
New Fertilizer Prices: (ਸਤੀਸ਼ ਜੈਨ) ਰਾਮਾਂ ਮੰਡੀ। ਖਾਦ ਕੰਪਨੀਆਂ ਵੱਲੋਂ ਕਿਸਾਨਾਂ ਨੂੰ ਇੱਕ ਹੋਰ ਆਰਥਿਕ ਝਟਕਾ ਦਿੰਦਿਆਂ ਦੇਸ਼ ’ਚ ਸਭ ਤੋਂ ਵੱਧ ਵਰਤੀ ਜਾਂਦੀ ਐੱਨਪੀਕੇ ਖਾਦਾਂ ’ਚ 460 ਰੁਪਏ ਪ੍ਰਤੀ ਕੁਇੰਟਲ (230 ਰੁਪਏ ਪ੍ਰਤੀ ਗੱਟਾ 50 ਕਿਲੋ) ਵਾਧਾ ਕਰਕੇ ਕਿਸਾਨਾਂ ’ਤੇ ਵਾਧੂ ਬੋਝ ਪਾ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਰਨਲ ਸਕੱਤਰ ਸਰੂਪ ਸਿੰਘ ਰਾਮਾ ਨੇ ਦੱਸਿਆ ਕਿ ਖਾਦ ਕੰਪਨੀਆਂ ਨੇ ਐੱਨਪੀਕੇ ਖਾਦ ਗਰੇਡ 12:32:16 ਤੇ ਗਰੇਡ 10:26:26 ਦੀ ਕੀਮਤ 1700 ਰੁਪਏ ਪ੍ਰਤੀ ਗੱਟਾ ਕਰ ਦਿੱਤੀ ਹੈ ਜਦੋਂ ਕਿ ਪਹਿਲਾਂ 1470 ਰੁਪਏ ਪ੍ਰਤੀ ਗੱਟਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਡੀਏਪੀ ਖਾਦ ਨਾਲੋਂ ਵੱਧ ਐੱਨ ਪੀ ਕੇ ਖਾਦ ਦੀ ਵਰਤੋਂ ਕਰਦੇ ਹਨ, ਹੁਣ ਪੰਜਾਬ ਦੇ ਕਿਸਾਨ ਵੀ ਇਸ ਖਾਦ ਦੀ ਵੱਡੀ ਮਾਤਰਾ ਵਿੱਚ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ: School New Session: ਪੁਰਾਣੀਆਂ ਵਰਦੀਆਂ ਨਾਲ ਨਵੇਂ ਸੈਸ਼ਨ ’ਚ ਬੈਠਣਗੇ ਵਿਦਿਆਰਥੀ
ਪੰਜਾਬ ਦੇ ਕਿਸਾਨਾਂ ਨੇ ਨਵੰਬਰ 2024 ’ਚ ਡੀਏਪੀ ਦੀ ਘਾਟ ਕਾਰਨ ਐੱਨਪੀਕੇ (ਗਰੇਡ 12:32:16 ) ਖਾਦ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਹੈ। ਉਹਨਾਂ ਕਿਹਾ ਕਿ ਦੇਸ਼ ’ਚ ਡੀਜ਼ਲ, ਵਧਦੀ ਮਹਿੰਗਾਈ ਦੀ ਵਜ੍ਹਾ ਕਰਕੇ ਪਹਿਲਾਂ ਹੀ ਕਿਸਾਨ ਪਰਿਵਾਰ ਆਪਣੀ ਫਸਲ ਅਤੇ ਉਪਜ ਨੂੰ ਲੈ ਕੇ ਕਾਫ਼ੀ ਚਿੰਤਤ ਸੀ। ਹੁਣ ਖਾਦਾਂ ਬੀਜ਼, ਖੇਤੀ ਦੀ ਲਾਗਤ ਵਧਣ ਕਾਰਨ ਕਿਸਾਨਾਂ ਨੂੰ ਦੁੱਗਣੀ ਮਾਰ ਝੱਲਣੀ ਪਵੇਗੀ ਅਤੇ ਦੂਸਰੇ ਪਾਸੇ ਕਿਸਾਨਾਂ ਨੂੰ ਫ਼ਸਲਾਂ ਦਾ ਉਚਿੱਤ ਮੁੱਲ ਵੀ ਨਹੀਂ ਮਿਲ ਰਿਹਾ। New Fertilizer Prices
ਉਹਨਾਂ ਦੱਸਿਆ ਕਿ ਦੇਸ਼ ’ਚ ਲਗਭਗ ਐੱਨਪੀਕੇ ਖਾਦ ਦੀ 105 ਲੱਖ ਟਨ, ਡੀਏਪੀ ਦੀ ਸਾਲਾਨਾ ਖਪਤ 103 ਲੱਖ ਟਨ, ਪੋਟਾਸ਼ 38 ਲੱਖ ਟਨ ਅਤੇ ਯੂਰੀਆਂ 325 ਲੱਖ ਟਨ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸਾਨ ਆਗੂ ਸਰੂਪ ਸਿੰਘ ਰਾਮਾ ਨੇ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਨੇ ਖਾਦ ਸਬਸਿਡੀ ਵਿੱਚ ਵਾਧਾ ਨਾ ਕੀਤਾ ਤਾਂ ਆਉਣ ਵਾਲੇ ਸਾਉਣੀ ਸੀਜ਼ਨ ਦੌਰਾਨ ਖਾਦ ਕੰਪਨੀਆਂ ਡੀਏਪੀ ਖਾਦ ਦੇ ਰੇਟਾਂ ਵਿੱਚ 450 ਤੋਂ ਲੈ ਕੇ 500 ਰੁਪਏ ਪ੍ਰਤੀ ਕੁਇੰਟਲ ਤੱਕ ਵਾਧਾ ਕਰ ਸਕਦੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖਾਦਾਂ ਦੀ ਸਬਸਿਡੀ ਵਿੱਚ ਹੋਰ ਵਾਧਾ ਕਰਕੇ ਖਾਦਾਂ ਦੇ ਰੇਟਾਂ ਨੂੰ ਘਟਾ ਕੇ ਦੇਸ਼ ਦੇ ਕਿਸਾਨਾਂ ਨੂੰ ਰਾਹਤ ਦੇਵੇ।