾ ਤੋਂ ਹੀ ਪਾਸ ਹੋ ਰਹੇ ਹਨ ਜ਼ਿਆਦਾਤਰ ਏਜੰਡੇ
- ਕੈਬਨਿਟ ਮੀਟਿੰਗ ’ਚ ਮੌਕੇ ’ਤੇ ਹੀ ਮਿਲਦੇ ਹਨ ਏਜੰਡੇ, ਮੰਤਰੀ ਪੜ੍ਹ ਵੀ ਨਹੀਂ ਪਾਉਂਦੇ ਏਜੰਡੇ | Cabinet Ministers Punjab
Cabinet Ministers Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕਈ ਕੈਬਨਿਟ ਮੰਤਰੀ ਅੱਜ-ਕਲ੍ਹ ਵਿਭਾਗਾਂ ਦੇ ਉੱਚ ਅਧਿਕਾਰੀਆਂ ਤੋਂ ਹੀ ਨਰਾਜ਼ ਚੱਲਦੇ ਆ ਰਹੇ ਹਨ, ਕਿਉਂਕਿ ਕੈਬਨਿਟ ਮੀਟਿੰਗ ਤੋਂ ਪਹਿਲਾਂ ਕਿਸੇ ਵੀ ਕੈਬਨਿਟ ਮੰਤਰੀ ਕੋਲ ਮੀਟਿੰਗ ਵਿੱਚ ਪੇਸ਼ ਹੋਣ ਵਾਲੇ ਏਜੰਡੇ ਦੀ ਕਾਪੀ ਹੀ ਨਹੀਂ ਪਹੁੰਚਦੀ ਹੈ, ਜਿਸ ਕਾਰਨ ਮੌਕੇ ’ਤੇ ਹੀ ਮਿਲਣ ਵਾਲੇ ਏਜੰਡੇ ਦੀ ਕਾਪੀ ਨੂੰ ਬਿਨਾਂ ਪੜੇ੍ਹ ਹੀ ਕਈ ਕੈਬਨਿਟ ਮੰਤਰੀਆਂ ਵੱਲੋਂ ਸਿਰਫ਼ ਪਾਸ ਕਰਨ ਲਈ ਹਾਮੀ ਭਰੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕਿਸੇ ਵੀ ਸੂਬੇ ਵਿੱਚ ਲਾਗੂ ਹੋਣ ਵਾਲੇ ਨਿਯਮ ਅਤੇ ਕਾਨੂੰਨ ਸਣੇ ਆਮ ਲੋਕਾਂ ਲਈ ਲਏ ਜਾਣ ਵਾਲੇ ਹਰ ਫੈਸਲੇ ਨੂੰ ਸਭ ਤੋਂ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਹੀ ਪਾਸ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵਿਭਾਗਾਂ ਵੱਲੋਂ ਅਗਲੀ ਕਾਰਵਾਈ ਨੂੰ ਕੀਤਾ ਜਾਂਦਾ ਹੈ। ਆਮ ਤੌਰ ’ਤੇ ਪੰਜਾਬ ਵਿੱਚ ਕੈਬਨਿਟ ਮੀਟਿੰਗ ਤੋਂ ਇੱਕ ਜਾਂ ਫਿਰ ਦੋ ਦਿਨ ਪਹਿਲਾਂ ਮੀਟਿੰਗ ਵਿੱਚ ਪੇਸ਼ ਹੋਣ ਵਾਲੇ ਏਜੰਡੇ ਦੀ ਲਿਸਟ ਅਤੇ ਏਜੰਡੇ ਦੀ ਕਾਪੀ ਸਾਰੇ ਕੈਬਨਿਟ ਮੰਤਰੀ ਕੋਲ ਪਹੁੰਚ ਜਾਂਦੀ ਸੀ ਤਾਂਕਿ ਕੈਬਨਿਟ ਮੰਤਰੀ ਹਰ ਏਜੰਡੇ ਨੂੰ ਪੜ੍ਹਨ ਤੋਂ ਬਾਅਦ ਉਸ ’ਤੇ ਆਪਣੇ ਵਿਚਾਰ ਰੱਖਣ ਲਈ ਤਿਆਰੀ ਕਰਕੇ ਆਉਣ। Cabinet Ministers Punjab
Read Also : Indus River Treaty: ਸਿੰਧ ਦਰਿਆ ਸੰਧੀ ’ਤੇ ਪਾਬੰਦੀ ਨਾਲ ਪੰਜਾਬ ਨੂੰ ਹੋਵੇਗਾ ਫਾਇਦਾ
ਪਿਛਲੀਆਂ ਸਰਕਾਰਾਂ ਵਿੱਚ ਏਜੰਡੇ ਪਹਿਲਾਂ ਮਿਲਣ ਕਰਕੇ ਸਾਰੇ ਕੈਬਨਿਟ ਮੰਤਰੀ ਮੀਟਿੰਗ ਤੋਂ ਪਹਿਲਾਂ ਤਿਆਰੀ ਕਰਕੇ ਵੀ ਆਉਂਦੇ ਸਨ ਅਤੇ ਕਈ ਵਾਰ ਤਾਂ ਕੈਬਨਿਟ ਮੀਟਿੰਗ ਵਿੱਚ ਮੰਤਰੀਆਂ ਵੱਲੋਂ ਏਜੰਡੇ ਵਿੱਚ ਘਾਟ ਕੱਢਦੇ ਹੋਏ ਏਜੰਡੇ ਨੂੰ ਪਾਸ ਕਰਨ ਤੋਂ ਰੋਕਿਆ ਵੀ ਜਾਂਦਾ ਰਿਹਾ ਹੈ ਪਰ ਹੁਣ ਕੁਝ ਸਾਲਾਂ ਤੋਂ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਕੈਬਨਿਟ ਮੀਟਿੰਗ ਤੋਂ ਪਹਿਲਾਂ ਨਾ ਹੀ ਆਪਣੇ ਏਜੰਡੇ ਤਿਆਰ ਕੀਤੇ ਜਾਂਦੇ ਹਨ ਅਤੇ ਨਾ ਹੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਕੋਲ ਏਜੰਡੇ ਭੇਜੇ ਜਾ ਰਹੇ ਹਨ।
ਟੇਬਲ ਏਜੰਡੇ ਪੇਸ਼ ਕਰਨ ਦਾ ਟਰੈਂਡ ਘਾਤਕ
ਇੱਕ ਕੈਬਨਿਟ ਮੰਤਰੀ ਨੇ ਨਰਾਜ਼ਗੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਪਿਛਲੀਆਂ ਕਈ ਕੈਬਨਿਟ ਮੀਟਿੰਗਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਕਿ ਅਧਿਕਾਰੀਆਂ ਵੱਲੋਂ ਮੀਟਿੰਗ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਏਜੰਡਾ ਦਿੱਤਾ ਜਾਂਦਾ ਹੈ, ਜਿਸ ਨੂੰ ਸਰਕਾਰੀ ਕਾਗ਼ਜ਼ਾਤ ਵਿੱਚ ਟੇਬਲ ਏਜੰਡਾ ਵੀ ਕਿਹਾ ਜਾਂਦਾ ਹੈ ਪਰ ਇਹ ਟੇਬਲ ਏਜੰਡੇ ਦੇ ਟੇ੍ਰਂਡ ਕਾਫ਼ੀ ਜਿਆਦਾ ਘਾਤਕ ਵੀ ਸਾਬਤ ਹੋ ਸਕਦਾ ਹੈ, ਕਿਉਂਕਿ ਅੱਧੇ ਤੋਂ ਜਿਆਦਾ ਕੈਬਨਿਟ ਮੰਤਰੀ ਸਾਰੇ ਏਜੰਡੇ ਨੂੰ ਪੜ ਹੀ ਨਹੀਂ ਪਾਉਂਦੇ ਹਨ।
ਜਿਸ ਕਾਰਨ ਅਧਿਕਾਰੀ ਉਹ ਏਜੰਡੇ ਵਿੱਚ ਕੀ ਲਿਖ ਕੇ ਲੈ ਕੇ ਆ ਰਹੇ ਹਨ, ਇਸ ਬਾਰੇ ਜਿਆਦਾ ਜਾਣਕਾਰੀ ਕੈਬਨਿਟ ਮੰਤਰੀਆਂ ਨੂੰ ਹੁੰਦੀ ਹੀ ਨਹੀਂ । ਇਸ ਕੈਬਨਿਟ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਅਧਿਕਾਰੀ ਆਪਣੀ ਡਿਊਟੀ ਭੁੱਲ ਗਏ ਹਨ ਅਤੇ ਕਦੇ ਕਦਾਈਂ ਕੋਈ ਐਮਰਜੈਂਸੀ ਵਿੱਚ ਟੇਬਲ ਏਜੰਡਾ ਆਏ ਤਾਂ ਗੱਲ ਵੱਖਰੀ ਹੁੰਦੀ ਹੈ ਪਰ ਹਰ ਮੀਟਿੰਗ ਵਿੱਚ 80 ਫੀਸਦੀ ਤੋਂ ਜਿਆਦਾ ਏਜੰਡੇ ਮੌਕੇ ’ਤੇ ਹੀ ਦਿੱਤੇ ਜਾਣ, ਇਹ ਗਲਤ ਟੇ੍ਰਂਡ ਹੈ ਅਤੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਵੀ ਹੋਣੀ ਬਣਦੀ ਹੈ।