Crime News: ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੇ ਅਧੀਨ ਆਉਂਦੇ ਤਾਜਪੁਰ ਰੋਡ, ਗਰੀਬ ਦਾਸ ਢਾਬਾ ਦੇ ਨਾਲ ਸਥਿਤ ਇੱਕ ਇਮਾਰਤ ’ਚ ਟੂਰ ਐਡ ਟਰੈਵਲ ਦਫ਼ਤਰ ’ਤੇ ਕੁਝ ਵਿਅਕਤੀਆਂ ਵੱਲੋਂ ਪੈਸਿਆਂ ਦੇ ਲੈਣ-ਦੇਣ ਕਾਰਨ ਹਮਲਾ ਕਰ ਦਿੱਤਾ। ਲੜਾਈ ਝਗੜੇ ਦੌਰਾਨ ਹਵਾਈ ਫਾਇਰ ਕਰਨ ਦੀ ਖਬਰ ਸਾਹਮਣੇ ਆਈ ਹੈ, ਜਿਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
Read Also : Ludhiana News: ਮਲੇਸ਼ੀਆ ਘੁੰਮ ਕੇ ਪਰਤੇ ਪਰਿਵਾਰ ਦੇ ਘਰ ਪਹੁੰਦਿਆਂ ਉੱਡੇ ਹੋਸ਼
ਇਸ ਪੂਰੇ ਘਟਨਾਕ੍ਰਮ ਦੀ ਸੰਖੇਪ ’ਚ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 7 ਤੋਂ ਜਾਂਚ ਅਧਿਕਾਰੀ ਏ ਐਸ ਆਈ ਪ੍ਰੇਮ ਚੰਦ ਨੇ ਦੱਸਿਆ ਕਿ ਲੁਧਿਆਣਾ ਦੇ ਤਾਜਪੁਰ ਰੋਡ ’ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੇ ਦੌਰਾਨ ਹਵਾਈ ਫਾਇਰ ਕਰ ਦਿੱਤੇ ਗਏ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਸੂਰਜ ਤੇ ਗੰਗਾ ਸਾਗਰ ਨਾਂਅ ਦੇ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਤੋਂ ਇਕ ਗੱਡੀ, 32 ਬੋਰ ਦੀ ਪਿਸਤੌਲ, ਦੋ ਕਾਰਤੂਸ ਅਤੇ ਦੋ ਖਾਲੀ ਖੋਲ, ਅਸਲਾ ਲਾਇਸੈਂਸ ਬਰਾਮਦ ਕਰ ਲਏ ਹਨ।
Crime News
ਪੁਲਿਸ ਮੁਤਾਬਿਕ ਸੂਰਜ ਅਤੇ ਗੰਗਾ ਸਾਗਰ ਸਮੇਤ ਕੁੱਲ 9 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਗਈ ਹੈ। ਜਾਂਚ ਅਧਿਕਾਰੀ ਪ੍ਰੇਮ ਚੰਦ ਨੇ ਦੱਸਿਆ ਕਿ ਵਿਜੇ ਨਗਰ ਦੇ ਰਹਿਣ ਵਾਲੇ ਦੀਪਕ ਰਾਜਪੂਤ ਅਤੇ ਗੰਗਾ ਸਾਗਰ ਵਿਚਕਾਰ ਪੈਸਿਆਂ ਦਾ ਕੁਝ ਲੈਣ ਦੇਣ ਸੀ। ਇਸੇ ਦੇ ਚਲਦੇ ਗੰਗਾ ਸਾਗਰ ਦੇ ਦੋਸਤ ਸੂਰਜ ਕੁਮਾਰ ਨੇ ਦੀਪਕ ਰਾਜਪੂਤ ਨੂੰ ਫੋਨ ਕਰਕੇ ਤਾਜਪੁਰ ਰੋਡ ’ਤੇ ਪੈਂਦੇ ਗਰੀਬ ਦਾਸ ਦੇ ਢਾਬੇ ਦੀ ਇਮਾਰਤ ਦੇ ਨਾਲ ਟੂਰ ਐਂਡ ਟਰੈਵਲ ਦਫ਼ਤਰ ਵਿੱਚ ਬੁਲਾਇਆ ਸੀ।
ਉਨ੍ਹਾਂ ਦੱਸਿਆ ਕਿ ਹਥਿਆਰਾਂ ਨਾਲ ਲੈਸ ਹੋਏ ਵਿਅਕਤੀਆਂ ਨੇ ਆਪਸ ਵਿੱਚ ਝਗੜਾ ਸ਼ੁਰੂ ਕਰ ਦਿੱਤਾ। ਲੜਾਈ ਦੇ ਦੌਰਾਨ ਵਿਅਕਤੀਆਂ ਨੇ ਹਵਾਈ ਫਾਇਰ ਕਰਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਜਿਸ ਉਪਰੰਤ ਤੁਰੰਤ ਹਰਕਤ ਵਿੱਚ ਆਈ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਪਾਰਟੀ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ।