ਪੂਜਨੀਕ ਗੁਰੂ ਜੀ ਦੇ ਬਚਨਾਂ ਨੇ ਬਦਲੀ ਲਵਪ੍ਰੀਤ ਦੀ ਜ਼ਿੰਦਗੀ | Sangrur News
Sangrur News: ਸੰਗਰੂਰ (ਗੁਰਪ੍ਰੀਤ ਸਿੰਘ)। ਕਹਿੰਦੇ ਨੇ ਸੋਨਾ ਭੱਠੀ ਵਿੱਚ ਤਪ ਕੇ ਗਹਿਣਾ ਬਣਦਾ ਹੈ। ਜ਼ਿੰਦਗੀ ਕਦੇ ਕਿਸੇ ਲਈ ਵੀ ਆਸਾਨ ਨਹੀਂ ਰਹੀ। ਕਈ ਜ਼ਿੰਦਗੀ ਦੀਆਂ ਇਨ੍ਹਾਂ ਔਕੜਾਂ ਨੂੰ ਵੇਖ ਆਪਣੀ ਜ਼ਿੰਦਗੀ ਦੀ ਕਿਤਾਬ ਹੀ ਬੰਦ ਕਰ ਦਿੰਦੇ ਹਨ ਪਰ ਕਈ ਅਜਿਹੇ ਵੀ ਹੁੰਦੇ ਹਨ, ਜਿਹੜੇ ਇਸ ਜ਼ਿੰਦਗੀ ਦੀ ਕਿਤਾਬ ਦੇ ਪੰਨੇ ਪਲਟ ਦਿੰਦੇ ਹਨ ਅਤੇ ਅਗਲੇ ਸਫ਼ਿਆਂ ’ਤੇ ਜ਼ਿੰਦਗੀ ਉਨ੍ਹਾਂ ਨੂੰ ਖੂਬਸੂਰਤ ਨਜ਼ਾਰੇ ਵੀ ਦਿਖਾਉਂਦੀ ਹੈ। ਜ਼ਿੰਦਗੀ ਦੀ ਕਿਤਾਬ ਦੇ ਅਜਿਹੇ ਹੀ ਪੰਨੇ ਪਲਟੇ ਹਨ, ਸੰਗਰੂਰ ਦੇ ਨੌਜਵਾਨ ਲਵਪ੍ਰੀਤ ਸਿੰਘ ਇੰਸਾਂ ਨੇ ਜਿਸ ਦੇ ਜੀਵਨ ਵਿੱਚ ਏਨੀਆਂ ਜ਼ਿਆਦਾ ਔਕੜਾਂ ਆਈਆਂ ਅਤੇ ਜਿਨ੍ਹਾਂ ਨੇ ਉਸ ਨੇ ਹੱਸ ਕੇ ਮੁਕਾਬਲਾ ਕੀਤਾ ਅਤੇ ਇਨ੍ਹਾਂ ਔਕੜਾਂ ਤੇ ਜਿੱਤ ਹਾਸਲ ਕੀਤੀ।
10 ਮਾਰਚ 1993 ਵਿੱਚ ਜਨਮੇ ਲਵਪ੍ਰੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਸਦੀ ਆਰੰਭਲੀ ਜ਼ਿੰਦਗੀ ਬਹੁਤ ਹੀ ਵਧੀਆ ਨਿੱਕਲੀ। ਉਹ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦਾ ਹੋਣਹਾਰ ਵਿਦਿਆਰਥੀ ਰਿਹਾ ਅਤੇ ਭੰਗੜੇ ਦਾ ਨੈਸ਼ਨਲ ਪੱਧਰ ਦਾ ਕਲਾਕਾਰ ਰਿਹਾ। ਉਸ ਨੇ ਦੱਸਿਆ ਕਿ ਉਸ ਨੇ ਇਲੈਕਟ੍ਰੀਕਲ ਵਿੱਚ ਡਿਪਲੋਮਾ ਹਾਸਲ ਕੀਤਾ ਅਤੇ ਬਿਜਲੀ ਬੋਰਡ ਵਿੱਚ ਠੇਕੇ ’ਤੇ ਭਰਤੀ ਹੋ ਗਿਆ ਤੇ ਉਸ ਦਾ ਵਿਆਹ ਵੀ ਹੋ ਗਿਆ।
Sangrur News
ਉਸ ਨੇ ਦੱਸਿਆ ਕਿ ਉਹ ਜੇਈ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਇੱਕ ਦਿਨ ਅਜਿਹਾ ਕੁਝ ਵਾਪਰਿਆ, ਜਿਸ ਨਾਲ ਉਸ ਦੀ ਸਮੁੱਚੀ ਜ਼ਿੰਦਗੀ ਪ੍ਰਭਾਵਿਤ ਹੋ ਗਈ। 10 ਨਵੰਬਰ 2019 ਨੂੰ ਡਿਊਟੀ ਦੌਰਾਨ ਉਸ ਨੂੰ ਬਿਜਲੀ ਦਾ ਜ਼ਬਰਦਸਤ ਕਰੰਟ ਲੱਗਿਆ, ਜਿਸ ਕਾਰਨ ਉਸ ਦੀ ਲੱਤ ਅਤੇ ਪੇਟ ਬਹੁਤ ਤਰ੍ਹਾਂ ਪ੍ਰਭਾਵਿਤ ਹੋ ਗਿਆ। ਇਹ ਝਟਕਾ ਏਨਾ ਜ਼ਬਰਦਸਤ ਸੀ ਕਿ ਉਸ ਨੂੰ ਲਗਾਤਾਰ ਤਿੰਨ ਸਾਲ ਬੈੱਡ ’ਤੇ ਰਹਿਣਾ ਪਿਆ ਅਤੇ ਉਸ ਦਾ ਲੱਖਾਂ ਰੁਪਏ ਇਲਾਜ ਦਾ ਖਰਚ ਹੋ ਗਿਆ। ਜਦੋਂ ਉਹ ਮੰਜੇ ਤੋਂ ਉੱਠਿਆ ਤਾਂ ਉਸ ਦੀ ਇੱਕ ਲੱਤ ਕੱਟ ਦਿੱਤੀ ਗਈ ਤੇ ਦੂਜੀ ਵਿੱਚ ਰਾਡ ਪਾ ਦਿੱਤੀ ਗਈ ਅਤੇ ਉਸ ਨੂੰ ਵੀਲ੍ਹਚੇਅਰ ਦੇ ਦਿੱਤੀ ਗਈ।
Read Also : Three in One MSG Bhandare: ਮਨੁੱਖਤਾ ਲਈ ਰੂਹਾਨੀ ਵਰਦਾਨ ਐੱਮਐੱਸਜੀ
ਲਵਪ੍ਰੀਤ ਨੇ ਦੱਸਿਆ ਕਿ ਜ਼ਿੰਦਗੀ ਦੀਆਂ ਔਕੜਾਂ ਘਟਣ ਦਾ ਨਾਂਅ ਹੀ ਨਹੀਂ ਲੈ ਰਹੀਆਂ ਸਨ ਕਿ ਉਸਦੀ ਟੈਨਸ਼ਨ ਵਿੱਚ 22 ਮਾਰਚ 2021 ਨੂੰ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਅਤੇ ਉਸ ਦੀ ਪਤਨੀ ਦਾ ਵੀ ਉਸ ਨਾਲੋਂ ਤਲਾਕ ਹੋ ਗਿਆ। ਉਸ ਨੇ ਦੱਸਿਆ ਕਿ ਇੱਕ ਤੋਂ ਬਾਅਦ ਇੱਕ ਲੱਗੇ ਇਨ੍ਹਾਂ ਝਟਕਿਆਂ ਕਾਰਨ ਉਸ ਨੂੰ ਲੱਗਿਆ ਕਿ ਹੁਣ ਉਸ ਦੀ ਜ਼ਿੰਦਗੀ ਵਿੱਚ ਕੁਝ ਨਹੀਂ ਰਿਹਾ।
Sangrur News
ਉਸ ਨੇ ਦੱਸਿਆ ਕਿ ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਹਾਸਲ ਕੀਤੀ ਹੋਈ ਸੀ। ਭਾਵੇਂ ਉਸ ਨੂੰ ਦੁੱਖ ਮਿਲ ਰਹੇ ਸਨ ਪਰ ਅੰਦਰੋਂ ਇੱਕ ਹੌਂਸਲਾ ਤੇ ਜਜ਼ਬਾ ਵੀ ਮਿਲਦਾ ਰਿਹਾ। ਪੂਜਨੀਕ ਗੁਰੂ ਜੀ ਦੇ ਵਾਰ-ਵਾਰ ਉਸ ਦੇ ਕੰਨਾਂ ਵਿੱਚ ਪਏ ਬਚਨਾਂ ਨੇ ਉਸ ਨੂੰ ਮੁੜ ਉੱਠਣ ਦਾ ਹੌਂਸਲਾ ਬਖ਼ਸ਼ਿਆ ਅਤੇ ਉਸ ਨੇ ਆਪਣਾ ਧਿਆਨ ਖੇਡਾਂ ਵੱਲ ਦੇਣਾ ਆਰੰਭ ਕੀਤਾ। ਦਿਵਿਆਂਗਾਂ ਨਾਲ ਸਬੰਧਿਤ ਖੇਡਾਂ ਅਤੇ ਮੁਕਾਬਲਿਆਂ ਵੱਲ ਉਸ ਦਾ ਧਿਆਨ ਹੋਣ ਲੱਗਿਆ। ਇੱਕ ਦਿਨ ਉਸ ਨੇ ਵੀਲ੍ਹਚੇਅਰ ਕ੍ਰਿਕਟ ਸਿੱਖਣ ਦਾ ਫੈਸਲਾ ਲਿਆ। ਭਾਵੇਂ ਉਸ ਨੇ ਕਦੇ ਬੈਟ ਨੂੰ ਹੱਥ ਵੀ ਨਹੀਂ ਲਾਇਆ ਸੀ ਪਰ ਪੂਜਨੀਕ ਗੁਰੂ ਜੀ ਵੱਲੋਂ ਬਖਸ਼ੇ ਹੌਂਸਲੇ ਕਾਰਨ ਉਸ ਨੇ ਹੌਲੀ-ਹੌਲੀ ਖੇਡਣਾ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਪ੍ਰੈਕਟਿਸ ਕਾਰਨ ਉਹ ਇੱਕ ਵਧੀਆ ਬੱਲੇਬਾਜ਼ ਬਣ ਗਿਆ।
ਉਸ ਨੇ ਚੰਡੀਗੜ੍ਹ ਵਿਖੇ ਵੀਲ੍ਹਚੇਅਰ ਟੀ 10 ਚੈਂਪੀਅਨਸ਼ਿਪ ਵਿੱਚ ਭਾਗ ਲੈਣ ਦਾ ਫੈਸਲਾ ਲਿਆ। ਉਥੇ ਉਸ ਨੂੰ ਕੁਝ ਹੋਰ ਵਿਅਕਤੀ ਵੀ ਅਜਿਹੇ ਮਿਲੇ, ਜਿਨ੍ਹਾਂ ਨੇ ਉਸ ਨੂੰ ਹੌਂਸਲਾ ਦਿੱਤਾ ਅਤੇ ਉਸ ਦੀ ਖੇਡ ਨੂੰ ਕਾਫੀ ਸਲਾਹਿਆ। ਉਸ ਨੇ ਇਸ ਪਿੱਛੋਂ ਕਈ ਟੂਰਨਾਮੈਂਟਾਂ ਵਿੱਚ ਭਾਗ ਲਿਆ ਅਤੇ ਆਪਣੀ ਵਧੀਆ ਕਾਰਗੁਜ਼ਾਰੀ ਕਾਰਨ ਹਰੇਕ ਦਾ ਧਿਆਨ ਆਪਣੇ ਵੱਲ ਖਿੱਚਿਆ।
ਲਵਪ੍ਰੀਤ ਨੇ ਦੱਸਿਆ ਕਿ ਪਿਛੇ ਜਿਹੇ ਉਸ ਨੇ ਨੈਸ਼ਨਲ ਵੀਲ੍ਹਚੇਅਰ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਚੰਡੀਗੜ੍ਹ ਵੱਲੋਂ ਖੇਡਦਿਆਂ ਬੇਹੱਦ ਵਧੀਆ ਪ੍ਰਦਰਸ਼ਨ ਕੀਤਾ, ਜਿਸ ਕਾਰਨ ਉਨ੍ਹਾਂ ਦੀ ਟੀਮ ਨੈਸ਼ਨਲ ਚੈਂਪੀਅਨ ਬਣ ਗਈ ਅਤੇ ਲਵਪ੍ਰੀਤ ਉਸ ਨੈਸ਼ਨਲ ਟੀਮ ਦਾ ਹਿੱਸਾ ਬਣਿਆ।
ਅੱਜ ਵੀ ਉਹ ਇੱਕ ਟੂਰਨਾਮੈਂਟ ਵਿੱਚ ਹਿੱਸਾ ਲੈਣ ਗਿਆ ਸੀ, ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਬੀਬੀ ਬਲਜੀਤ ਕੌਰ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।
ਕਦੇ ਹੌਂਸਲਾ ਨਹੀਂ ਛੱਡਣਾ ਚਾਹੀਦਾ : ਲਵਪ੍ਰੀਤ ਇੰਸਾਂ
ਗੱਲਬਾਤ ਕਰਦਿਆਂ ਲਵਪ੍ਰੀਤ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਪਿਤਾ ਜੀ ਅਪਾਰ ਦਇਆ-ਮਿਹਰ ਸਦਕਾ ਅੱਜ ਉਹ ਮੁੜ ਤੋਂ ਹੌਂਸਲੇ ਨਾਲ ਜ਼ਿੰਦਗੀ ਜਿਉਂ ਰਿਹਾ ਹੈ। ਉਸ ਨੇ ਦੱਸਿਆ ਕਿ ਸਾਨੂੰ ਕਦੇ ਵੀ ਹੌਂਸਲਾ ਨਹੀਂ ਛੱਡਣਾ ਚਾਹੀਦਾ, ਸਗੋਂ ਹਰੇਕ ਪ੍ਰਸਥਿਤੀ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਜੇਕਰ ਉਹ ਵੀ ਨਾ ਉੱਠਦਾ ਤਾਂ ਉਸ ਦੀ ਜ਼ਿੰਦਗੀ ਕਦੋਂ ਦੀ ਖ਼ਤਮ ਹੋ ਚੁੱਕੀ ਹੁੰਦੀ ਪਰ ਅੱਜ ਵੀ ਉਹ ਹਰ ਔਕੜ ਦਾ ਡਟ ਕੇ ਮੁਕਾਬਲਾ ਕਰ ਰਿਹਾ ਹੈ।