ਨਾਕੇ ਤੋਂ ਭੱਜ ਨਿਕਲੇ ਦੀਪੇ ਦੀ ਗੱਡੀ ਪਲਟਣ ਉਪਰੰਤ ਪੁਲਿਸ ਨੇ ਕੀਤਾ ਕਾਬੂ | Ferozepur News
Ferozepur News: (ਜਗਦੀਪ ਸਿੰਘ) ਫਿਰੋਜਪੁਰ। ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਨਸ਼ਾ ਤਸਕਰ-ਕਮ-ਗੈਂਗਸਟਰ ਹਰਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਘੱਲ ਖੁਰਦ, ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਟੀਮ ਨੇ ਉਸਦੇ ਕਬਜ਼ੇ ਵਿੱਚੋਂ ਤਿੰਨ ਆਧੁਨਿਕ ਹਥਿਆਰਾਂ ਇੱਕ 9 ਐਮਐਮ ਗਲੌਕ ਪਿਸਤੌਲ, ਇੱਕ .30 ਐਮਐਮ ਬੇਰੇਟਾ ਪਿਸਤੌਲ ਅਤੇ ਇੱਕ ਪੰਪ ਐਕਸਨ ਗੰਨ ਸਮੇਤ ਤਿੰਨ ਮੈਗਜ਼ੀਨਾਂ ਅਤੇ 141 ਵੱਖ-ਵੱਖ ਕਾਰਤੂਸਾਂ ਦੇ ਨਾਲ ਨਾਲ 45 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।
ਇਸ ਤੋਂ ਇਲਾਵਾ ਉਸਦੀ ਮਾਰੂਤੀ ਸਵਿਫਟ ਕਾਰ, ਜਿਸ ਵਿੱਚ ਉਹ ਸਵਾਰ ਸੀ, ਨੂੰ ਵੀ ਜ਼ਬਤ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ, ਏਆਈਜੀ ਸੀਆਈ ਫਿਰੋਜ਼ਪੁਰ ਲਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਨੂੰ ਮੁਲਜ਼ਮ ਹਰਦੀਪ ਦੀਪਾ ਦੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਵਿੱਚ ਸ਼ਾਮਲ ਹੋਣ ਅਤੇ ਉਸ ਵੱਲੋਂ ਹਾਲ ਹੀ ਵਿੱਚ ਅਪਰਾਧਿਕ ਤੱਤਾਂ ਨੂੰ ਅੱਗੇ ਸਪਲਾਈ ਕਰਨ ਲਈ ਇੱਕ ਹਥਿਆਰਾਂ ਦੀ ਖੇਪ ਵੀ ਪ੍ਰਾਪਤ ਕਰਨ ਬਾਰੇ ਭਰੋਸੇਯੋਗ ਸੂਹ ਮਿਲੀ ਸੀ।
ਇਹ ਵੀ ਪੜ੍ਹੋ: Benefits Of Raisins: ਭਿੱਜੀ ਕਿਸ਼ਮਿਸ਼ ਖਾਓ, ਹਮੇਸ਼ਾ ਸਿਹਤਮੰਦ ਰਹੋ
ਉਨ੍ਹਾਂ ਦੱਸਿਆ ਕਿ ਇਸ ਸੂਹ ‘ਤੇ ਤੁਰੰਤ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਕੋਟਕਪੂਰਾ ਵਿੱਚ ਪੰਜ ਗਰਾਂਈ ਮੋੜ ਨੇੜੇ ਇੱਕ ਨਾਕਾ ਲਗਾਇਆ ਅਤੇ ਸੱਕੀ ਸਵਿੱਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਨ੍ਹਾਂ ਦੱਸਿਆ ਕਿ ਕਾਰ ਨੂੰ ਰੋਕਣ ਦੀ ਬਜਾਏ, ਮੁਲਜ਼ਮ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਉਸਦਾ ਪਿੱਛਾ ਕੀਤਾ ਅਤੇ ਪੰਜਗਰਾਂਈ ਇਲਾਕੇ ਵਿੱਚ ਮੁਲਜ਼ਮ ਨੂੰ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਸਦੀ ਗੱਡੀ ਅਚਾਨਕ ਇੱਕ ਛੋਟੀ ਸੜਕ ਵੱਲ ਮੋੜਨ ਉਪਰੰਤ ਪਲਟ ਗਈ।
ਏਆਈਜੀ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਮੋਗਾ, ਫਿਰੋਜ਼ਪੁਰ ਅਤੇ ਫਾਜਿ਼ਲਕਾ ਵਿੱਚ ਅਸਲਾ ਐਕਟ, ਇਰਾਦਾ ਕਤਲ ਅਤੇ ਹੋਰ ਗੰਭੀਰ ਅਪਰਾਧਾਂ ਤਹਿਤ ਚਾਰ ਮਾਮਲੇ ਦਰਜ ਹਨ, ਜੋ ਅਪ੍ਰੈਲ 2024 ਵਿੱਚ ਜਮਾਨਤ ‘ਤੇ ਰਿਹਾਅ ਹੋ ਕਿ ਆਇਆ ਸੀ ਅਤੇ ਜੇਲ੍ਹ ਤੋਂ ਬਾਹਰ ਆਉਣ ਉਪਰੰਤ, ਉਸਨੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਦੁਬਾਰਾ ਸੁਰੂ ਕਰ ਦਿੱਤੀਆਂ। ਇਸ ਸਬੰਧੀ ਪੁਲਿਸ ਸਟੇਸਨ ਸਟੇਟ ਸਪੈਸ਼ਲ ਆਪ੍ਰੇਸਨ ਸੈੱਲ (ਐਸਐਸਓਸੀ) ਫਾਜ਼ਿਲਕਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 25 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। Ferozepur News
ਅੱਤਵਾਦੀ ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਹਥਿਆਰ ਸਰਹੱਦ ਪਾਰੋਂ ਭੇਜੇ ਗਏ ਸਨ: ਡੀਜੀਪੀ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਥਿਆਰ ਪਾਕਿਸਤਾਨ ਤੋਂ ਕਿਸੇ ਅਣਪਛਾਤੀ ਵਿਦੇਸੀ ਸੰਸਥਾ, ਜਿਸ ਦਾ ਉਦੇਸ ਸੂਬੇ ਵਿੱਚ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਇਹਨਾਂ ਦੀ ਵਰਤੋਂ ਕਰਨਾ ਸੀ, ਰਾਹੀਂ ਭੇਜੇ ਗਏ ਸਨ ਅਤੇ ਇਸ ਵਿਦੇਸੀ ਸੰਸਥਾ ਦੀ ਪਛਾਣ, ਭੂਮਿਕਾ ਅਤੇ ਇਸਦੇ ਵਿਆਪਕ ਨੈੱਟਵਰਕ ਪਤਾ ਲਗਾਉਣ ਲਈ ਵਿਆਪਕ ਜਾਂਚ ਜਾਰੀ ਹੈ। ਉਹਨਾਂ ਦੱਸਿਆ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਡਿਊਲ ਵਿੱਚ ਸਾਮਲ ਹੋਰਨਾਂ ਮੈਂਬਰਾਂ ਦੀ ਪਛਾਣ ਕਰਨ ਅਤੇ ਤਸਕਰੀ ਕੀਤੇ ਗਏ ਹਥਿਆਰਾਂ ਦੇ ਮੂਲ ਸਰੋਤ ਦਾ ਪਤਾ ਲਗਾਉਣ ਦੀਆਂ ਕੋਸ਼ਿਸਾਂ ਜਾਰੀ ਹਨ।