ਸੀਪੀਆਈ ਨੇ ਕੀਤਾ ਐਲਾਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ: ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਖੇਤੀ ਅਤੇ ਕਿਸਾਨ-ਵਿਰੋਧੀ ਨੀਤੀਆਂ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਖ਼ਿਲਾਫ਼ ਕਾਮਰੇਡ ਦੇਸ਼ ਭਰ ਵਿੱਚ ਸੜਕਾਂ ‘ਤੇ ਉਤਰਦੇ ਹੋਏ 24 ਤੋਂ 26 ਜੁਲਾਈ ਤੱਕ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਜਾ ਰਹੇ ਹਨ। ਇਹ ਅੰਦੋਲਨ ਤਿੰਨ ਦੇਸ਼ ਭਰ ਵਿੱਚ ਚੱਲੇਗਾ ਅਤੇ ਪੰਜਾਬ ਵਿੱਚ ਇਸ ਅੰਦੋਲਨ ਦੀ ਅਗਵਾਈ ਸੀਪੀਆਈ ਦੇ ਪੰਜਾਬ ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਕਰਨਗੇ। ਇਹ ਫੈਸਲਾ ਸੂਬਾ ਕੌਂਸਲ ਦੀ ਕੱਲ੍ਹ ਖਤਮ ਹੋਈ ਦੋ-ਰੋਜ਼ਾ ਮੀਟਿੰਗ ਵਿੱਚ ਲਿਆ ਗਿਆ ਹੈ।
ਡੂੰਘੇ ਖੇਤੀ ਸੰਕਟ ਨੂੰ ਦੇਖਦੇ ਹੋਏ ਲਿਆ ਫੈਸਲਾ
ਹਰਦੇਵ ਸਿੰਘ ਅਰਸ਼ੀ ਨੇ ਦੱਸਿਆ ਕਿ ਦੇਸ਼ ਇਸ ਵੇਲੇ ਅਜਿਹੇ ਖੇਤੀ ਸੰਕਟ ਵਿਚ ਫਸਿਆ ਹੋਇਆ ਹੈ, ਜਿਸਦੀ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ। ਦੇਸ਼ ਭਰ ਵਿੱਚ ਕਿਸਾਨ ਇਸ ਅਸਹਿ ਸੰਕਟ ਦਾ ਸਾਹਮਣਾ ਕਰਨ ‘ਚ ਅਸਫਲ ਰਹਿੰਦੇ ਹੋਏ ‘ਕਰੋ ਜਾਂ ਮਰੋ’ ਦੀ ਭਾਵਨਾ ਨਾਲ ਗਲੀਆਂ ਅਤੇ ਸੜਕਾਂ ‘ਤੇ ਨਿੱਤਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਨਰਿੰਦਰ ਮੋਦੀ ਤੇ ਭਾਜਪਾ ਨੇ ਕਰਜ਼-ਮੁਆਫੀ ਦਾ ਵਾਅਦਾ ਕੀਤਾ ਸੀ ਪਰ ਇਸ ਪਾਸੇ ਉਸ ਨੇ ਸੋਚਿਆ ਤੱਕ ਨਹੀਂ। ਪੰਜਾਬ ਵਿੱਚ ਕਾਂਗਰਸ ਨੇ ਵੀ ਇਹ ਵਾਅਦਾ ਕੀਤਾ ਸੀ ਪਰ ਹੁਣ ਆਨੀ-ਬਹਾਨੀਂ ਟਾਲਾ ਵੱਟ ਰਹੀ ਹੈ ਤੇ ਸ਼ਰਤਾਂ ਲਾ ਕੇ ਬਹੁਤ ਹੀ ਘੱਟ ਕਿਸਾਨਾਂ ਨੂੰ ਫਾਇਦਾ ਦੇਣ ਦੀਆਂ ਗੱਲਾਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਲਾਹੇਵੰਦ ਖੇਤੀ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ, ਖੇਤੀ ਲਈ ਲੋੜੀਂਦੀਆਂ ਵਸਤਾਂ ਸਸਤੀਆਂ ਕਰਨ, ਇਕ ਲੱਖ ਕਰੋੜ ਰੁਪਏ ਦਾ ਕੀਮਤ ਸਥਿਰੀਕਰਨ ਫੰਡ ਕਾਇਮ ਕਰਨ, ਕਿਸਾਨਾਂ ਦੇ ਕਰਜ਼ਿਆਂ ਉੱਤੇ ਲੀਕ ਫੇਰਨ, 60 ਸਾਲ ਤੋਂ ਵੱਡੀ ਉਮਰ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਦਸਤਕਾਰਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ, ਬੇਘਰਿਆਂ ਨੂੰ ਪਲਾਟ ਦੇਣ ਆਦਿ ਮੰਗਾਂ ਲਈ 24 ਤੋਂ 26 ਜੁਲਾਈ ਤੱਕ ਜ਼ਿਲ੍ਹਿਆਂ ਵਿੱਚ ਜੇਲ੍ਹ ਭਰੋ ਅੰਦੋਲਨ ਚਲਾਇਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।