Ludhiana Encounter News: 5 ਮਾਰਚ ਨੂੰ ਜਗਰਾਓਂ ਵਿਖੇ ਲੱਖੇ ਵਾਲੇ ਜਵੈਲਰਜ਼ ਦੇ ਸ਼ੋਅਰੂਮ ’ਤੇ ਕੀਤੀ ਸੀ ਗੋਲੀਬਾਰੀ : ਪੁਲਿਸ
Ludhiana Encounter News: ਜਗਰਾਉਂ/ ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਦਿਹਾਤੀ ਪੁਲਿਸ ਨੇ ਜਗਰਾਓਂ ਵਿਖੇ ਇੱਕ ਸੁਨਿਆਰੇ ਦੇ ਸ਼ੋਅਰੂਮ ’ਤੇ ਗੋਲੀਬਾਰੀ ਕਰਨ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਜਖ਼ਮੀ ਹੋਣ ’ਤੇ ਗ੍ਰਿਫਤਾਰ ਕੀਤਾ ਹੈ।
Read Also : Amritpal Singh: ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨਾਲ ਜੁੜੀ ਵੱਡੀ ਖਬਰ, ਖਤਮ ਹੋਵੇਗਾ ਐਨਐਸਏ?
ਪ੍ਰਾਪਤ ਜਾਣਕਾਰੀ ਮੁਤਾਬਕ 5 ਮਾਰਚ ਨੂੰ ਰਾਣੀ ਝਾਂਸੀ ਚੌਂਕ ਜਗਰਾਉਂ ਨੇੜੇ ਲੱਖੇ ਵਾਲੇ ਜਵੈਲਰਜ਼ ਦੇ ਸ਼ੋਅਰੂਮ ’ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਫੌਰੀ ਤੌਰ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਆਰੰਭ ਦਿੱਤੀ ਅਤੇ ਘਟਨਾ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਗ੍ਰਿਫਤਾਰੀ ਇੱਕ ਮੁਕਾਬਲੇ ਤੋਂ ਬਾਅਦ ਕੀਤੀ ਗਈ ਜਿਸ ਵਿੱਚ ਮੁਲਜ਼ਮ ਦੀ ਲੱਤ ’ਤੇ ਗੋਲੀ ਲੱਗੀ ਸੀ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਕ੍ਰਿਸ਼ਨ ਉਰਫ ਕਾਕੀ ਪੁੱਤਰ ਰਾਜੂ ਵਾਸੀ ਮਲਸੀਆਂ ਵਾਲੀ ਬਸਤੀ ਜ਼ੀਰਾ (ਜ਼ਿਲ੍ਹਾ ਫਿਰੋਜ਼ਪੁਰ) ਵਜੋਂ ਹੋਈ ਹੈ। Ludhiana Encounter News
ਜਿਸ ਦੇ ਕਬਜ਼ੇ ’ਚੋਂ ਪੁਲਿਸ ਨੇ ਇੱਕ .32 ਬੋਰ ਦਾ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ ਇੱਕ ਬਾਈਕ ਵੀ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਲੁਧਿਆਣਾ ਦਿਹਾਤੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ 5 ਮਾਰਚ ਨੂੰ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਮੁਲਜ਼ਮ ਦਾ ਪਿੱਛਾ ਕਰ ਰਹੀਆਂ ਸਨ, ਸੀ.ਆਈ.ਏ. ਲੁਧਿਆਣਾ ਦਿਹਾਤੀ ਅਤੇ ਏ.ਜੀ.ਟੀ.ਐਫ. ਵੱਲੋਂ ਸਾਂਝੇ ਤੌਰ ’ਤੇ ਖੁਫੀਆ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਗਰਾਉਂ-ਸਿਧਵਾਂ ਬੇਟ ਰੋਡ ਨੇੜੇ ਉਸ ਦੀ ਲੋਕੇਸ਼ਨ ਟਰੈਕ ਕੀਤੀ ਗਈ ਸੀ।
Ludhiana Encounter News
ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਪਾਰਟੀ ਨੇ ਉਸਦਾ ਪਿੱਛਾ ਕੀਤਾ ਅਤੇ ਮੁਲਜ਼ਮ ਵੱਲੋਂ ਆਤਮ ਸਮਰਪਣ ਕਰਨ ਦੀ ਬਜਾਏ, ਉਸ ਨੇ ਪੁਲਿਸ ਪਾਰਟੀ ’ਤੇ 3 ਗੋਲੀਆਂ ਦਾਗੀਆਂ, ਜਿਨ੍ਹਾਂ ਵਿਚੋਂ 1 ਪੁਲਿਸ ਦੀ ਗੱਡੀ ਨੂੰ ਲੱਗੀ। ਖੁਸ਼ਕਿਸਮਤੀ ਨਾਲ ਗੋਲੀ ਕਿਸੇ ਵੀ ਪੁਲਿਸ ਦੇ ਨਹੀਂ ਲੱਗੀ। ਆਤਮ ਰੱਖਿਆ ਵਿੱਚ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਦੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੀ ਸੱਜੀ ਲੱਤ ਵਿੱਚ ਗੋਲੀ ਵੱਜੀ। ਜਿਸ ਪਿੱਛੋਂ ਪੁਲਿਸ ਨੇ ਉਸਨੂੰ ਕਾਬੂ ਕਰਕੇ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਥਾਣਾ ਸਿਟੀ ਜਗਰਾਓਂ ਵਿੱਚ ਧਾਰਾ 125, 61 ਬੀ.ਐਨ.ਐਸ. ਅਤੇ 25 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।