ਚੇਅਰਮੈਨ ਕੰਵਰਦੀਪ ਸਿੰਘ ਨੇ ਰਜਿੰਦਰਾ ਹਸਪਤਾਲ ਵਿਖੇ ਪੀੜਤ ਬੱਚੇ ਨਾਲ ਕੀਤੀ ਮੁਲਾਕਾਤ | Patiala News
Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਪਟਿਆਲਾ ਦੀ ਰਿਸ਼ੀ ਕਲੋਨੀ ਵਿਖੇ 10 ਸਾਲ ਦੇ ਬੱਚੇ ’ਤੇ ਹੋਏ ਤਸ਼ੱਦਦ ਦੀ ਖਬਰ ਦੇ ਮਾਮਲੇ ’ਤੇ ਸੂ-ਮੋਟੋ ਨੋਟਿਸ ਲੈਂਦਿਆਂ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪੀੜਤ ਜੇਰੇ ਇਲਾਜ ਬੱਚੇ ਨਾਲ ਮੁਲਾਕਾਤ ਕੀਤੀ ਅਤੇ ਹਾਲਚਾਲ ਜਾਣਿਆ। ਇਸ ਤੋਂ ਬਾਅਦ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਮੀਟਿੰਗ ਕਰਕੇ ਦੋਸ਼ੀਆਂ ਖਿਲਾਫ਼ ਸਖਤ ਕਰਵਾਈ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਸੰਯੁਕਤ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ।
ਇਹ ਵੀ ਪੜ੍ਹੋ: Farmers News: ਕਿਸਾਨ ਜਥੇਬੰਦੀ ਨੇ ਕਿਸਾਨ ਦੇ ਘਰ ਦੀ ਕੁਰਕੀ ਰੁਕਵਾਈ
ਚੇਅਰਮੈਨ ਕੰਵਰਦੀਪ ਸਿੰਘ ਨੇ 10 ਸਾਲਾਂ ਬੱਚੇ ਨੂੰ ਗਰਮ ਪ੍ਰੈਸ ਲਗਾਕੇ ਕੀਤੀ ਗਈ ਗ਼ੈਰ-ਮਨੁੱਖੀ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਕਮਿਸ਼ਨ ਅਜਿਹੇ ਮਾਮਲਿਆਂ ਨਾਲ ਸਖਤੀ ਨਾਲ ਨਜਿੱਠੇਗਾ। ਉਨ੍ਹਾਂ ਘਟਨਾ ਲਈ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਅਤੇ ਪੁਲਿਸ ਨੂੰ ਕਿਸੇ ਵੀ ਦੋਸ਼ੀ ਨੂੰ ਨਾ ਬਖਸ਼ਣ ਲਈ ਕਿਹਾ।
ਪੀੜਤ ਬੱਚੇ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਿਥੇ ਬੱਚੇ ਦਾ ਇਲਾਜ ਕਰਵਾਇਆ ਹੈ, ਉਥੇ ਹੀ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਏ.ਡੀ.ਸੀ. ਇਸ਼ਾ ਸਿੰਗਲ, ਡੀ.ਐਸ.ਪੀ. ਮਨੋਜ ਗੋਰਸੀ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸਾਇਨਾ ਕਪੂਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਵੀ ਮੌਜੂਦ ਸਨ। Patiala News