ਅੰਡਰ ਬਰਿਜ ਥੱਲੇ ਸੀਮਿੰਟ ਦੀ ਭਰੀ ਟਰਾਲੀ ਖੱਡੇ ’ਚ ਧੱਸੀ, ਲੱਗਿਆ ਭਾਰੀ ਜਾਮ | Bathinda News
Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ-ਮਾਨਸਾ ਰੋਡ ’ਤੇ ਬਣੇ ਅੰਡਰ ਬਰਿਜ ਥੱਲੇ ਸੜਕ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ। ਥਾਂ-ਥਾਂ ’ਤੇ ਬਣੇ ਖੱਡਿਆਂ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤਾਂ ਦੇ ਦਿਨਾਂ ਵਿੱਚ ਇਹ ਖੱਡੇ ਪਾਣੀ ਨਾਲ ਭਰਨ ਕਾਰਨ ਹੋਰ ਵੀ ਮੁਸਬੀਤ ਖੜ੍ਹੀ ਕਰ ਦਿੰਦੇ ਹਨ। ਅੱਜ ਸ਼ਨਿੱਚਰਵਾਰ ਨੂੰ ਇਨ੍ਹਾਂ ਖੱਡਿਆਂ ਕਾਰਨ ਵਾਹਨ ਚਾਲਕ ਕਰੀਬ ਤਿੰਨ ਘੰਟੇ ਜਾਮ ਵਿੱਚ ਫਸੇ ਰਹੇ।
ਇਹ ਵੀ ਪੜ੍ਹੋ: Children Good News : ਸੂਈ ਹੁਣ ਨਹੀਂ ਚੁੰਬੇਗੀ, ਆਈਆਈਟੀ ਬੰਬੇ ਨੇ ਬਣਾਈ ਸ਼ਾਕਵੇਵ ਸਿਰਿੰਜ
ਹਾਸਲ ਕੀਤੇ ਵੇਰਵਿਆਂ ਮੁਤਾਬਕ ਇਸ ਅੰਡਰ ਬਰਿਜ ਥੱਲੇ ਤਲਵੰਡੀ ਸਾਈਡ ਤੋਂ ਆ ਰਹੀ ਇੱਕ ਸੀਮਿੰਟ ਦੀ ਭਰੀ ਟਰਾਲੀ ਇਨ੍ਹਾਂ ਖੱਡਿਆਂ ਵਿੱਚ ਧੱਸ ਗਈ ਜਿਸ ਨਾਲ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਅੰਡਰ ਬਰਿੱਜ ਦੀ ਇੱਕ ਸਾਈਡ ਬਿਲਕੁਲ ਬੰਦ ਹੋ ਗਈ। ਇਸ ਜਾਮ ਦਾ ਪਤਾ ਲੱਗਣ ’ਤੇ ਭਾਵੇਂ ਟਰੈਫਿਕ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਪਰ ਉਹ ਟਰੈਫਿਕ ਵਿਵਸਥਾ ਨੂੰ ਸੁਧਾਰਨ ਦੀ ਬਜਾਏ ਚਲਾਨ ਕੱਟਣ ਵਿੱਚ ਰੁਝ ਗਏ ਜਦੋਂ ਕਿ ਆਮ ਲੋਕ ਟਰੈਫਿਕ ਲੰਘਾਉਣ ਵਿੱਚ ਪੁਲਿਸ ਦੀ ਡਿਊਟੀ ਨਿਭਾਉਂਦੇ ਰਹੇ। ਜਾਮ ਵਿੱਚ ਫਸੇ ਲੋਕਾਂ ਨੇ ਕਿਹਾ ਕਿ ਪੁਲਿਸ ਨੂੰ ਟਰੈਫਿਕ ਲੰਘਾਉਣ ਵਿੱਚ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ ਕਿਉਂਕਿ ਲੋਕ ਪਹਿਲਾਂ ਹੀ ਕਾਫੀ ਔਖੇ ਹਨ ਅਤੇ ਉਪਰੋਂ ਮੀਂਹ ਦਾ ਮੌਸਮ ਬਣਿਆ ਹੋਇਆ ਹੈ।
ਮੌਕੇ ’ਤੇ ਪੁੱਜੇ ਟਰੈਫਿਕ ਪੁਲਿਸ ਦੇ ਮੁਲਾਜ਼ਮ ਟਰੈਫਿਕ ਲੰਘਾਉਣ ਦੀ ਬਜਾਏ ਚਲਾਨ ਕੱਟਣ ’ਚ ਰੁਝੇ
ਇਸ ਤੋਂ ਬਾਅਦ ਇੱਕ ਕਰੇਨ ਲਿਆ ਕੇ ਟਰਾਲੀ ਨੂੰ ਪੁੱਲ ਤੋਂ ਬਾਹਰ ਕੱਢਿਆ ਗਿਆ ਅਤੇ ਟਰੈਫਿਕ ਚਾਲੂ ਕੀਤੀ ਗਈ। ਜਾਮ ਵਿੱਚ ਫਸੇ ਜਿੰਦਰ ਸਿੰਘ ਨੇ ਦੱਸਿਆ ਕਿ ਇਸ ਪੁਲ ਥੱਲੇ ਕਾਫੀ ਖੱਡੇ ਹਨ ਅਤੇ ਸੜਕ ਵੀ ਉਚੀ ਨੀਵੀਂ ਹੈ ਜਿਸ ਨਾਲ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪਹਿਲਾਂ ਵੀ ਇਹ ਪੁਲ ਕਈ ਵਾਰ ਬੰਦ ਹੋ ਚੁੱਕਿਆ ਹੈ। ਲੋਕਾਂ ਨੇ ਮੰਗ ਕੀਤੀ ਕਿ ਪੁੱਲ ਥੱਲੇ ਸੜਕ ’ਚ ਬਣੇ ਖੱਡਿਆਂ ਨੂੰ ਭਰਿਆ ਜਾਵੇ ਅਤੇ ਲਾਈਟਾਂ ਦਾ ਵੀ ਬੰਦੋਬਸਤ ਕੀਤਾ ਜਾਵੇ। Bathinda News
ਚਲਾਨ ਕੱਟਣ ਬਾਰੇ ਪਤਾ ਕੀਤਾ ਜਾਵੇਗਾ-ਟਰੈਫਿਕ ਇੰਚਾਰਜ
ਜਦੋਂ ਸਚਾਰੂ ਢੰਗ ਨਾਲ ਟਰੈਫਿਕ ਲੰਘਾਉਣ ਦੀ ਥਾਂ ਪੁਲਿਸ ਮੁਲਾਜਮਾਂ ਵੱਲੋਂ ਕੱਟੇ ਗਏ ਚਲਾਨਾਂ ਬਾਰੇ ਟਰੈਫਿਕ ਇੰਚਾਰਜ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਥੇ ਪੀਸੀਆਰ ਦੇ ਮੁਲਾਜਮ ਹੋ ਸਕਦੇ ਹਨ ਪਰ ਫਿਰ ਵੀ ਚਲਾਨ ਕੱਟਣ ਬਾਰੇ ਪਤਾ ਕੀਤਾ ਜਾਵੇਗਾ।