ਗ੍ਰਿਫ਼ਤਾਰ ਕਰਨ ‘ਚ ਅਜੇ ਤੱਕ ਪੁਲਿਸ ਦੇ ਹੱਥ ਖਾਲੀ
ਸਤਪਾਲ ਥਿੰਦ, ਫਿਰੋਜ਼ਪੁਰ:ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਮੇਘਾ ਰਾਏ (ਪਾਲੇ ਚੱਕ) ‘ਚ ਹੋਏ ਦੋਹਰੇ ਕਤਲ ਕਾਂਡ ਵਿੱਚ ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ 11 ਲੋਕਾਂ ਸਮੇਤ 5-6 ਅਣਪਛਾਤੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ
ਇਸ ਸਬੰਧੀ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜੰਗ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਚੱਕ ਮੇਘਾ ਰਾਏ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਲੜਕਾ ਲਖਵਿੰਦਰ ਸਿੰਘ ਅਤੇ ਉਸ ਦੇ ਤਾਏ ਦਾ ਪੋਤਰਾ ਬੇਅੰਤ ਸਿੰਘ ਪੁੱਤਰ ਬਗੀਚਾ ਸਿੰਘ 16 ਜੁਲਾਈ ਨੂੰ ਡੇਰਾ ਭਜਨਗੜ੍ਹ ਪਿੰਡ ਗੋਲੂ ਕਾ ਮੋੜ ਵਿਖੇ ਮੇਲਾ ਦੇਖਣ ਲਈ ਗਏ ਸਨ, ਜਿੱਥੇ ਨਛੱਤਰ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਉਹਨਾਂ ਦੀ ਅਚਾਨਕ ਤਕਰਾਰ ਹੋ ਗਈ
ਅਗਲੇ ਦਿਨ ਸਵੇਰੇ ਕਰੀਬ ਸਾਢੇ 10 ਵਜੇ ਲਖਵਿੰਦਰ ਸਿੰਘ ਅਤੇ ਬੇਅੰਤ ਸਿੰਘ ਖੇਤਾਂ ਵਿੱਚ ਗੇੜਾ ਮਾਰਨ ਗਏ ਸਨ ਜਿਨ੍ਹਾਂ ਨਾਲ ਬਲਜਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡੀ ਅਤੇ ਹਰਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਨਿਝਰ ਵੀ ਸਨ ਅਤੇ ਜਦ ਉਹ ਨਛੱਤਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਮੋਟਰ ਦੇ ਕੋਲੋਂ ਨਿਕਲਣ ਲੱਗੇ ਤਾਂ ਨਛੱਤਰ ਸਿੰਘ ਤੇ ਉਸਦੇ ਸਾਥੀਆਂ ਨੇ ਆਪਣੀ 12 ਬੋਰ ਦੀ ਰਾਈਫਲ ਨਾਲ ਇਨਾਂ ‘ਤੇ ਫਾਇਰ ਕੀਤੇ , ਜਿਸ ਨਾਲ ਲਖਵਿੰਦਰ ਸਿੰਘ ਅਤੇ ਬੇਅੰਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਬਲਜਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ
ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜੰਗ ਸਿੰਘ ਦੇ ਬਿਆਨਾਂ ‘ਤੇ ਨਛੱਤਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਹਰਦੀਪ ਸਿੰਘ, ਨਿਸ਼ਾਨ ਸਿੰਘ ਪੁੱਤਰ ਸੂਬਾ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਗੁਰਦੇਵ ਸਿੰਘ, ਜਸਵੰਤ ਸਿੰਘ, ਸੂਬਾ ਸਿੰਘ, ਮੇਜਰ ਸਿੰਘ ਪੁੱਤਰ ਕਿੱਕਰ ਸਿੰਘ, ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ, ਜੱਗਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚੱਕ ਮੇਘਾ ਰਾਏ ਅਤੇ 5-6 ਅਣਪਛਾਤੇ ਲੋਕਾਂ ਖਿਲਾਫ਼ ਆਈ.ਪੀ.ਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਇਸ ਮਾਮਲੇ ‘ਚ ਕਿਸੇ ਦੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।