ਘਰ ਬੈਠੇ ਵੀ ਬਣ ਸਕੇਗਾ ਲਾਇਸੰਸ, 1076 ਨੰਬਰ ’ਤੇ ਕਰਨਾ ਪਏਗਾ ਫੋਨ : ਹਰਪਾਲ ਚੀਮਾ
Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਹੁਣ ਤੱਕ 7 ਦਿਨਾਂ ਦੇ ਅੰਦਰ-ਅੰਦਰ ਡਰਾਇਵਿੰਗ ਲਾਇਸੰਸ ਤਿਆਰ ਕਰਨਾ ਹੋਵੇਗਾ ਤਾਂ ਆਰਸੀ ਨੂੰ ਬਣਾਉਣ ਤੋਂ ਲੈ ਕੇ ਡਿਲਿਵਰੀ ਤੱਕ ਦੇਣ ਦਾ ਕੰਮ ਵੀ 21 ਦਿਨਾਂ ਵਿੱਚ ਮੁਕੰਮਲ ਕਰਨਾ ਪਏਗਾ। ਜਿਹੜੇ ਵੀ ਆਰਟੀਓ ਵਿਭਾਗ ਦੇ ਅਧਿਕਾਰੀ ਇਸ ਕੰਮ ਨੂੰ ਨਹੀਂ ਸਿਰੇ ਲਾਉਣਗੇ ਤਾਂ ਉਨ੍ਹਾਂ ਖ਼ਿਲਾਫ਼ ਨਾ ਸਿਰਫ਼ ਸਖ਼ਤ ਕਾਰਵਾਈ ਕੀਤੀ ਜਾਏਗੀ, ਸਗੋਂ ਉਨਾਂ ਦੀ ਛੁੱਟੀ ਕਰਦੇ ਹੋਏ ਘਰ ਤੱਕ ਭੇਜਿਆ ਜਾ ਸਕਦਾ ਹੈ। ਇਸ ਨਾਲ ਹੀ ਅਗਲੀ 25 ਅਪਰੈਲ ਤੱਕ ਸਾਰੀ ਪੈਡਿੰਗ ਪਈ ਡਰਾਇਵਿੰਗ ਅਤੇ ਆਰਸੀ ਦੀਆਂ ਅਰਜੀਆਂ ਵੀ ਨਿਪਟਾਉਣੀਆਂ ਪੈਣਗੀਆਂ।
ਇਹ ਐਲਾਨ ਪੰਜਾਬ ਦੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਵਾਹਨ ਅਤੇ ਸਾਰਥੀ ਸੇਵਾਵਾਂ ਸਮੇਤ ਹੋਰ ਨਾਗਰਿਕ-ਕੇਂਦ੍ਰਿਤ ਸੇਵਾਵਾਂ ਸਬੰਧੀ ਬਕਾਇਆ ਮਾਮਲਿਆਂ ਦਾ ਨਿਪਟਾਰਾ ਨਿਰਧਾਰਤ ਸਮਾਂ ਸੀਮਾ ਅੰਦਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਰਪਾਲ ਚੀਮਾ ਨੇ ਕਿਹਾ ਕਿ 25 ਅਪ੍ਰੈਲ ਤੋਂ ਬਾਅਦ ਵਿਭਾਗ ਵੱਲੋਂ ਇਹ ਸਾਰੀਆਂ ਸੇਵਾਵਾਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪ੍ਰਦਾਨ ਕੀਤੀਆਂ ਜਾਣਗੀਆਂ ਯਕੀਨੀ ਬਣਾਈਆਂ ਜਾਣਗੀਆਂ।
ਬੇਲੋੜੀ ਦੇਰੀ ਦੀ ਸੂਰਤ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ | Punjab News
ਟਰਾਂਸਪੋਰਟ ਵਿਭਾਗ ਵੱਲੋਂ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ’ਤੇ ਚਾਨਣਾ ਪਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਾਲ ਸੈਂਟਰ ਨੰਬਰ 1076 ਅਤੇ ਸੇਵਾ ਕੇਂਦਰਾਂ ਰਾਹੀਂ 20 ਸੇਵਾਵਾਂ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ (ਡੋਰਸਟੈਪ ਡਿਲਿਵਰੀ ਤਹਿਤ) ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਨਾਗਰਿਕਾਂ ਨੂੰ ਆਰ.ਟੀ.ਓ. ਦਫ਼ਤਰਾਂ ਦੇ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। Punjab News
ਉਨਾਂ ਐਲਾਨ ਕੀਤਾ ਕਿ ਸਾਰੀਆਂ ਨਾਗਰਿਕ-ਕੇਂਦ੍ਰਿਤ ਸੇਵਾਵਾਂ ਜਲਦ ਹੀ ਈ-ਸੇਵਾ ਕੇਂਦਰਾਂ (1076) ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ ਜਿਸ ਨਾਲ ਆਰ.ਟੀ.ਓ. ਦਫ਼ਤਰਾਂ ਵਿੱਚ ਖੁਦ ਜਾਣ ਦੀ ਜ਼ਰੂਰਤ ਪੂਰੀ ਤਰਾਂ ਖ਼ਤਮ ਹੋ ਜਾਵੇਗੀ। ਉਨਾਂ ਅੱਗੇ ਕਿਹਾ ਕਿ ਨਾਗਰਿਕਾਂ ਦੀ ਸਹੂਲਤ ਵਿੱਚ ਵਾਧਾ ਕਰਨ ਲਈ ਫੇਸਲੈਸ ਸੇਵਾਵਾਂ ਦੀ ਸਹੂਲਤ ਵਾਸਤੇ ਜਲਦ ਹੀ ਇੱਕ ਵਟਸਐਪ ਚੈਟਬੋਟ ਪੇਸ਼ ਕੀਤਾ ਜਾਵੇਗਾ ਜਿਸ ਰਾਹੀਂ ਉਹ ਆਪਣੇ ਫੋਨ ਵਿੱਚ ਵੱਟਸਐਪ ਰਾਹੀਂ ਸੇਵਾਵਾਂ ਹਾਸਿਲ ਕਰ ਸਕਣਗੇ।