Bathinda News: ਬਠਿੰਡਾ (ਸੁਖਜੀਤ ਮਾਨ)। ਸਥਾਨਕ ਬਠਿੰਡਾ-ਮਾਨਸਾ ਰੋਡ ’ਤੇ ਗੁਰਮੁਖੀ ਚੌਂਕ ਨੇੜੇ ਇੰਡਸਟਰੀਅਲ ਏਰੀਏ ’ਚ ਇੱਕ ਫਰਨੀਚਰ ਫੈਕਟਰੀ ’ਚ ਅੱਜ ਸਵੇਰੇ ਕਰੀਬ 10 ਵਜੇ ਭਿਆਨਕ ਅੱਗ ਲੱਗ ਗਈ। ਫੈਕਟਰੀ ’ਚ ਪਏ ਸਮਾਨ ਨੂੰ ਲੱਗੀ ਅੱਗ ਕਾਰਨ ਧੂੰਏ ਦੇ ਗੁੰਬਾਰ ਅਸਮਾਨੀ ਚੜ੍ਹ ਗਏ। ਦੇਖਣ ’ਚ ਲੱਗਦਾ ਸੀ ਕਿ ਅੱਗ ਬੁਝਾਉਣ ’ਚ ਕਾਫੀ ਸਮਾਂ ਲੱਗੇਗਾ ਪਰ ਮੌਕੇ ’ਤੇ ਪੁੱਜੇ ਬਲਾਕ ਬਠਿੰਡਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਫਾਇਰ ਬ੍ਰਿਗੇਡ ਟੀਮ ਦੀ ਮੱਦਦ ਕਰਦਿਆਂ ਕਰੀਬ ਅੱਧੇ ਘੰਟੇ ’ਚ ਹੀ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਅੱਗ ਲੱਗਣ ਦੀ ਇਸ ਘਟਨਾ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ। ਅੱਗ ਲੱਗਣ ਦੇ ਮੁਕੰਮਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।
Read Also : ਨਸ਼ੇ ਦਾ ਕਹਿਰ: ਹੰਝੂ ਭਰੀਆਂ ਅੱਖਾਂ ਨਾਲ 64 ਸਾਲਾ ਦਰਸ਼ਨਾ ਦੇਵੀ ਨੇ ਬਿਆਨ ਕੀਤੀ ਦਰਦਨਾਕ ਦਾਸਤਾਂ
ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਜਿਸ ਇੰਡਸਟਰੀਅਲ ਏਰੀਏ ’ਚ ਅੱਗ ਲੱਗੀ ਸੀ, ਉੱਥੇ ਨੇੜੇ ਰਹਿਣ ਵਾਲੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਭੀਮ ਸੈਨ ਇੰਸਾਂ ਨੇ ਉਹਨਾਂ ਨੂੰ ਫੋਨ ’ਤੇ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ ਤਾਂ ਤੁਰੰਤ ਹੋਰ ਸੇਵਾਦਾਰਾਂ ਨੂੰ ਸੂਚਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਅੱਗ ਭਿਆਨਕ ਹੋਣ ਕਰਕੇ ਜ਼ਿਆਦਾਤਰ ਸੇਵਾਦਾਰ ਵਰਦੀ ਆਦਿ ਪਹਿਨਣ ’ਚ ਦੇਰੀ ਕਰਨ ਦੀ ਥਾਂ ਘਟਨਾ ਸਥਾਨ ਵੱਲ ਦੌੜ ਪਏ ਤਾਂ ਜੋ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।
Bathinda News
ਕੁਝ ਸੇਵਾਦਾਰ ਜੋ ਬਾਅਦ ’ਚ ਆਏ ਉਹ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਵਰਦੀ ਪਾ ਕੇ ਪੁੱਜੇ, ਜਿੰਨ੍ਹਾਂ ਨੇ ਸਭ ਨੇ ਰਲ ਕੇ ਫਾਇਰ ਬ੍ਰਿਗੇਡ ਟੀਮ ਦੀ ਮੱਦਦ ਕਰਦਿਆਂ ਅੱਗ ’ਤੇ ਕਾਬੂ ਪਾਇਆ। ਸੇਵਾਦਾਰਾਂ ਨੇ ਅੱਗ ’ਚੋਂ ਬਲਣਸ਼ੀਲ ਚੀਜਾਂ ਨੂੰ ਬਾਹਰ ਕੱਢਿਆ ਤਾਂ ਜੋ ਅੱਗ ਹੋਰ ਤੇਜ਼ ਨਾ ਹੋਵੇ । ਫਾਇਰ ਮੈਨ ਬਲਕਰਨ ਸਿੰਘ ਅਤੇ ਲਖਵੀਰ ਸਿੰਘ ਸਮੇਤ ਹੋਰ ਟੀਮ ਮੈਂਬਰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਅੱਗ ਪੂਰੀ ਤਰ੍ਹਾਂ ਬੁਝਣ ਤੱਕ ਡਟੇ ਰਹੇ। ਉਹਨਾਂ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਬ ਸਟੇਸ਼ਨ ’ਤੇ ਮਿਲੀ ਤਾਂ ਇੱਕ ਗੱਡੀ ਅੱਗ ਬੁਝਾਉਣ ਲਈ ਪੁੱਜੀ ਪਰ ਅੱਗ ਜ਼ਿਆਦਾ ਹੋਣ ਕਰਕੇ ਮੁੱਖ ਫਾਇਰ ਬ੍ਰਿਗੇਡ ਦਫ਼ਤਰ ’ਚੋਂ ਇੱਕ ਹੋਰ ਗੱਡੀ ਅਤੇ ਗੋਨਿਆਣਾ, ਸੰਗਤ ਮੰਡੀ ਅਤੇ ਕੋਟਸ਼ਮੀਰ ਵਾਲੀ ਗੱਡੀ ਸਮੇਤ 5 ਗੱਡੀਆਂ ਲਗਾ ਕੇ ਅੱਗ ’ਤੇ ਕਾਬੂ ਪਾਇਆ ਗਿਆ।
ਸੇਵਾਦਾਰਾਂ ਦਾ ਸਾਨੂੰ ਬਹੁਤ ਸਹਾਰਾ ਹੈ : ਫਾਇਰ ਮੈਨ | Bathinda News
ਫਾਇਰਮੈਨ ਲਖਵੀਰ ਸਿੰਘ ਨੇ ਅੱਗ ਬੁਝਾਉਣ ’ਚ ਮੱਦਦ ਲਈ ਜੁਟੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਸਾਨੂੰ ਇਹਨਾਂ ਸੇਵਾਦਾਰਾਂ ਦਾ ਬਹੁਤ ਸਹਾਰਾ ਹੈ’। ਜਦੋਂ ਵੀ ਕਿਤੇ ਸ਼ਹਿਰ ’ਚ ਵੱਡੀ ਘਟਨਾ ਹੁੰਦੀ ਹੈ ਤਾਂ ਇਹ ਸੇਵਾਦਾਰ ਮੌਕੇ ’ਤੇ ਪੁੱਜ ਕੇ ਮੱਦਦ ਕਰਦੇ ਹਨ।

ਅੱਗ ਬੁਝਾਉਣ ’ਚ ਮੱਦਦ ਲਈ ਸੇਵਾਦਾਰਾਂ ਦਾ ਧੰਨਵਾਦ : ਕੌਂਸਲਰ
ਵਾਰਡ ਨੰਬਰ 16 ਦੇ ਕੌਂਸਲਰ ਬਲਰਾਜ ਸਿੰਘ ਪੱਕਾ ਨੇ ਦੱਸਿਆ ਕਿ ਜਦੋਂ ਹੀ ਉਹਨਾਂ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਹਨਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤਾਂ ਟੀਮਾਂ ਮੌਕੇ ’ਤੇ ਪੁੱਜੀਆਂ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਤੇ ਹੋਰ ਨੇੜਲੇ ਲੋਕ ਵੀ ਪੁੱਜੇ ਜਿੰਨ੍ਹਾਂ ਨੇ ਅੱਗ ਬੁਝਾਉਣ ’ਚ ਪੂਰੀ ਮੱਦਦ ਕੀਤੀ। ਉਹਨਾਂ ਇਸ ਮੱਦਦ ਲਈ ਸੇਵਾਦਾਰਾਂ ਸਮੇਤ ਹੋਰਨਾਂ ਲੋਕਾਂ ਦਾ ਧੰਨਵਾਦ ਕੀਤਾ।