
President Droupadi Murmu: ਬਠਿੰਡਾ ਏਮਜ਼ ਪ੍ਰਬੰਧਕਾਂ ਨੂੰ ਕੈਂਸਰ ਤੇ ਨਸ਼ਿਆਂ ਦੇ ਖਾਤਮੇ ਲਈ ਡਟ ਕੇ ਕੰਮ ਕਰਨ ਦਾ ਸੁਨੇਹਾ
President Droupadi Murmu: ਬਠਿੰਡਾ (ਸੁਖਜੀਤ ਮਾਨ)। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਇੱਥੇ ਡੱਬਵਾਲੀ ਰੋਡ ’ਤੇ ਸਥਿਤ ਏਮਜ ’ਚ ਕਨਵੋਕੇਸ਼ਨ ਦੌਰਾਨ ਸੰਬੋਧਨ ਕਰਦਿਆਂ ਬਠਿੰਡਾ ਸਮੇਤ ਸਮੁੱਚੇ ਮਾਲਵੇ ’ਚ ਫੈਲੀ ਕੈਂਸਰ ਦੀ ਬਿਮਾਰੀ ’ਤੇ ਚਿੰਤਾ ਪ੍ਰਗਟ ਕੀਤੀ। ਰਾਸ਼ਟਰਪਤੀ ਨੇ ਏਮਜ਼ ਪ੍ਰਬੰਧਕਾਂ ਨੂੰ ਕੈਂਸਰ ਸਮੇਤ ਨਸ਼ੇ ਦੇ ਖਾਤਮੇ ਲਈ ਡਟ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ।
Read Also : Sunam News: ਚੋਰਾਂ ’ਤੇ ਕਾਰਵਾਈ ਦੀ ਮੰਗ ਸਬੰਧੀ ਥਾਣੇ ਅੱਗੇ ਦਿੱਤਾ ਧਰਨਾ
ਰਾਸ਼ਟਰਪਤੀ ਨੇ ਕੈਂਸਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੰਕੜਿਆਂ ਬਾਰੇ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਿਕ ਪੰਜਾਬ ਦੇ ਮਾਲਵਾ ਖੇਤਰ ’ਚ ਪੂਰੇ ਭਾਰਤ ਨਾਲੋਂ ਫੈਲੇ ਕੈਂਸਰ ਦੇ ਮੁਕਾਬਲੇ ਔਸਤ ਕਾਫੀ ਜ਼ਿਆਦਾ ਹੈ, ਜੋ ਚਿੰਤਾਜਨਕ ਹੈ। ਮਾਲਵਾ ਖੇਤਰ ’ਚ ਪੀਣ ਵਾਲੇ ਪਾਣੀ ਦੀ ਗੁਣਵਤਾ ’ਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਮਨੁੱਖੀ ਸਿਹਤ ਲਈ ਚੰਗਾ ਨਹੀਂ ਹੈ। ਉਨ੍ਹਾਂ ਪੈਸਟੀਸਾਈਡ ਦਾ ਵੀ ਕੈਂਸਰ ਦੇ ਵਾਧੇ ਲਈ ਜ਼ਿਕਰ ਕੀਤਾ ਕਿ ਇਸ ਨਾਲ ਖਾਧ ਪਦਾਰਥਾਂ ’ਚ ਮਿਲੀਆਂ ਸਪ੍ਰੇਆਂ ਆਦਿ ਸਰੀਰ ’ਚ ਬਿਮਾਰੀਆਂ ਪੈਦਾ ਕਰਦੀਆਂ ਹਨ।
President Droupadi Murmu arrives in Bathinda
ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਤੋਂ ਇਲਾਵਾ ਨਸ਼ੇ ਵੀ ਸਮਾਜ ਲਈ ਮਾਰੂ ਸਾਬਿਤ ਹੋ ਰਹੇ ਹਨ। ਨਸ਼ਿਆਂ ਕਾਰਨ ਹਰ ਸਾਲ ਕੌਮੀ ਪੱਧਰ ’ਤੇ ਦੇਸ਼ ਦਾ ਕਾਫੀ ਨੁਕਸਾਨ ਹੁੰਦਾ ਹੈ, ਜਿਸ ਨੂੰ ਠੱਲ੍ਹ ਪਾਉਣ ਦੀ ਸਖਤ ਲੋੜ ਹੈ। ਉਨ੍ਹਾਂ ਇਸ ਸਮਾਗਮ ’ਚ ਮੌਜ਼ੂਦ ਏਮਜ਼ ਪ੍ਰਬੰਧਕਾਂ ਨੂੰ ਕਿਹਾ ਕਿ ਏਮਜ਼ ਨੇ ਜਿੱਥੇ ਹੋਰ ਖੇਤਰਾਂ ’ਚ ਥੋੜ੍ਹੇ ਸਮੇਂ ’ਚ ਹੀ ਕਾਫੀ ਤਰੱਕੀ ਕੀਤੀ ਹੈ, ਉੱਥੇ ਹੀ ਕੈਂਸਰ ਅਤੇ ਨਸ਼ਿਆਂ ਦੇ ਮਾਮਲੇ ’ਚ ਕਾਫੀ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੈਂਸਰ ਲਈ ਏਮਜ਼ ਨੂੰ ਅਜਿਹੇ ਖੋਜ ਯਤਨ ਆਰੰਭ ਕਰਨੇ ਚਾਹੀਦੇ ਹਨ ਕਿ ਇਸ ਬਿਮਾਰੀ ਦੀ ਸ਼ੁਰੂਆਤ ’ਚ ਹੀ ਮਰੀਜ਼ਾਂ ਦਾ ਪਤਾ ਲਾ ਕੇ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਨਸ਼ਿਆਂ ਦੇ ਮਾਮਲੇ ’ਚ ਲੋਕਾਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਕੈਂਸਰ ਨੇ ਕਰਜ਼ਈ ਕੀਤੇ ਲੋਕ
ਕੈਂਸਰ ਦੇ ਭੈੜੇ ਰੋਗ ਨੇ ਲੋਕਾਂ ਨੂੰ ਕਰਜ਼ਈ ਕਰ ਦਿੱਤਾ ਹੈ। ਲੋਕਾਂ ਵੱਲੋਂ ਕਰਜ਼ਾ ਚੁੱਕ ਕੇ ਆਪਣਾ ਇਲਾਜ ਕਰਵਾਇਆ ਜਾ ਰਿਹਾ ਹੈ। ਉਂਜ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤਾਂ ਨੂੰ ‘ਮੁੱਖ ਮੰਤਰੀ ਕੈਂਸਰ ਰਾਹਤ ਫੰਡ’ ’ਚੋਂ ਵੀ ਕਰੀਬ ਡੇਢ ਲੱਖ ਰੁਪਇਆ ਇਲਾਜ ਲਈ ਸਹਾਇਤਾ ਦਿੱਤੀ ਜਾਂਦੀ ਹੈ ਪਰ ਜ਼ਿਆਦਾ ਖਰਚ ਅੱਗੇ ਡੇਢ ਲੱਖ ਰੁਪਇਆ ‘ਊਠ ਦੇ ਮੂੰਹ ’ਚ ਜ਼ੀਰਾ’ ਹੀ ਸਾਬਿਤ ਹੋ ਰਿਹਾ ਹੈ।
ਡਾਕਟਰ ਨੈਤਿਕ ਜਿੰਮੇਵਾਰੀ ਨੂੰ ਸਮਝਣ : ਰਾਸ਼ਟਰਪਤੀ
ਰਾਸ਼ਟਰਪਤੀ ਨੇ ਸਮਾਗਮ ’ਚ ਮੌਜ਼ੂਦ ਡਾਕਟਰਾਂ ਨੂੰ ਕਿਹਾ ਕਿ ਡਾਕਟਰਾਂ ਨੂੰ ਸਾਡੇ ਸਮਾਜ ਵਿੱਚ ਬਹੁਤ ਉੱਚਾ ਸਥਾਨ ਦਿੱਤਾ ਗਿਆ ਹੈ। ਇੱਕ ਡਾਕਟਰ ਤੋਂ ਪੇਸ਼ੇਵਰ ਯੋਗਤਾ ਦੇ ਨਾਲ-ਨਾਲ ਹਮਦਰਦੀ, ਦਿਆਲਤਾ ਅਤੇ ਹਮਦਰਦੀ ਵਰਗੇ ਮਨੁੱਖੀ ਮੁੱਲਾਂ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਡਾਕਟਰਾਂ ਨੂੰ ਇਸ ਨੈਤਿਕ ਜ਼ਿੰਮੇਵਾਰੀ ਨੂੰ ਸਮਝਣ ਅਤੇ ਉਸ ਅਨੁਸਾਰ ਕੰਮ ਕਰਨ ਦੀ ਸਲਾਹ ਦਿੱਤੀ। ਡਾਕਟਰੀ ਪੇਸ਼ੇਵਰ ਹੋਣ ਦੇ ਨਾਤੇ ਕਈ ਵਾਰ ਉਨ੍ਹਾਂ ਨੂੰ ਬਹੁਤ ਚੁਣੌਤੀਪੂਰਨ ਸਥਿਤੀਆਂ ਵਿੱਚੋਂ ਲੰਘਣਾ ਪੈਂਦਾ ਹੈ ਪਰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣਾ ਪਵੇਗਾ।