ਚਾਰ ਅਗ਼ਵਾਕਾਰ ਕਾਬੂ, ਦੋ ਅਜੇ ਵੀ ਫਰਾਰ
ਗੁਰਪ੍ਰੀਤ ਸਿੰਘ, ਸੰਗਰੂਰ:ਪਿਛਲੇ ਦਿਨੀਂ ਦਿੜ੍ਹਬਾ ਤੋਂ ਇੱਕ ਆੜ੍ਹਤੀਏ ਨੂੰ ਅਗਵਾ ਕਰਕੇ ਉਸ ਪਾਸੋਂ ਫਿਰੌਤੀ ਮੰਗਣ ਵਾਲੇ ਚਾਰ ਜਣਿਆਂ ਨੂੰ ਪੁਲਿਸ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਫਿਰੌਤੀ ਦੇ 15 ਲੱਖ ਰੁਪਏ ਅਤੇ ਹਥਿਆਰ ਬਰਾਮਦ ਕੀਤੇ ਹਨ। ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ।
ਇਸ ਸਬੰਧੀ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦਿੜ੍ਹਬਾ ਨਿਵਾਸੀ ਕਪਿਲ ਦੇਵ ਨੂੰ ਲੰਘੀ 17 ਜੁਲਾਈ ਦੀ ਸਵੇਰ ਕਰੀਬ ਸਾਢੇ ਛੇ ਵਜੇ ਪਿੰਡ ਕੈਂਪਰ ਨੇੜਿਓਂ ਕੁਝ ਵਿਅਕਤੀਆਂ ਵੱਲੋਂ ਉਸ ਸਮੇਂ ਫਿਲਮੀ ਅੰਦਾਜ ਵਿੱਚ ਅਗਵਾ ਕਰ ਲਿਆ ਜਦੋਂ ਉਹ ਆਪਣੇ ਭੱਠੇ ‘ਤੇ ਜਾ ਰਿਹਾ ਸੀ। ਇਸ ਤੋਂ ਬਾਅਦ ਪਿੰਡਾਂ ਵਿੱਚੋਂ ਹੁੰਦੇ ਸਹਿਜਪੁਰਾ ਸਮਾਣਾ ਦੇ ਇੱਕ ਮਕਾਨ ਵਿੱਚ ਆੜਤੀਏ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਆੜਤੀ ਦੇ ਘਰ ਵਾਲਿਆਂ ਤੋਂ ਸਵਾ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ।
ਜਿਸਦੇ ਚਲਦਿਆਂ ਅਗਵਾਕਾਰਾਂ ਨੇ ਉਸਦੇ ਪਰਿਵਾਰ ਵਾਲਿਆਂ ਕੋਲੋਂ 26 ਲੱਖ ਰੁਪਏ ਦੀ ਫਿਰੌਤੀ ਲੈ ਕੇ ਉਸਨੂੰ ਛੱਡ ਦਿੱਤਾ। ਇਸ ਘਟਨਾਕ੍ਰਮ ਤੋਂ ਬਾਅਦ ਕਪਿਲ ਦੇਵ ਨੇ ਆਪਣੇ ਰਿਸ਼ਤੇਦਾਰ ਦੇ ਕਹਿਣ ਤੇ ਦਿੜਬਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਿਸ ‘ਤੇ ਕਾਰਵਾਈ ਕਰਦਿਆਂ ਦਿੜਬਾ ਪੁਲਿਸ ਨੇ ਇਸ ਦੀ ਜਾਂਚ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ।
ਫਿਰੌਤੀ ਦੇ 15 ਲੱਖ ਅਤੇ ਹਥਿਆਰ ਬਰਾਮਦ
ਮਾਮਲੇ ਦੀ ਜਾਂਚ ਦੌਰਾਨ ਤੱਥਾਂ ਦੇ ਅਧਾਰ ‘ਤੇ ਕੁਲਵਿੰਦਰ ਸਿੰਘ ਵਾਸੀ ਦੀਵਾਨਗੜ ਕੈਂਪਰ, ਰਵਿੰਦਰ ਸਿੰਘ ਕੁਲਾਰਾਂ, ਹੈਪੀ ਸਿੰਘ ਦੀਵਾਨਗੜ ਕੈਂਪਰ, ਬੇਅੰਤ ਸਿੰਘ ਛਾਜਲੀ ਨੂੰ ਪਿੰਡ ਕਮਾਲਪੁਰ ਦੀ ਹੱਦ ਨੇੜੇ ਨਾਕਾਬੰਦੀ ਦੌਰਾਨ ਕਾਬੂ ਕਰਕੇ ਇਨਾਂ ਪਾਸੋਂ 15 ਲੱਖ ਰੁਪਏ ਨਕਦੀ, ਇਕ ਰਿਵਾਲਵਰ, ਇਕ ਏਅਰ ਪਿਸਟਲ, ਇਕ ਮੋਟਰਸਾਇਕਲ ਤੇ ਸਵਿਫਟ ਡਿਜਾਇਰ ਕਾਰ ਬਰਾਮਦ ਕੀਤੀ ਗਈ। ਜਦਕਿ ਇਨ੍ਹਾਂ ਦੇ ਦੋ ਸਾਥੀ ਰਣਜੀਤ ਸਿੰਘ ਵਾਸੀ ਕੌਹਰੀਆਂ ਅਤੇ ਗੁਰਪਿਆਰ ਸਿੰਘ ਉਗਰਾਹਾਂ ਅਜੇ ਫਰਾਰ ਹਨ।
ਸਾਰੇ ਅਗਵਾਕਾਰ ਪੇਸ਼ੇਵਰ ਮੁਜ਼ਰਮ
ਐਸਐਸਪੀ ਸਿੱਧੂ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਵਿਅਕਤੀ ਪੇਸ਼ੇਵਰ ਮੁਜਰਿਮ ਹਨ ਜਿਨ੍ਹਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹਨ ਅਤੇ ਦੋਸ਼ੀ ਕੁਲਵਿੰਦਰ ਸਿੰਘ ਦੀ ਸੰਗਰੂਰ ਜੇਲ ਵਿੱਚ ਬੇਅੰਤ ਸਿੰਘ, ਹਰਵਿੰਦਰ ਸਿੰਘ ਨਾਲ ਜਾਣ ਪਹਿਚਾਨ ਹੋਈ। ਜਦਕਿ ਰਣਜੀਤ, ਗੁਰਪਿਆਰ ਅਤੇ ਹੈਪੀ ਨੂੰ ਇਹ ਪਹਿਲਾਂ ਤੋਂ ਜਾਣਦਾ ਸੀ ਅਤੇ ਇਨਾਂ ਜੇਲ ਵਿੱਚ ਹੀ ਅਗਵਾ ਦੀ ਯੋਜਨਾ ਬਣਾਈ ਸੀ। ਐਸਐਸਪੀ ਸਿੱਧੂ ਨੇ ਦੱਸਿਆ ਕਿ ਉਕਤ ਵਿਅਕਤੀ ਐਨੇ ਸ਼ਾਤਿਰ ਦਿਮਾਗ ਦੇ ਹਨ ਕਿ ਇਨਾਂ ਵਾਰਦਾਤ ਕਰਦੇ ਸਮੇਂ ਆਪਣੇ ਮੋਬਾਇਲ ਫੋਨਾਂ ਦਾ ਪ੍ਰਯੋਗ ਨਹੀਂ ਕੀਤਾ ਅਤੇ ਅਗਵਾ ਕੀਤੇ ਆੜਤੀ ਦੇ ਫੋਨ ਦਾ ਹੀ ਇਸਤੇਮਾਲ ਕਰਦੇ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।