Development: ਨਦੀਆਂ/ਦਰਿਆ ਮਨੁੱਖੀ ਹੋਂਦ ਦਾ ਬੁਨਿਆਦੀ ਆਧਾਰ ਹਨ ਅਤੇ ਦੇਸ਼ ਅਤੇ ਦੁਨੀਆ ਦੀਆਂ ਨਾੜਾਂ ਹਨ, ਇਨ੍ਹਾਂ ਨਾੜਾਂ ’ਚ ਜੇਕਰ ਪ੍ਰਦੂਸ਼ਿਤ ਪਾਣੀ ਪਹੁੰਚੇਗਾ ਤਾਂ ਸਰੀਰ ਬਿਮਾਰ ਹੋਵੇਗਾ, ਲਿਹਾਜ਼ਾ ਸਾਨੂੰ ਨਦੀ-ਦਰਿਆ ਰੂਪੀ ਇਨ੍ਹਾਂ ਨਾੜਾਂ ’ਚ ਸ਼ੁੱਧ ਪਾਣੀ ਦੇ ਬਹਾਅ ਨੂੰ ਯਕੀਨੀ ਕਰਨਾ ਹੋਵੇਗਾ। ਨਦੀਆਂ ਅਤੇ ਉਨ੍ਹਾਂ ਦੀ ਸੁਰੱਖਿਆ ਸਾਡੇ ਲਈ ਇੱਕ ਸੰਸਾਰਿਕ ਮੰਚ ਹੈ, ਤਾਂ ਕਿ ਨਦੀਆਂ/ਦਰਿਆਵਾਂ ਅਤੇ ਭਾਈਚਾਰਿਆਂ ਦੀ ਇੱਕਜੁਟਤਾ ਵਧਾਈ ਜਾ ਸਕੀ ਅਤੇ ਨਦੀਆਂ ਦੇ ਮਹੱਤਵ ਬਾਰੇ ਜਾਗਰੂਕਤਾ ਲਿਆਂਦੀ ਜਾ ਸਕੇ।
ਨਦੀਆਂ ਨੂੰ ਰਾਸ਼ਟਰੀ ਸੰਪੱਤੀ ਐਲਾਨੇ ਜਾਣ ਦੀ ਲੋੜ ਹੈ। ਵਧਦੇ ਨਦੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਉਨ੍ਹਾਂ ’ਚ ਰਹਿੰਦ-ਖੂੰਹਦ ਜਾਂ ਸੀਵਰੇਜ਼, ਕਾਰਖਾਨਿਆਂ ’ਚੋਂ ਨਿੱਕਲਣ ਵਾਲੇ ਤੇਲ, ਕੈਮੀਕਲ, ਧੂੰਆਂ, ਗੈਸ, ਐਸਿਡ, ਚਿੱਕੜ, ਕੂੜਾ ਅਤੇ ਰੰਗ ਪਾਉਣ ਤੋਂ ਰੋਕਣਾ ਹੋਵੇਗਾ, ਅਸੀਂ ਜੀਵਨਦਾਤੀ ਨਦੀਆਂ ਨੂੰ ਆਪਣੇ ਲੋਭ, ਸਵਾਰਥ ਤੇ ਲਾਪਰਵਾਹੀ ਕਾਰਨ ਜ਼ਹਿਰੀਲਾ ਬਣਾ ਦਿੱਤਾ ਹੈ। ਦੁਨੀਆ ਭਰ ’ਚ ਨਦੀ ਜਲ ਅਤੇ ਨਦੀਆਂ ਲਈ ਕਾਨੂੰਨ ਬਣੇ ਹੋਏ ਹਨ, ਜ਼ਰੂਰੀ ਹੋ ਗਿਆ ਹੈ ਉਸ ’ਤੇ ਮੁੜ-ਵਿਚਾਰ ਕਰਕੇ ਦੇਸ਼ ਅਤੇ ਦੁਨੀਆ ਦੇ ਵਿਆਪਕ ਹਿੱਤ ’ਚ ਵਿਵੇਕ ਨਾਲ ਫੈਸਲਾ ਲਿਆ ਜਾਵੇ।
Development
ਸਾਡੇ ਸਿਆਸਤਦਾਨ, ਜਿਨ੍ਹਾਂ ਨੂੰ ਸਿਰਫ਼ ਵੋਟ ਦੀ ਪਿਆਸ ਹੈ ਅਤੇ ਉਹ ਆਪਣੀ ਇਸ ਸਵਾਰਥ ਦੀ ਪਿਆਸ ਨੂੰ ਇਸ ਪਾਣੀ ਨਾਲ ਬੁਝਾਉਣਾ ਚਾਹੁੰਦੇ ਹਨ। ਗੰਧਲੀ ਰਾਜਨੀਤੀ ਨੇ ਨਦੀਆਂ ਨੂੰ ਵਿਵਾਦ ਬਣਾ ਦਿੱਤਾ ਹੈ, ਲੋੜ ਹੈ ਸਵਾਰਥ ਤੋਂ ਉੱਪਰ ਉੱਠ ਕੇ ਵਿਆਪਕ ਮਨੁੱਖੀ ਹਿੱਤ ਦੇ ਪਰਿਪੱਖ ’ਚ ਦੇਖਿਆ ਜਾਵੇ। ਜੀਵਨ ’ਚ ਸ੍ਰੇਸ਼ਠ ਚੀਜ਼ਾਂ ਪਰਮਾਤਮਾ ਨੇ ਮੁਫਤ ਦੇ ਰੱਖੀਆਂ ਹਨ, ਪਾਣੀ, ਹਵਾ ਅਤੇ ਪਿਆਰ ਅਤੇ ਅੱਜ ਉਹੀ ਵਿਵਾਦਗ੍ਰਸਤ, ਦੂਸ਼ਿਤ ਅਤੇ ਝੂਠੀਆਂ ਹੋ ਗਈਆਂ ਹਨ।
Read Also : Punjab News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਵਿੱਤ ਮੰਤਰੀ ਵੱਲੋਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਦਾ ਐਲਾਨ
ਵਰਤਮਾਨ ’ਚ ਭਾਰਤ ਸਮੇਤ ਦੁਨੀਆ ਦੀਆਂ ਤਮਾਮ ਨਦੀਆਂ ਸੰਕਟ ਦੇ ਦੌਰ ’ਚੋਂ ਲੰਘ ਰਹੀਆਂ ਹਨ। ਨਦੀਆਂ ਦੇ ਸਾਹਮਣੇ ਜਿੱਥੇ ਪ੍ਰਦੂਸ਼ਣ ਅਤੇ ਕਬਜ਼ੇ ਵਰਗੀਆਂ ਭਿਆਨਕ ਚੁਣੌਤੀਆਂ ਖੜ੍ਹੀਆਂ ਹਨ, ਉੱਥੇ ਉਨ੍ਹਾਂ ’ਚ ਲਗਾਤਾਰ ਘਟ ਰਹੀ ਪਾਣੀ ਦੀ ਮਾਤਰਾ ਵੀ ਗੰਭੀਰ ਚਿੰਤਾ ’ਚ ਪਾਉਣ ਵਾਲੀ ਹੈ। ਕਸਬਿਆਂ ਅਤੇ ਸ਼ਹਿਰਾਂ ਦੇ ਘਰੇਲੂ, ਉਦਯੋਗਿਕ ਕਚਰੇ ਅਤੇ ਗੰਦਗੀ ਦੇ ਵਗਣ ਕਾਰਨ ਨਦੀਆਂ ਨੇ ਗੰਦੇ ਨਾਲਿਆਂ ਦਾ ਰੂਪ ਲੈਣਾ ਸ਼ੁਰੂ ਕਰ ਦਿੱਤਾ ਹੈ। ਸੈਂਕੜੇ ਬਰਸਾਤੀ ਨਦੀਆਂ ਬਹੁਤ ਪਹਿਲਾਂ ਹੀ ਆਪਣੀ ਹੋਂਦ ਗੁਆ ਚੁੱਕੀਆਂ ਹਨ। ਅੱਜ ਜਦੋਂ ਨਦੀਆਂ ਪ੍ਰਦੂਸ਼ਿਤ ਹੋ ਰਹੀਆਂ ਹਨ ਤਾਂ ਕਿਨਾਰੇ ਵੱਸਿਆ ਸਮਾਜ ਵੀ ਉਸ ਪ੍ਰਦੂਸ਼ਣ ਦੇ ਅਸਰ ਤੋਂ ਬਚ ਨਹੀਂ ਪਾ ਰਿਹਾ ਹੈ। ਸਾਡੀ ਖੇਤੀ ਵਿਵਸਥਾ ਦਾ ਕੁਝ ਹਿੱਸਾ ਵੀ ਉਸ ਨਾਲ ਪ੍ਰਭਾਵਿਤ ਹੋ ਰਿਹਾ ਹੈ।
Development
ਅੱਜ ਗੰਦੇ ਪਾਣੀ ਨੂੰ ਨਦੀਆਂ ਦੇ ਪਾਣੀ ਤੋਂ ਵੱਖ ਰੱਖਣ ਦੇ ਵਿਸ਼ੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਇਸ ਗੰਦੇ ਪਾਣੀ ਨੂੰ ਸਾਫ਼ ਕਰਕੇ ਉਸ ਨੂੰ ਖੇਤੀ ਕਾਰਜਾਂ ਅਤੇ ਉਦਯੋਗਾਂ ’ਚ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ। ਸਾਡੀਆਂ ਜਿਹੜੀਆਂ ਨਦੀਆਂ ਨੇ ਨਾਲਿਆਂ ਦਾ ਰੂਪ ਧਾਰਨ ਕਰ ਲਿਆ ਹੈ, ਉਨ੍ਹਾਂ ਨੂੰ ਮੁੜ ਨਦੀ ਬਣਾਉਣ ਦੀ ਲੋੜ ਹੈ, ਨਦੀਆਂ ਪ੍ਰਤੀ ਦੋਸਤਾਨਾ ਵਿਹਾਰ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨਾ ਜ਼ਰੂਰੀ ਹੈ। ਸਮੁੱਚੀ ਦੁਨੀਆ ’ਚ ਪੀਣ ਵਾਲਾ ਸ਼ੁੱਧ ਪਾਣੀ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਪਾਣੀ ਬੇਹੱਦ ਜ਼ਹਿਰੀਲਾ ਹੋ ਗਿਆ ਹੈ। ਇਸ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਨਹੀਂ ਹੋ ਰਹੀ ਹੈ। ਲੋਕਾਂ ਨੂੰ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਦੀਆਂ ਸਾਡੇ ਜੀਵਨ ਦੀ ਜੀਵਨ ਰੇਖਾ ਹਨ, ਰਫ਼ਤਾਰ ਹਨ, ਤਾਕਤ ਹਨ। ਇਹ ਪਾਣੀ, ਬਿਜਲੀ, ਆਵਾਜਾਈ ਅਤੇ ਮਨੋਰੰਜਨ ਦਾ ਸਰੋਤ ਹਨ। ਨਦੀਆਂ ਵਾਤਾਵਰਨ ਲਈ ਵੀ ਬਹੁਤ ਫਾਇਦੇਮੰਦ ਹਨ। ਨਦੀਆਂ ਦੇ ਕਿਨਾਰੇ ਵੱਸੇ ਸ਼ਹਿਰਾਂ ਦੀ ਵਜ੍ਹਾ ਨਾਲ ਇਹ ਆਰਥਿਕ ਰੂਪ ਨਾਲ ਵੀ ਅਹਿਮ ਹਨ, ਇਨ੍ਹਾਂ ਤੋਂ ਤਾਜ਼ਾ ਪੀਣ ਵਾਲਾ ਪਾਣੀ ਮਿਲਦਾ ਹੈ, ਬਿਜਲੀ ਬਣਦੀ ਹੈ, ਖੇਤੀ ਲਈ ਜ਼ਰੂਰੀ ਉਪਜਾਊ ਮਿੱਟੀ ਮਿਲਦੀ ਹੈ। ਨਦੀਆਂ ਜ਼ਰੀਏ ਆਵਾਜਾਈ ਹੁੰਦੀ ਹੈ। ਘਰੇਲੂ ਅਤੇ ਉਦਯੋਗਿਕ ਗੰਦਾ ਪਾਣੀ ਵਗ ਕੇ ਜਾਂਦਾ ਹੈ, ਜਲਵਾਯੂ ਕੰਟਰੋਲ ’ਚ ਮੱਦਦ ਕਰਦੀਆਂ ਹਨ।
Development
ਨਦੀਆਂ ਕੁਦਰਤੀ ਸੰਪੱਤੀ ਹਨ। ਨਦੀਆਂ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਦਾ ਵੀ ਮੁੱਖ ਸਰੋਤ ਹਨ, ਜਿਨ੍ਹਾਂ ਦੇ ਕਿਨਾਰੇ ਕਈ ਮਹੱਤਵਪੂਰਨ ਧਾਰਮਿਕ ਅਸਥਾਨ ਹਨ। ਨਦੀਆਂ ਦੇ ਕਿਨਾਰੇ ਹੀ ਕਈ ਮੁੱਖ ਸ਼ਹਿਰ, ਵਿੱਦਿਅਕ ਅਤੇ ਸੈਰ-ਸਪਾਟੇ ਨਾਲ ਜੁੜੇ ਸ਼ਹਿਰ ਵੱਸੇ ਹਨ। ਨਦੀਆਂ ਦੀ ਸਾਫ-ਸਫਾਈ ਦੇ ਨਾਂਅ ’ਤੇ ਕਈ ਹਜ਼ਾਰ ਕਰੋੜ ਰੁਪਏ ਬਹਾ ਦਿੱਤੇ ਗਏ ਹਨ, ਪਰ ਲੱਗਦਾ ਹੈ ਸਭ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਗਏ।
ਆਧੁਨਿਕ ਖੋਜਾਂ ਤੋਂ ਵੀ ਪ੍ਰਮਾਣਿਤ ਹੋ ਗਿਆ ਹੈ ਕਿ ਗੰਗਾ ਦੀ ਤਲਹਟੀ ’ਚ ਹੀ ਉਸ ਦੇ ਪਾਣੀ ਦੇ ਅਦਭੁੱਤ ਹੋਣ ਦੇ ਕਾਰਨ ਮੌਜੂਦ ਹਨ। ਜਦੋਂਕਿ ਉਦਯੋਗਿਕ ਵਿਕਾਸ ਨੇ ਗੰਗਾ ਜੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ ਹੈ, ਪਰ ਉਸ ਦਾ ਮਹੱਤਵ ਕਾਇਮ ਹੈ। ਗੰਗਾ ਦਾ ਇੱਕ ਮਾਣਮੱਤਾ ਇਤਿਹਾਸ ਰਿਹਾ ਹੈ। ਗੰਗਾ ਨੇ ਆਪਣੀਆਂ ਵੱਖ-ਵੱਖ ਧਾਰਾਵਾਂ ਨਾਲ, ਵੱਖ-ਵੱਖ ਸਰੋਤਾਂ ਨਾਲ ਭਾਰਤੀ ਸੱਭਿਅਤਾ ਨੂੰ ਖੁਸ਼ਹਾਲ ਕੀਤਾ, ਗੰਗਾ ਸੰਸਾਰ ’ਚ ਭਾਰਤ ਦੀ ਪਛਾਣ ਹੈ। ਗੰਗਾ ਦਾ ਐਨਾ ਮਹੱਤਵ ਹੈ, ਉਪਯੋਗਿਤਾ ਹੈ ਤਾਂ ਫਿਰ ਕਿਉਂ ਉਸ ਪ੍ਰਤੀ ਅਣਦੇਖੀ ਅਤੇ ਉਦਾਸੀਨਤਾ ਵਰਤੀ ਜਾਂਦੀ ਰਹੀ ਹੈ?
ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)