Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਡੱਲੇਵਾਲ ਵਿਖ਼ੇ ਚੱਲ ਰਹੇ ਰੋਸ ਮੋਰਚੇ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਚੌਧਰ ਕਾਇਮ ਰੱਖਣ ਵਾਲਾ ਦੇਸ਼ ਅਮਰੀਕਾ ਆਪਣੇ ਤੋਂ ਕਮਜ਼ੋਰ ਮੁਲਕਾਂ ’ਤੇ ਆਪਣੀ ਸਰਦਾਰੀ ਕਾਇਮ ਰੱਖਣ ਲਈ ਥਾਣੇਦਾਰੀ ਕਰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਇਸੇ ਤਰ੍ਹਾਂ 1994 ਦੇ ਅਪ੍ਰੈਲ ਵਿੱਚ ਵਰਲਡ ਬੈਂਕ ਦੇ ਰਾਹੀਂ ਇਸੇ ਦੇਸ਼ ਨੇ ਤਾਨਾਸ਼ਾਹੀ ਕਰਦਿਆਂ ਬਾਂਹ ਮਰੋੜ ਕੇ ਆਪਣੇ ਤੋਂ ਕਮਜ਼ੋਰ 109 ਮੁਲਕਾਂ ਦੇ ਕਿਸਾਨਾਂ ਦੀ ਖੇਤੀ ਨੂੰ ਬਰਬਾਦ ਕਰਨ ਲਈ ਗੈਟ ਵਰਗੇ ਸਮਝੌਤੇ ’ਤੇ ਦਸਤਖ਼ਤ ਕਰਵਾਏ ਸਨ।
ਅਮਰੀਕਾ ਦੇ ਦਬਾਅ ਹੇਠ ਦੇਸ਼ ਦੀ ਸਰਕਾਰ ਨੇ ਕਿਸਾਨੀ ਉਜਾੜਨ ਦਾ ਕੋਈ ਸਮਝੌਤਾ ਕੀਤਾ ਤਾਂ ਦੇਸ਼ ਦੇ ਕਿਸਾਨ ਬਰਦਾਸ਼ਤ ਨਹੀਂ ਕਰਨਗੇ | Faridkot News
ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਅਮਰੀਕਾ ਦੇ ਦਬਾਅ ਹੇਠ ਦੇਸ਼ ਦੀ ਕਿਸਾਨੀ ਦੇ ਖੇਤਰ ਨੂੰ ਉਜਾੜਨ ਲਈ ਕੋਈ ਵੀ ਸਮਝੌਤਾ ਕੀਤਾ ਗਿਆ ਤਾਂ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਆਪ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕਿਸਾਨਾਂ ਨਾਲ ਧੋਖਾ ਕਰਦਿਆਂ ਮੀਟਿੰਗ ’ਤੇ ਗਏ ਹੋਏ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਧੋਖੇ ਨਾਲ ਮੋਰਚੇ ਨੂੰ ਚੁਕਵਾਇਆ ਹੈ। ਉਹਨਾਂ ਕਿਹਾ ਕਿ ਮੇਰੇ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਉਸੇ ਦਿਨ ਤੋਂ ਪਿੰਡ ਡੱਲੇਵਾਲ ਵਿਖ਼ੇ ਆਪਣੀਆਂ ਮੰਗਾਂ ਅਤੇ ਪੰਜਾਬ ਸਰਕਾਰ ਦੀ ਧੋਖਾਧੜੀ ਦੇ ਖਿਲਾਫ਼ ਅੱਜ ਵੀ ਕਿਸਾਨਾਂ ਦਾ ਪ੍ਰਦਰਸ਼ਨ ਉਸੇ ਤਰ੍ਹਾਂ ਜਾਰੀ ਹੈ।
ਉਹਨਾਂ ਦੱਸਿਆ ਕਿ ਇਸ ਪਿੰਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਵੱਲੋਂ ਇੱਕ ਵਿਸ਼ਾਲ ਕਾਨਫਰੰਸ ਵੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾ ਚੁੱਕੀ ਹੈ ਅਤੇ ਸਿੱਧੂਪੁਰ ਜਥੇਬੰਦੀ ਵੱਲੋਂ ਭਰਵੀਂ ਮੀਟਿੰਗ ਵੀ ਪਿਛਲੇ ਦਿਨੀਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਉਹਨਾਂ ਦੱਸਿਆ ਕਿ ਅੱਜ ਵੀ ਇਸ ਧਰਨੇ ਵਿੱਚ ਲਗਾਤਾਰ 60-70 ਕਿਸਾਨ ਅਤੇ 20-30 ਕਿਸਾਨ ਬੀਬੀਆਂ ਦਿਨ-ਰਾਤ ਦੀ ਹਾਜ਼ਰੀ ਦੇ ਰਹੇ ਹਨ ਜਿਨ੍ਹਾਂ ਦੇ ਰਹਿਣ ਸਹਿਣ ਅਤੇ ਲੰਗਰ ਦੀ ਜ਼ਿੰਮੇਵਾਰੀ ਪਿੰਡ ਡੱਲੇਵਾਲ ਦੀ ਸਮੁੱਚੀ ਸੰਗਤ ਵੱਲੋਂ ਨਿਭਾਈ ਜਾ ਰਹੀ ਹੈ। Faridkot News
ਇਹ ਵੀ ਪੜ੍ਹੋ: Yudh Nashe Virudh: ਮੈਡੀਕਲ ਸਟੋਰ ਤੋਂ ਫੜੀਆਂ 460 ਪਾਬੰਦੀਸ਼ੁਦਾ ਗੋਲੀਆਂ
ਪਿੰਡ ਡੱਲੇਵਾਲ ਵਿਖ਼ੇ ਚੱਲ ਰਹੇ ਮੋਰਚੇ ਵਿੱਚ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸ੍ਰ ਜਗਜੀਤ ਸਿੰਘ ਡੱਲੇਵਾਲ, ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ ਰੁਪਈਆਂ ਵਾਲਾ, ਜ਼ਿਲ੍ਹਾ ਖਜਾਨਚੀ ਗੁਰਾਂਦਿੱਤਾ ਸਿੰਘ ਨੰਬਰਦਾਰ ਬਾਜਾਖਾਨਾ, ਬਲਾਕ ਸਾਦਿਕ ਦੇ ਪ੍ਰਧਾਨ ਨਾਇਬ ਸਿੰਘ ਸ਼ੇਰ ਸਿੰਘ ਵਾਲਾ, ਸੁਖਚਰਨ ਸਿੰਘ ਕਾਲਾ ਪ੍ਰਧਾਨ ਬਲਾਕ ਗੋਲੇਵਾਲਾ, ਛਿੰਦਾ ਸਿੰਘ ਕਾਬਲ ਵਾਲਾ,ਬਾਬਾ ਵੀਰ ਸਿੰਘ ਬਾਜਾਖਾਨਾ, ਗੁਰਪ੍ਰੀਤ ਸਿੰਘ ਸਿੱਧੂ ਵਾੜਾ ਭਾਈਕਾ, ਜਸਪਾਲ ਸਿੰਘ ਸਾਧਾਂਵਾਲਾ,ਇਕਬਾਲ ਸਿੰਘ ਵਾੜਾ ਭਾਈਕਾ, ਗੁਰਪ੍ਰੀਤ ਸਿੰਘ ਮੁਮਾਰਾ, ਗੁਰਲਾਲ ਸਿੰਘ, ਗੁਰਾਂਦਿੱਤਾ ਸਿੰਘ, ਮੱਖਣ ਸਿੰਘ ਆਦਿ ਵੱਡੀ ਗਿਣਤੀ ਕਿਸਾਨ ਆਗੂ ਅਤੇ ਕਿਸਾਨ ਬੀਬੀਆਂ ਹਾਜ਼ਰ ਸਨ।