Waqf Bill: ਸਰਕਾਰ ਨੇ ਹਰ ਸਿਆਸੀ ਪਾਰਟੀ ਨੂੰ ਆਪਣੀ ਰਾਏ ਦੇਣ ਦੀ ਕੀਤੀ ਅਪੀਲ
- ਭਾਜਪਾ ਨੇ ਸੰਸਦ ਮੈਂਬਰਾਂ ਨੂੰ ਜਾਰੀ ਕੀਤਾ ਵਿੱਪ੍ਹ
Waqf Bill: ਨਵੀਂ ਦਿੱਲੀ (ਏਜੰਸੀ)। ਬਹੁ-ਚਰਚਿਤ ਵਕਫ਼ ਸੋਧ ਬਿੱਲ-2024 ਬੁੱਧਵਾਰ ਨੂੰ ਲੋਕ ਸਭਾ ਵਿੱਚ ਪਾਸ ਹੋਣ ਲਈ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਸ ’ਤੇ ਸਦਨ ਵਿੱਚ ਤੁਰੰਤ ਚਰਚਾ ਸ਼ੁਰੂ ਕੀਤੀ ਜਾ ਸਕਦੀ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਲੋਕ ਸਭਾ ਕਾਰੋਬਾਰ ਸਲਾਹਕਾਰ ਕਮੇਟੀ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸਰਕਾਰ ਨੇ 2 ਅਪਰੈਲ ਨੂੰ ਸਦਨ ਵਿੱਚ ਬਿੱਲ ’ਤੇ ਚਰਚਾ ਅਤੇ ਪਾਸ ਹੋਣ ਲਈ ਸਮਾਂ ਨਿਰਧਾਰਤ ਕਰਨ ਦਾ ਪ੍ਰਸਤਾਵ ਰੱਖਿਆ। ਸੂਤਰਾਂ ਅਨੁਸਾਰ ਬਿੱਲ 2 ਅਪਰੈਲ ਨੂੰ ਦੁਪਹਿਰ 12 ਵਜੇ ਸਦਨ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜ਼ੂ ਬਿੱਲ ਦੇ ਉਪਬੰਧਾਂ ਬਾਰੇ ਸਦਨ ਨੂੰ ਜਾਣਕਾਰੀ ਦੇਣਗੇ।
Read Also : Punjab CM: ਮੁੱਖ ਮੰਤਰੀ ਭਗਵੰਤ ਮਾਨ ਨੇ 700 ਅਧਿਆਪਕਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ
ਇਸ ਸਬੰਧੀ ਰਿਜਿਜੂ ਨੇ ਕਿਹਾ ਕਿ ਵਕਫ਼ ਸੋਧ ਬਿੱਲ ਲਿਆਉਣ ਅਤੇ ਇਸ ’ਤੇ ਚਰਚਾ ਲਈ ਸਮਾਂ ਨਿਰਧਾਰਤ ਕਰਨ ’ਤੇ ਵਿਚਾਰ ਕਰਨ ਤੋਂ ਬਾਅਦ ਕਮੇਟੀ ਦੀ ਮੀਟਿੰਗ ਵਿੱਚ ਸਹਿਮਤੀ ਬਣੀ। ਬਿੱਲ ’ਤੇ ਅੱਠ ਘੰਟੇ ਚਰਚਾ ਹੋਵੇਗੀ ਅਤੇ ਲੋੜ ਪੈਣ ’ਤੇ ਸਮਾਂ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਸਿਆਸੀ ਪਾਰਟੀ ਨੂੰ ਇਸ ’ਤੇ ਆਪਣੀ ਰਾਏ ਦੇਣੀ ਚਾਹੀਦੀ ਹੈ ਕਿਉਂਕਿ ਦੇਸ਼ ਉਨ੍ਹਾਂ ਦੀ ਰਾਏ ਸੁਣਨਾ ਚਾਹੁੰਦਾ ਹੈ। ਬਿੱਲ ਦੇ ਸਮਰਥਕਾਂ ਅਤੇ ਵਿਰੋਧੀਆਂ ਦੇ ਬਿਆਨ ਰਿਕਾਰਡ ’ਤੇ ਹੋਣਗੇ।
ਕਾਂਗਰਸ ਨੇ ਸਵੇਰੇ 9 ਵਜੇ ਸੱਦੀ ਮੀਟਿੰਗ | Waqf Bill
ਲੋਕ ਸਭਾ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਖ ਵਿਪ੍ਹ ਨੇ ਆਪਣੇ ਮੈਂਬਰਾਂ ਨੂੰ ਬੁੱਧਵਾਰ ਨੂੰ ਸਦਨ ਵਿੱਚ ਮੌਜ਼ੂਦ ਰਹਿਣ ਲਈ ਇੱਕ ਵਿਪ੍ਹ ਜਾਰੀ ਕੀਤਾ ਹੈ। ਕਾਂਗਰਸ ਨੇ ਬੁੱਧਵਾਰ ਨੂੰ ਸਵੇਰੇ 9.30 ਵਜੇ ਸੰਸਦ ਮੈਂਬਰਾਂ ਦੀ ਮੀਟਿੰਗ ਵੀ ਬੁਲਾਈ ਹੈ, ਜਿਸ ਦੀ ਪ੍ਰਧਾਨਗੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਕਰਨਗੇ। ਤੇਲਗੂ ਦੇਸ਼ਮ ਪਾਰਟੀ ਅਤੇ ਜਨਤਾ ਦਲ-ਯੂਨਾਈਟਿਡ ਨੇ ਬਿੱਲ ਦਾ ਸਮਰਥਨ ਕੀਤਾ ਹੈ ਜਦੋਂ ਕਿ ਕਾਂਗਰਸ, ਡੀਐੱਮਕੇ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ।
ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਵਕਫ਼ ਬਿੱਲ ਦਾ ਵਿਰੋਧ ਕਰੇਗੀ ਕਿਉਂਕਿ ਭਾਜਪਾ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵੰਡਣ ਵਾਲੀ ਰਾਜਨੀਤੀ ਕਰ ਰਹੀ ਹੈ। ਸ਼ਿਵ ਸੈਨਾ ਦੇ ਨਰੇਸ਼ ਮਹਾਸਕੇ ਨੇ ਕਿਹਾ ਕਿ ਇਹ ਬਿੱਲ ਕੁਝ ਮੁਸਲਿਮ ਆਗੂਆਂ ਅਤੇ ਕਾਂਗਰਸ ਆਗੂਆਂ ਵੱਲੋਂ ਗੈਰ-ਕਾਨੂੰਨੀ ਤੌਰ ’ਤੇ ਕਬਜ਼ੇ ਵਾਲੀਆਂ ਜਾਇਦਾਦਾਂ ਨੂੰ ਵਾਪਸ ਲੈਣ ਲਈ ਲਿਆਂਦਾ ਜਾ ਰਿਹਾ ਹੈ। ਏਆਈਐੱਮਆਈਐੱਮ ਆਗੂ ਅਸਦੁਦੀਨ ਓਵੈਸੀ ਨੇ ਕਿਹਾ ਕਿ ਵਕਫ਼ ਬਿੱਲ ਗੈਰ-ਸੰਵਿਧਾਨਕ ਹੈ। ਇਹ ਬਿੱਲ ਸੰਵਿਧਾਨ ਦੇ ਅਨੁਛੇਦ 14, ਅਨੁਛੇਦ 25, 26 ਅਤੇ 29 ਦੀ ਉਲੰਘਣਾ ਕਰਦਾ ਹੈ।
Waqf Bill
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਵੱਲੋਂ ਤਿੱਖੀ ਆਲੋਚਨਾ ਦਾ ਵਿਸ਼ਾ ਬਣੇ ਇਸ ਬਿੱਲ ਨੂੰ ਸਰਕਾਰ ਨੇ ਪਿਛਲੇ ਸੈਸ਼ਨ ਵਿੱਚ ਲੋਕ ਸਭਾ ਵਿੱਚ ਬਹਿਸ ਤੋਂ ਬਾਅਦ ਪੇਸ਼ ਕੀਤਾ ਸੀ ਅਤੇ ਫਿਰ ਸਦਨ ਨੇ ਇਸ ਨੂੰ ਸਮੀਖਿਆ ਲਈ ਸੰਸਦੀ ਕਮੇਟੀ ਨੂੰ ਸੌਂਪ ਦਿੱਤਾ ਸੀ। ਲੋਕ ਸਭਾ ਮੈਂਬਰ ਜਗਦੰਬਿਕਾ ਪਾਲ ਦੀ ਅਗਵਾਈ ਵਾਲੀ ਸਾਂਝੀ ਸੰਸਦੀ ਕਮੇਟੀ ਨੇ ਇਸ ਮੁੱਦੇ ’ਤੇ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਆਪਣੀ ਰਿਪੋਰਟ ਲੋਕ ਸਭਾ ਸਪੀਕਰ ਨੂੰ ਪਹਿਲਾਂ ਹੀ ਸੌਂਪ ਦਿੱਤੀ ਹੈ।
ਕੇਂਦਰੀ ਵਕਫ਼ ਐਕਟ 1954 ਦੇ ਤਹਿਤ ਵਕਫ਼ ਬੋਰਡ ਦੀ ਸਥਾਪਨਾ ਕੀਤੀ ਗਈ ਸੀ ਇਸਲਾਮ ਦੇ ਨਾਂਅ ਨਾਲ ਜੁੜੀਆਂ ਇਮਾਰਤਾਂ, ਥਾਂਵਾਂ ਵਕਫ਼ ਬੋਰਡ ਦੇ ਅਧੀਨ ਹਨ 1947 ’ਚ ਜਿਹੜੇ ਮੁਸਲਮਾਨ ਪਾਕਿਸਤਾਨ ਚਲੇ ਗਏ ਉਨ੍ਹਾਂ ਦੀਆਂ ਭਾਰਤ ’ਚ ਰਹਿ ਗਈਆਂ ਜ਼ਮੀਨਾਂ/ਜਾਇਦਾਦਾਂ ਦੀ ਮਾਲਕੀ ਵਕਫ਼ ਕੋਲ ਹੈ ਵਕਫ਼ ਬੋਰਡ ਕਾਨੂੰਨੀ ਅਦਾਰਾ ਹੈ, ਜੋ ਮੁਕੱਦਮੇ ਵੀ ਦਰਜ ਕਰ ਸਕਦਾ ਹੈ ਹਰ ਸੂਬੇ ਦਾ ਆਪਣਾ ਵਕਫ਼ ਬੋਰਡ ਹੈ ਦੇਸ਼ ਅੰਦਰ ਕੇਂਦਰੀ ਵਕਫ਼ ਕੌਂਸਲ ਤੋਂ ਇਲਾਵਾ 32 ਸੂਬਾਈ/ਯੂਟੀ ਵਕਫ਼ ਬੋਰਡ ਹਨ