ਤਹਿਸੀਲਦਾਰਾਂ ਵੱਲੋਂ ਸਮੂਹਿਕ ਛੁੱਟੀ, ਭਗਵੰਤ ਮਾਨ ਬੋਲੇ, ‘ਛੁੱਟੀ ਮੁਬਾਰਕ’, ਬਲੈਕ-ਮੇਲ ਕਰਨ ਦੀ ਕੋਸ਼ਿਸ਼ ਨਾ ਕਰੋ | Punjab Tehsildar News
- ਨਾਇਬ ਤਹਿਸੀਲਦਾਰਾਂ ਅਤੇ ਕਾਨੂੰਗੋ ਨੂੰ ਸਰਕਾਰ ਨੇ ਦਿੱਤੀ ਰਜਿਸਟਰੀਆਂ ਕਰਨ ਦੀ ਪਾਵਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਤਹਿਸੀਲਦਾਰਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕਾਫ਼ੀ ਜਿਆਦਾ ਭੜਕ ਗਏ ਹਨ ਅਤੇ ਤਹਿਸੀਲਦਾਰਾਂ ਨੂੰ ਉਨਾਂ ਦੀ ਜੁਬਾਨ ਵਿੱਚ ਹੀ ‘ਛੁੱਟੀ ਮੁਬਾਰਕ’ ਕਹਿੰਦੇ ਹੋਏ ਹੁਣ ਤੋਂ ਬਾਅਦ ਡਿਊਟੀ ’ਤੇ ਨਹੀਂ ਆਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਨਾਂ ਤਹਿਸੀਲਦਾਰਾਂ ਦੀ ਗੈਰ ਹਾਜ਼ਰੀ ਵਿੱਚ ਨਾਇਬ ਤਹਿਸੀਲਦਾਰਾਂ ਅਤੇ ਕਾਨੂੰਗੋ ਨੂੰ ਰਜਿਸਟਰੀਆਂ ਕਰਨ ਦੀ ਪਾਵਰ ਦੇ ਦਿੱਤੀ ਗਈ ਹੈ, ਇਸ ਦੇ ਨਾਲ ਹੀ ਲੋੜ ਲੈਣ ’ਤੇ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਰਜਿਸਟਰੀਆਂ ਕਰਨ ਦੀ ਪਾਵਰ ਦਿੰਦੇ ਹੋਏ ਤਹਿਸੀਲਾਂ ਵਿੱਚ ਬਿਠਾਇਆ ਜਾ ਸਕਦਾ ਹੈ ਪਰ ਆਮ ਲੋਕਾਂ ਦੇ ਕੰਮਾਂ ਨੂੰ ਰੁਕਣ ਨਹੀਂ ਦਿੱਤਾ ਜਾਏਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਹਿਸੀਲਦਾਰਾਂ ਨੂੰ ਬਲੈਕ-ਮੇਲ ਦਾ ਤਗਮਾ ਦਿੰਦੇ ਹੋਏ ਕਿਹਾ ਕਿ ਹੁਣ ਤਾਂ ਹੱਦ ਹੀ ਹੋਈ ਪਈ ਹੈ ਕਿ ਆਮ ਲੋਕਾਂ ਦਾ ਕੰਮਕਾਜ ਰੋਕਣ ਦੀ ਧਮਕੀ ਦਿੰਦੇ ਹੋਏ ਇਹ ਤਹਿਸੀਲਦਾਰ ਭ੍ਰਿਸ਼ਟਾਚਾਰ ਕਰਨ ਦਾ ਲਾਇਸੰਸ ਹੀ ਮੰਗੀ ਜਾ ਰਹੇ ਹਨ। ਭਗਵੰਤ ਮਾਨ ਨੇ ਸਾਫ਼ ਕੀਤਾ ਕਿ ਵਿਜੀਲੈਂਸ ਵਿਭਾਗ ਵੱਲੋਂ ਜਿਹੜੇ ਤਹਿਸੀਲਦਾਰਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ, ਉਨਾਂ ਨੂੰ ਕਿਸੇ ਵੀ ਹਾਲਤ ਵਿੱਚ ਛੱਡਿਆ ਨਹੀਂ ਜਾਏਗਾ, ਸਗੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਹਿਲਾਂ ਨਾਲੋਂ ਜਿਆਦਾ ਸਖ਼ਤ ਕਾਰਵਾਈ ਕੀਤੀ ਜਾਏਗੀ।
ਇਹ ਵੀ ਪੜ੍ਹੋ: Punjab News: ਅਧਿਕਾਰੀਆਂ ਦੇ ਭਰੋਸੇ ਨਹੀਂ ਰਹੇਗਾ ਨਾਜਾਇਜ਼ ਮਾਈਨਿੰਗ, ਡਰੋਨ ਤੇ ਸੈਟੇਲਾਇਟ ਰੱਖਣਗੇ ਪੈਣੀ ਨਜ਼ਰ
ਭਗਵੰਤ ਮਾਨ ਦਾ ਦਾਅਵਾ ਹੈ ਕਿ ਤਹਿਸੀਲਦਾਰਾਂ ਦੀ ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਿਛਲੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਿਹੜੇ ਵੀ ਤਹਿਸੀਲਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨਾਂ ਨੂੰ ਛੱਡਣ ਦੇ ਨਾਲ ਹੀ ਉਨਾਂ ਖ਼ਿਲਾਫ਼ ਦਰਜ਼ ਮਾਮਲੇ ਵਾਪਸ ਲਏ ਜਾਣ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਬਰਦਾਸ਼ਤ ਨਹੀਂ ਕਰੇਗੀ। ਇਸ ਲਈ ਤਹਿਸੀਲਦਾਰਾਂ ਨੇ ਜੇਕਰ ਛੁੱਟੀ ਕਰਨੀ ਹੀ ਹੈ ਤਾਂ ਉਨਾਂ ਨੂੰ ਛੁੱਟੀ ਮੁਬਾਰਕ ਹੋਵੇ।
ਤਹਿਸੀਲਦਾਰਾਂ ਦੀ ਸੀਟਾਂ ’ਤੇ ਬਿਠਾ ਦਿਆਂਗੇ ‘ਮਾਸਟਰ’, ਨਹੀਂ ਰੁਕਣ ਦਿਆਂਗੇ ਆਮ ਲੋਕਾਂ ਦਾ ਕੰਮ : ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ ਕਿ ਤਹਿਸੀਲਦਾਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਜੇਕਰ ਉਹ ਤੈਅ ਸਮੇਂ ਵਿੱਚ ਛੁੱਟੀ ਨੂੰ ਖ਼ਤਮ ਕਰਕੇ ਵਾਪਸ ਨਹੀਂ ਪਰਤਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਅਤੇ ਛੁੱਟੀ ਤੋਂ ਬਾਅਦ ਕਿਹੜੀ ਸੀਟ ਅਤੇ ਕਿਹੜੇ ਜ਼ਿਲ੍ਹੇ ਵਿੱਚ ਲਗਾਉਣਾ ਹੈ, ਇਸ ਸਬੰਧੀ ਫੈਸਲਾ ਸਰਕਾਰ ਵੱਲੋਂ ਹੀ ਲਿਆ ਜਾਏਗਾ।
ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀ ਤਹਿਸੀਲਾਂ ਵਿੱਚ ਰਜਿਸਟਰੀਆਂ ਦਾ ਕੰਮ ਪਹਿਲਾਂ ਵਾਂਗ ਹੀ ਚਲਾਉਣ ਲਈ ਨਾਇਬ ਤਹਿਸੀਲਦਾਰਾਂ ਅਤੇ ਕਾਨੂੰਗੋ ਨੂੰ ਚਾਰਜ ਦੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੇਕਰ ਲੋੜ ਪਈ ਤਾਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਮਾਸਟਰਾਂ ਨੂੰ ਵੀ ਰਜਿਸਟਰੀਆਂ ਕਰਨ ਲਈ ਪਾਵਰ ਦੇ ਦਿੱਤੀ ਜਾਏਗੀ ਪਰ ਕਿਸੇ ਵੀ ਹਾਲਤ ਵਿੱਚ ਆਮ ਲੋਕਾਂ ਦਾ ਕੰਮ ਰੁਕਣ ਨਹੀਂ ਦਿੱਤਾ ਜਾਏਗਾ।