ਮਾਪੇ ਅਤੇ ਵਿਦਿਅਕ ਸੰਸਥਾਵਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ: ਰਾਜਪਾਲ ਕਟਾਰੀਆ
Punjab News: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਭਵਨ ਵਿਖੇ ਜੋਸ਼ੀ ਫਾਊਂਡੇਸ਼ਨ, ਖੰਨਾ ਫਾਊਂਡੇਸ਼ਨ, ਗਰੇਵਾਲ ਫਾਊਂਡੇਸ਼ਨ ਅਤੇ ਸਾਂਪਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਨਾਲ ਨਸ਼ਿਆਂ ਬਾਰੇ ਜਾਗਰੂਕਤਾ ਵਿਸ਼ੇ ‘ਤੇ ਵਿਚਾਰ-ਵਟਾਂਦਰਾ ਕਰਵਾਇਆ ਗਿਆ। ਸਮਾਗਮ ਦੌਰਾਨ ਲਗਭਗ 50 ਯੂਨੀਵਰਸਿਟੀਆਂ, ਸਕੂਲਾਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਦੇ ਸਿੱਖਿਆ ਸ਼ਾਸਤਰੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਵਾਸਤੇ ਪੂਰਨ ਸਹਿਯੋਗ ਦਾ ਵਾਅਦਾ ਕੀਤਾ। ਸਿੱਖਿਆ ਸ਼ਾਸਤਰੀ ਨੇ ਰਾਜਪਾਲ ਨੂੰ ਉਨਾਂ ਦੇ ਕੈਂਪਸ ਵਿੱਚ ਕੀਤੀਆਂ ਜਾ ਰਹੀਆਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ, ਜਿਸ ਸਦਕਾ ਨੌਜਵਾਨਾਂ ਦਰਮਿਆਨ ਨਸ਼ਿਆਂ ਦੀ ਦੁਰਵਰਤੋਂ ਵਿੱਚ ਕਮੀ ਆਈ ਹੈ।
ਇਹ ਵੀ ਪੜ੍ਹੋ: Bribe News: ਗਲਾਡਾ ਕਲਰਕ 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਆਪਣੇ ਸੰਬੋਧਨ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਕਟਾਰੀਆ ਨੇ ਨਸ਼ਿਆਂ ਦੀ ਲਾਹਣਤ ਦੇ ਮਾੜੇ ਪ੍ਰਭਾਵਾਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਸਿਰਫ਼ ਇੱਕ ਖੇਤਰੀ ਸਮੱਸਿਆ ਨਹੀਂ ਹੈ, ਸਗੋਂ ਇੱਕ ਰਾਸ਼ਟਰੀ ਸੰਕਟ ਹੈ ਅਤੇ ਇਹ ਖਾਸ ਕਰਕੇ ਪੰਜਾਬ ਵਿੱਚ ਚਿੰਤਾਜਨਕ ਵਿਸ਼ਾ ਹੈ। ਉਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਜੰਗ ਸਮਾਜ ਦੇ ਸਾਰੇ ਵਰਗਾਂ ਦੇ ਸਾਂਝੇ ਯਤਨਾਂ ਨਾਲ ਹੀ ਜਿੱਤੀ ਜਾ ਸਕਦੀ ਹੈ, ਜਿਸ ਵਿੱਚ ਸਰਕਾਰ, ਸਮਾਜਿਕ ਸੰਸਥਾਵਾਂ, ਵਿਦਿਅਕ ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ ਅਤੇ ਹੋਰ ਭਾਈਵਾਲ ਸ਼ਾਮਲ ਹਨ। ਇਸ ਸਬੰਧ ਵਿੱਚ ਕਾਨੂੰਨਾਂ ਨੂੰ ਲਾਗੂ ਕਰਨਾ ਮਹੱਤਵਪੂਰਨ ਹੈ, ਪਰ ਸਿਰਫ਼ ਕਾਨੂੰਨ ਹੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਸਮਾਜ ਦੇ ਸਾਰੇ ਵਰਗਾਂ ਵਿੱਚ ਜਾਗਰੂਕਤਾ ਫੈਲਾਉਣਾ ਵੀ ਮਹੱਤਵਪੂਰਨ ਹੈ। Punjab News
ਪੰਜਾਬ ਰਾਜ ਭਵਨ ਪੰਜਾਬ ਨੇ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਨਾਲ ਨਸ਼ਿਆਂ ਦੀ ਰੋਕਥਾਮ ਬਾਰੇ ਵਿਚਾਰ-ਵਟਾਂਦਰੇ ਦੀ ਕੀਤੀ ਮੇਜ਼ਬਾਨੀ Punjab News
ਰਾਜਪਾਲ ਕਟਾਰੀਆ ਨੇ ਮੌਜੂਦਾ ਸਮੇਂ ਸਿੰਥੈਟਿਕ ਨਸ਼ਿਆਂ ਦੀ ਵਰਤੋਂ ਕਾਰਨ ਪੈਦਾ ਹੋਈਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਨਸ਼ੇ ਰਵਾਇਤੀ ਨਸ਼ਿਆਂ ਨਾਲੋਂ ਵਧੇਰੇ ਜਾਨਲੇਵਾ ਹਨ। ਉਨਾਂ ਦੱਸਿਆ ਕਿ ਇਹ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਤੱਤਾਂ ਲਈ ਲਾਹੇਵੰਦ ਕਾਰੋਬਾਰ ਬਣ ਗਿਆ ਹੈ, ਜਿਸ ਕਾਰਨ ਇਸ ਵੱਲ ਤੁਰੰਤ ਧਿਆਨ ਦੇਣ ਅਤੇ ਸਾਂਝੇ ਯਤਨਾਂ ਦੀ ਲੋੜ ਹੈ।
ਇਸ ਮੌਕੇ ਵਿਨੀਤ ਜੋਸ਼ੀ ਫਾਊਂਡੇਸ਼ਨ ਦੇ ਸੰਸਥਾਪਕ ਸ੍ਰੀ ਵਿਨੀਤ ਜੋਸ਼ੀ ਨੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਭਾਈਵਾਲਾਂ ਦੀ ਜਾਣ-ਪਛਾਣ ਕਰਵਾਈ ਅਤੇ ਨਸ਼ਿਆਂ ਦੇ ਖਾਤਮੇ ਲਈ ਵਿਹਾਰਕ ਤਰੀਕੇ ਸਾਂਝੇ ਕੀਤੇ। ਸਾਬਕਾ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਮੁੜ ਵਸੇਬਾ ਕੇਂਦਰਾਂ ਦੀ ਸੁਚੱਜੀ ਵਰਤੋਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨਾਂ ਨੇ ਨਸ਼ਾ ਪੀੜਤਾਂ ਦੀ ਸਹਾਇਤਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਨਸ਼ਾ ਪੀੜਤਾਂ ਨਾਲ ਵਿਤਕਰਾ ਕਰਨ ਦੀ ਬਜਾਏ ਉਹਨਾਂ ਨੂੰ ਸਮਾਜ ਵਿੱਚ ਮੁੜ ਸ਼ਾਮਲ ਕਰਨ ਵਿੱਚ ਮਦਦ ਕਰਨ ਲਈ ਕਿਹਾ। ਗਰੇਵਾਲ ਫਾਊਂਡੇਸ਼ਨ ਦੇ ਸੰਸਥਾਪਕ-ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੇ ਇਸ ਨੇਕ ਕਾਰਜ ਲਈ ਆਪਣਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਖੰਨਾ ਫਾਊਂਡੇਸ਼ਨ ਦੇ ਡਾਇਰੈਕਟਰ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਇਸ ਅਲਾਮਤ ਨੂੰ ਖ਼ਤਮ ਕਰਨ ਲਈ ਸਮੂਹਿਕ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ।