Tariffs Trump: ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਕਈ ਦੇਸ਼ਾਂ ਨੂੰ ਝਟਕਾ

Tariffs Trump
Tariffs Trump: ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਕਈ ਦੇਸ਼ਾਂ ਨੂੰ ਝਟਕਾ

Tariffs Trump: 2 ਅਪਰੈਲ ਤੋਂ 25% ਨਵਾਂ ਆਟੋ ਟੈਰਿਫ ਲਾਉਣ ਦਾ ਐਲਾਨ

Tariffs Trump: ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ 2 ਅਪਰੈਲ ਤੋਂ 25 ਫੀਸਦੀ ਆਟੋ ਡਿਊਟੀ ਲਾਉਣ ਦੀ ਯੋਜਨਾ ਦਾ ਐਲਾਨ ਕੀਤਾ। ਟਰੰਪ ਨੇ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਦਫ਼ਤਰ ਵਿੱਚ ਕਿਹਾ ਕਿ ਅਸੀਂ ਉਨ੍ਹਾਂ ਸਾਰੀਆਂ ਕਾਰਾਂ ’ਤੇ 25 ਫੀਸਦੀ ਡਿਊਟੀ ਲਾਵਾਂਗੇ ਜੋ ਅਮਰੀਕਾ ਵਿੱਚ ਨਹੀਂ ਬਣੀਆਂ ਹਨ। ਅਸੀਂ ਅੱਜ ਇਸ ਯੋਜਨਾ ’ਤੇ ਦਸਤਖਤ ਕਰ ਰਹੇ ਹਾਂ। ਇਹ 2 ਅਪਰੈਲ ਤੋਂ ਲਾਗੂ ਹੋਵੇਗਾ। ਅਸੀਂ 3 ਅਪਰੈਲ ਤੋਂ ਟੈਕਸ ਇਕੱਠਾ ਕਰਨਾ ਸ਼ੁਰੂ ਕਰਾਂਗੇ।

ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਇੱਕ ਦਸਤਾਵੇਜ਼ ਅਨੁਸਾਰ, ਟਰੰਪ ਨੇ 1962 ਦੇ ਵਪਾਰ ਵਿਸਥਾਰ ਐਕਟ ਦੀ ਧਾਰਾ 232 ਦੀ ਵਰਤੋਂ ਕਰਦੇ ਹੋਏ ਇੱਕ ਘੋਸ਼ਣਾ ਪੱਤਰ ’ਤੇ ਦਸਤਖਤ ਕੀਤੇ ਹਨ, ਜਿਸ ਦੇ ਤਹਿਤ ਆਟੋਮੋਬਾਈਲਜ਼ ਅਤੇ ਕੁਝ ਆਟੋ ਪਾਰਟਸ ’ਤੇ 25 ਫੀਸਦੀ ਡਿਊਟੀ ਲਾਈ ਜਾਵੇਗੀ। ਇਹ ਕਦਮ ‘ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਖ਼ਤਰੇ’ ਨੂੰ ਹੱਲ ਕਰਨ ਲਈ ਚੁੱਕਿਆ ਗਿਆ ਹੈ।

Tariffs Trump

ਵ੍ਹਾਈਟ ਹਾਊਸ ਨੇ ਕਿਹਾ ਕਿ 25 ਫੀਸਦੀ ਟੈਰਿਫ ਆਯਾਤ ਕੀਤੇ ਯਾਤਰੀ ਵਾਹਨਾਂ (ਸੇਡਾਨ, ਐਸਯੂਵੀ, ਕਰਾਸਓਵਰ, ਮਿਨੀਵੈਨ, ਕਾਰਗੋ ਵੈਨਾਂ) ਅਤੇ ਹਲਕੇ ਟਰੱਕਾਂ ਦੇ ਨਾਲ-ਨਾਲ ਮੁੱਖ ਆਟੋਮੋਬਾਈਲ ਪਾਰਟਜ਼ (ਇੰਜਣ, ਟਰਾਂਸਮਿਸ਼ਨ, ਪਾਵਰਟਰੇਨ ਪਾਰਟਸ ਅਤੇ ਇਲੈਕਟਰੀਕਲ ਕੰਪੋਨੈਂਟਸ) ’ਤੇ ਲਾਗੂ ਹੋਵੇਗਾ। ਨਾਲ ਹੀ, ਜੇ ਜ਼ਰੂਰੀ ਹੋਇਆ ਤਾਂ ਵਾਧੂ ਪਾਰਟਜ਼ ’ਤੇ ਖਰਚੇ ਵਧਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ।

Read Also : Immigration Bill: ਇੰਮੀਗ੍ਰੇਸ਼ਨ ਬਿੱਲ ਲੋਕ ਸਭਾ ’ਚ ਪਾਸ

ਵ੍ਹਾਈਟ ਹਾਊਸ ਅਨੁਸਾਰ, ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ (ਯੂਐੱਸਐੱਮਸੀਏ) ਦੇ ਤਹਿਤ, ਆਟੋਮੋਬਾਈਲ ਆਯਾਤਕਾਂ ਨੂੰ ਆਪਣੀ ਅਮਰੀਕੀ ਸਮੱਗਰੀ ਨੂੰ ਪ੍ਰਮਾਣਿਤ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 25 ਫੀਸਦੀ ਟੈਰਿਫ ਸਿਰਫ਼ ਉਨ੍ਹਾਂ ਪਾਰਟਜ਼ ’ਤੇ ਲਾਗੂ ਹੋਵੇਗਾ ਜੋ ਅਮਰੀਕਾ ਵਿੱਚ ਨਹੀਂ ਬਣੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਆਟੋਮੋਬਾਈਲਜ਼ ’ਤੇ ਮੌਜ਼ੂਦਾ ਅਮਰੀਕੀ ਡਿਊਟੀ ਆਮ ਤੌਰ ’ਤੇ 2.5 ਫੀਸਦੀ ਨਿਰਧਾਰਤ ਕੀਤੀ ਜਾਂਦੀ ਹੈ, ਜਦੋਂ ਕਿ ਹਲਕੇ ਟਰੱਕਾਂ ’ਤੇ 25 ਫੀਸਦੀ ਡਿਊਟੀ ਲਾਈ ਜਾਂਦੀ ਹੈ। ਯੂਐੱਸਐੱਮਸੀਏ ਦੇ ਤਹਿਤ ਮੂਲ ਨਿਯਮਾਂ ਨੂੰ ਪੂਰਾ ਕਰਨ ਵਾਲੇ ਵਾਹਨਾਂ ਨੂੰ ਇਹਨਾਂ ਫੀਸਾਂ ਤੋਂ ਛੋਟ ਹੈ। ਤਾਜ਼ਾ ਐਲਾਨ ਅਨੁਸਾਰ ਮੌਜ਼ੂਦਾ ਚਾਰਜਿਜ਼ ਦੇ ਉੱਪਰ 25 ਫੀਸਦੀ ਡਿਊਟੀ ਜੋੜੀ ਜਾਵੇਗੀ।

ਕਾਰੋਬਾਰ ਅਤੇ ਖਪਤਕਾਰਾਂ ਦੋਵਾਂ ਲਈ ਮਾੜਾ: ਯੂਰਪੀਅਨ ਯੂਨੀਅਨ ਮੁਖੀ

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਅਮਰੀਕਾ ਵੱਲੋਂ ਆਯਾਤ ਕੀਤੀਆਂ ਯੂਰਪੀਅਨ ਕਾਰਾਂ ’ਤੇ ਟੈਰਿਫ ਲਾਉਣ ਦੇ ਫੈਸਲੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਵਾਨ ਡੇਰ ਲੇਅਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਟੋਮੋਟਿਵ ਉਦਯੋਗ ਨਵੀਨਤਾ, ਮੁਕਾਬਲੇਬਾਜ਼ੀ ਅਤੇ ਉੱਚ-ਗੁਣਵੱਤਾ ਵਾਲੀਆਂ ਨੌਕਰੀਆਂ ਦਾ ਇੱਕ ਚਾਲਕ ਹੈ। ਉਨ੍ਹਾਂ ਅਨੁਸਾਰ, ਟੈਰਿਫ ਅਮਰੀਕਾ ਅਤੇ ਯੂਰਪੀਅਨ ਯੂਨੀਅਨ (ਈਯੂ) ਦੋਵਾਂ ਵਿੱਚ ‘ਕਾਰੋਬਾਰ ਅਤੇ ਖਪਤਕਾਰਾਂ’ ਲਈ ਮਾੜੇ ਹਨ।