ਸਕੂਲਾਂ ਦੇ ਦੌਰੇ ਸਮੇਂ ਦਹਿਸ਼ਤ ਦਾ ਮਾਹੌਲ ਬਣਾਉਣ ਤੋਂ ਗੁਰੇਜ਼ ਕਰਨ ਅਫ਼ਸਰ:ਸਕੱਤਰ
- ਵਿਦਿਆਰਥੀਆਂ ਸਾਹਮਣੇ ਅਧਿਆਪਕਾਂ ਤੋਂ ਨਾ ਪੁੱਛੇ ਜਾਣ ਸਵਾਲ
- ਅਧਿਕਾਰੀ ਵਿਦਿਆਰਥੀਆਂ ਤੋਂ ਪਾਸੇ ਸਕੂਲ ਮੁਖੀ ਦੇ ਦਫ਼ਤਰ ‘ਚ ਅਧਿਆਪਕਾਂ ਤੋਂ ਸਵਾਲ ਪੁੱਛ ਸਕਦੇ ਹਨ
- ਸ਼ਿਕਾਇਤ ਮਿਲਣ ‘ਤੇ ਹੋਵੇਗੀ ਕਾਰਵਾਈ
ਅਸ਼ਵਨੀ ਚਾਵਲਾ. ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੈਕਿੰਗ ਦੌਰਾਨ ਉੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਪੂਰਾ ਮਾਣ ਸਤਿਕਾਰ ਨਾ ਦੇਣ ਦੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਰਾਜ਼ ਹੋ ਗਏ ਹਨ। ਉਨ੍ਹਾਂ ਲਿਖਤੀ ਆਦੇਸ਼ ਜਾਰੀ ਕਰਦੇ ਹੋਏ ਸਕੂਲਾਂ ਦੀ ਚੈਕਿੰਗ ਕਰਨ ਵਾਲੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਕੂਲਾਂ ਦੇ ਦੌਰਿਆਂ ਮੌਕੇ ਅਧਿਆਪਕਾਂ ਦਾ ਪੂਰਾ ਸਤਿਕਾਰ ਕੀਤਾ ਜਾਵੇ ਅਤੇ ਸਕੂਲ ਦੇ ਦੌਰੇ ਸਮੇਂ ਕਿਸੇ ਕਿਸਮ ਦਾ ਡਰ ਜਾਂ ਦਹਿਸ਼ਤ ਦਾ ਮਾਹੌਲ ਨਾ ਬਣਾਇਆ ਜਾਵੇ।
ਸਕੱਤਰ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਸਕੂਲਾਂ ਦੀ ਚੈਕਿੰਗ ਦੌਰਾਨ ਟੀਮਾਂ ਵੱਲੋਂ ਅਧਿਆਪਕਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ ਅਤੇ ਕਈ ਵਾਰ ਦਹਿਸ਼ਤ ਦਾ ਮਾਹੌਲ ਸਿਰਜਿਆ ਜਾਂਦਾ ਹੈ। ਚੈਕਿੰਗ ਟੀਮਾਂ ਵੱਲੋਂ ਅਜਿਹਾ ਮਾਹੌਲ ਸਿਰਜਣ ਕਾਰਨ ਅਧਿਆਪਕ ਘਬਰਾਹਟ ਵਿੱਚ ਆ ਜਾਂਦੇ ਹਨ ਅਤੇ ਉਹ ਪੂਰਾ ਗਿਆਨ ਅਤੇ ਜਾਣਕਾਰੀ ਹੋਣ ਦੇ ਬਾਵਜੂਦ ਸਹੀ ਢੰਗ ਨਾਲ ਸਵਾਲਾਂ ਦਾ ਜਵਾਬ ਨਹੀਂ ਦੇਂਦੇ ਜਦੋਂ ਕਿ ਅਧਿਆਪਕ ਆਪਣੇ ਗਿਆਨ, ਤਜ਼ਰਬੇ ਤੇ ਯੋਗਤਾ ਕਰਕੇ ਆਪਣੇ ਵਿਸ਼ੇ ਦੀ ਪੂਰੀ ਸਮਝ ਰੱਖਦਾ ਹੈ। ਇਸ ਲਈ ਚੈਕਿੰਗ ਟੀਮਾਂ ਵੱਲੋਂ ਅਧਿਆਪਕਾਂ ਦਾ ਪੂਰਾ ਸਤਿਕਾਰ ਕੀਤਾ ਜਾਵੇ।
ਉਨਾਂ ਨੇ ਆਪਣੇ ਆਦੇਸ਼ਾਂ ਵਿੱਚ ਕਿਹਾ ਹੈ ਕਿ ਬੱਚੇ ਦੇ ਸਾਹਮਣੇ ਅਧਿਆਪਕਾਂ ਦਾ ਮਾਣ ਸਨਮਾਨ ਬਣਾਈ ਰੱਖਣ ਲਈ ਚੈਕਿੰਗ ਟੀਮਾਂ ਬੱਚਿਆਂ ਸਾਹਮਣੇ ਕਿਸੇ ਵੀ ਅਧਿਆਪਕ ਤੋਂ ਸਵਾਲ ਨਾ ਪੁੱਛਣ ਅਤੇ ਅਧਿਆਪਕਾਂ ਨਾਲ ਬੱਚਿਆਂ ਨੂੰ ਪੜ੍ਹਾਏ ਪਾਠਕ੍ਰਮ, ਬੱਚਿਆਂ ਦੇ ਸਿੱਖਣ ਪੱਧਰ ਦੀ ਜਾਂਚ, ਕਾਪੀਆਂ ਦੀ ਚੈਕਿੰਗ, ਨਤੀਜੇ ਆਦਿ ਗੱਲਬਾਤ ਕਰਨੀ ਅਤਿ ਜ਼ਰੂਰੀ ਹੈ ਪਰ ਕੋਈ ਵੀ ਚੈਕਿੰਗ ਟੀਮ ਕਿਸੇ ਵੀ ਅਧਿਆਪਕ ਤੋਂ ਇੰਜ ਸਵਾਲ ਨਾ ਪੁੱਛੇ ਜਿਵੇਂ ਉਸ ਦਾ ਟੈਸਟ ਲਿਆ ਜਾ ਰਿਹਾ ਹੋਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।