Government Residence Punjab: ਦਰਵਾਜ਼ੇ, ਚੁਗਾਠਾਂ, ਟੂਟੀਆਂ, ਫਰਸ਼ ਅਤੇ ਹੋਰ ਸਾਜ਼ੋ ਸਮਾਨ ਨਸ਼ੇੜੀਆਂ ਦੇ ਨਸ਼ੇ ’ਚ ਲੱਗਿਆ
- ਕਦੇ ਇਸ ਕੋਠੀ ’ਚੋਂ ਹੁੰਦੀ ਸੀ ਸ਼ਹਿਰ ਦੀ ਰਾਜਨੀਤੀ ਤੈਅ, ਅੱਜ ਦੇਖ ਕੇ ਆ ਰਿਹੈ ਰੋਣਾ | Government Residence Punjab
Government Residence Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਦੋ ਏਕੜ ’ਚ ਬਣੀ ਸਰਕਾਰੀ ਮਹਿਲਨੁਮਾ ਕੋਠੀ ਜਿੱਥੇ ਕਦੇ ਪਟਿਆਲਾ ਸ਼ਹਿਰ ਦੀ ਰਾਜਨੀਤੀ ਤੈਅ ਹੁੰਦੀ ਸੀ ਤੇ ਪਟਿਆਲਾ ਦੇ ਵਿਕਾਸ ਕਾਰਜਾਂ ਲਈ ਚਰਚਾ ਹੁੰਦੀ ਸੀ, ਉਸੇ ਸਰਕਾਰੀ ਕੋਠੀ ’ਚ ਅੱਜ ਨਸ਼ੇੜੀਆਂ ਦਾ ਰਾਜ ਹੈ ਤੇ ਨਸ਼ੇ ਦੀ ਪੂਰਤੀ ਲਈ ਸ਼ਹਿਰ ਦੇ ਵਿਚਕਾਰ ਇਹ ਸੁਰੱਖਿਅਤ ਥਾਂ ਬਣੀ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਦੀ ਇਹ ਪ੍ਰਾਪਰਟੀ ਸਬੰਧਿਤ ਪੀਡਬਲਯੂਡੀ ਵਿਭਾਗ ਤੋਂ ਸੰਭਾਲੀ ਹੀ ਨਹੀਂ ਜਾ ਰਹੀ ਤੇ ਇੱਥੇ ਹੁਣ ਸਿਰਫ਼ ਕੰਧਾਂ ਹੀ ਨਸ਼ੇੜੀਆਂ ਤੋਂ ਬਚੀਆਂ ਹੋਈਆਂ ਹਨ ਬਾਕੀ ਸਭ ਕੁਝ ਮਲੀਆਮੇਟ ਹੋਇਆ ਪਿਆ ਹੈ।
Read Also : AAP Candidate Ludhiana: ‘ਆਪ’ ਉਮੀਦਵਾਰ ਨੇ ਸ਼ਹਿਰ ’ਚ ਸੀਸੀਟੀਵੀ ਕੈਮਰੇ ਤੇ ਰੋਡ ਡਿਵਾਈਡਰ ਲਗਾਉਣ ਲਈ ਦਿੱਤੇ 10 ਲੱਖ
ਜਾਣਕਾਰੀ ਅਨੁਸਾਰ ਸ਼ਹਿਰ ਦੇ 21 ਨੰਬਰ ਫਾਟਕ ਦੇ ਨੇੜੇ ਕੋਠੀ ਨੰਬਰ 6-ਏ ਜੋ ਕਿ ਸਾਬਕਾ ਮੇਅਰ ਸੰਜੀਵ ਬਿੱਟੂ ਦੀ ਸਰਕਾਰੀ ਰਿਹਾਇਸ਼ ਸੀ ਤੇ ਇਹ ਡੇਢ-ਦੋ ਏਕੜ ਥਾਂ ਵਿੱਚ ਫੈਲੀ ਹੋਈ ਹੈ। ਜਦੋਂ ਸੰਜੀਵ ਬਿੱਟੂ ਮੇਅਰ ਦੇ ਅਹੁਦੇ ’ਤੇ ਸਨ ਤਾਂ ਇਸ ਕੋਠੀ ਵਿੱਚ ਹੀ ਪਟਿਆਲਾ ਸ਼ਹਿਰ ਦੀ ਰਾਜਨੀਤੀ ਦੀ ਚਰਚਾ ਹੁੰਦੀ ਸੀ ਤੇ ਇੱਥੋਂ ਹੀ ਪਟਿਆਲਾ ਦੇ ਵਿਕਾਸ ਕਾਰਜਾਂ ਸਬੰਧੀ ਰਣਨੀਤੀਆਂ ਤੈਅ ਹੁੰਦੀਆਂ ਸਨ। ਇਸ ਸਰਕਾਰੀ ਕੋਠੀ ’ਚ ਰਾਜਨੀਤਿਕ ਆਗੂਆਂ ਦੀ ਆਮਦ ਵੀ ਲੱਗੀ ਰਹਿੰਦੀ ਸੀ।
Government Residence Punjab
ਸੰਜੀਵ ਬਿੱਟੂ ਦੇ ਮੇਅਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਵੱਲੋਂ ਇਸ ਸਰਕਾਰੀ ਰਿਹਾਇਸ਼ ਨੂੰ ਖਾਲੀ ਕੀਤਾ ਗਿਆ ਤਾਂ ਇੱਥੇ ਕਿਸੇ ਵੀ ਉੱਚ ਅਧਿਕਾਰੀ ਜਾਂ ਰਾਜਸੀ ਆਗੂ ਦੇ ਪੈਰ ਹੀ ਨਹੀਂ ਪਏ। ਇਸ ਸਰਕਾਰੀ ਕੋਠੀ ਦੀ ਅੱਜ ਹਾਲਤ ਇਹ ਹੈ ਕਿ ਇਹ ਸਮਾਜ ਵਿਰੋਧੀ ਅਨਸਰਾਂ ਦਾ ਅੱਡਾ ਬਣ ਚੁੱਕੀ ਹੈ। ਨਸ਼ੇੜੀਆਂ ਵੱਲੋਂ ਇਸ ਦੀ ਹਾਲਤ ਇਸ ਤਰ੍ਹਾਂ ਦੀ ਕਰ ਦਿੱਤੀ ਗਈ ਹੈ ਕਿ ਇਸ ਸਰਕਾਰੀ ਕੋਠੀ ਦੀ ਹਾਲਤ ਦੇਖ ਕੇ ਖੁਦ ਹੀ ਰੌਣਾ ਆ ਜਾਵੇਗਾ।
ਇਸ ਕੋਠੀ ਦੇ ਦਰਵਾਜ਼ੇ, ਚੁਗਾਠਾਂ ਤੋੜੀਆਂ ਪਈਆਂ ਹਨ ਤੇ ਟੂਟੀਆਂ ਸਮੇਤ ਹੋਰ ਸਮਾਨ ਨਸ਼ੇ ਦੀ ਪੂਰਤੀ ਦਾ ਸੇਵਨ ਬਣ ਗਈਆਂ ਹਨ। ਕੋਠੀ ਅੰਦਰ ਬਿਜਲੀ ਦੇ ਬੋਰਡ ਸਮੇਤ ਫਿਟਿੰਗ ਦੇ ਸਮਾਨ ਦੇ ਸਿਰਫ਼ ਖਾਲੀ ਹੋਲ ਹੀ ਰਹਿ ਗਏ ਹਨ। ਇੱਥੋਂ ਤੱਕ ਕਿ ਕੋਠੀ ਦਾ ਫਰਸ਼ ਵੀ ਤਹਿਸ-ਨਹਿਸ਼ ਹੋਇਆ ਪਿਆ ਹੈ ਅਤੇ ਲੱਕੜ ਦੇ ਦਰਵਾਜਿਆਂ ਸਮੇਤ ਹੋਰ ਥਾਂਵਾਂ ’ਤੇ ਥਾਂ-ਥਾਂ ਅੱਗ ਲਗਾਈ ਪਈ ਹੈ।
ਇਸ ਕੋਠੀ ਦੇ ਹਾਲਾਤ ਇਹ ਹਨ ਕਿ ਜੇਕਰ ਇਹ ਮੌਜੂਦਾ ਮੇਅਰ ਨੂੰ ਅਲਾਟ ਹੋਵੇਗੀ ਤਾਂ ਇਸ ਨੂੰ ਦੁਬਾਰਾ ਰਿਹਾਇਸ਼ ਯੋਗ ਬਣਾਉਣ ਲਈ ਲੱਖਾਂ ਰੁਪਏ ਖਰਚਣੇ ਪੈਣਗੇ। ਜੇਕਰ ਗੱਲ ਪੁਲਿਸ ਪ੍ਰਸ਼ਾਸਨ ਦੀ ਕੀਤੀ ਜਾਵੇ ਤਾਂ ਉਹ ਇੱਕ ਪਾਸੇ ਤਾਂ ਨਸ਼ਾ ਤਸਕਰਾਂ ਦੇ ਘਰ ਢਹਿ ਢੇਰੀ ਕਰ ਰਿਹਾ ਹੈ ਪਰ ਸਰਕਾਰੀ ਪ੍ਰਾਪਰਟੀਆਂ ਜਿਨ੍ਹਾਂ ’ਤੇ ਨਸ਼ੇੜੀਆਂ ਨੇ ਆਪਣੇ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਖਾਲੀ ਕੋਠੀਆਂ ਦੀ ਦੁਰਦਸ਼ਾ ਦਾ ਜ਼ਿੰਮੇਵਾਰ ਕੌਣ ?
ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਸਰਕਾਰੀ ਕੋਠੀਆਂ ਦੀ ਦੇਖ-ਰੇਖ ਤੇ ਸੰਭਾਲ ਕਰਨ ਵਾਲਾ ਪੀਡਬਲਯੂਡੀ ਵਿਭਾਗ ਆਖਰ ਕਿੱਥੇ ਸੁੱਤਾ ਪਿਆ ਹੈ। ਇਸ ਵਿਭਾਗ ਦੇ ਕਰਮਚਾਰੀਆਂ ਜਾਂ ਅਧਿਕਾਰੀਆਂ ਨੇ ਕਦੇ ਇਸ ਕੋਠੀ ਦੀ ਸਾਰ ਲੈਣ ਲਈ ਇੱਥੇ ਗੇੜਾ ਨਹੀਂ ਮਾਰਿਆ। ਕੀ ਖਾਲੀ ਪਈਆਂ ਸਰਕਾਰੀ ਕੋਠੀਆਂ ਦੀ ਦੁਰਦਸ਼ਾ ਇਸੇ ਤਰ੍ਹਾਂ ਹੁੰਦੀ ਹੈ? ਕੀ ਇਸ ਸਰਕਾਰੀ ਕੋਠੀ ’ਚ ਰਹਿਣਯੋਗ ਕੋਈ ਵੱਡਾ ਰਾਜਨੀਤਿਕ ਆਗੂ ਜਾਂ ਅਧਿਕਾਰੀ ਨਹੀਂ ਮਿਲਿਆ ਤਾਂ ਜੋ ਇਸ ਕੋਠੀ ਦੀ ਸਾਂਭ-ਸੰਭਾਲ ਬਣੀ ਰਹਿੰਦੀ।
ਅਧਿਕਾਰੀ ਮਾਮਲਾ ਇੱਕ-ਦੂਜੇ ’ਤੇ ਸੁੱਟਦੇ ਰਹੇ
ਇਸ ਸਬੰਧੀ ਜਦੋਂ ਪੀਡਬਲਯੂਡੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹ ਮਾਮਲਾ ਇੱਕ-ਦੂਜੇ ’ਤੇ ਸੁੱਟਦੇ ਨਜ਼ਰ ਆਏ ਤੇ ਕੁਝ ਵੀ ਦੱਸਣ ਤੋਂ ਆਨਾਕਾਨੀ ਕਰਦੇ ਰਹੇ। ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੋਇਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਜੇਕਰ ਸਰਕਾਰੀ ਕੋਠੀ ਕਿਸੇ ਨੂੰ ਅਲਾਟ ਨਹੀਂ ਹੁੰਦੀ ਤਾਂ ਕੀ ਉਸਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਸਬੰਧਿਤ ਵਿਭਾਗ ਦੀ ਨਹੀਂ ਹੁੰਦੀ? ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।