ਕਈ ਸਵਾਰੀਆਂ ਦੇ ਜਖਮੀ ਹੋਣ ਦੀ ਖਬਰ | Bathinda Bus Accident
ਬਠਿੰਡਾ (ਸੱਚ ਕਹੂੰ/ਸੁਖਜੀਤ ਮਾਨ)। ਸਰਦੂਲਗੜ੍ਹ ਤੋਂ ਤਲਵੰਡੀ ਸਾਬੋ ਹੋ ਕੇ ਬਠਿੰਡਾ ਵੱਲ ਆਉਂਦੀ ਬੱਸ ਦੇ ਗੰਦੇ ਨਾਲੇ ਵਿੱਚ ਡਿੱਗਣ ਕਰਕੇ 1 ਬੱਚੇ ਤੇ 4 ਔਰਤਾਂ ਸਮੇਤ 8 ਜਣਿਆਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਜਖਮੀਆਂ ਦਾ ਬਠਿੰਡਾ ਤੇ ਤਲਵੰਡੀ ਸਾਬੋ ਦੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਰਦੂਲਗੜ੍ਹ ਤੋਂ ਬਠਿੰਡਾ ਨੂੰ ਆ ਰਹੀ ਇੱਕ ਪ੍ਰਾਈਵੇਟ ਬੱਸ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਗੰਦੇ ਨਾਲੇ ਵਿੱਚ ਡਿੱਗੀ। ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪਾਰਟੀਆਂ ਮੌਕੇ ‘ਤੇ ਹੀ ਤੁਰੰਤ ਘਟਨਾ ਵਾਲੇ ਸਥਾਨ ‘ਤੇ ਪਹੁੰਚੀਆਂ ਅਤੇ ਐਨਡੀਆਰਐਫ ਅਤੇ ਲੋਕਲ ਵਲੰਟੀਅਰਾਂ ਦੇ ਸਹਿਯੋਗ ਨਾਲ ਹਾਦਸਾ ਗ੍ਰਸਤ ਬੱਸ ‘ਚੋਂ ਮੁਸਾਫਰਾਂ ਨੂੰ ਬਚਾਇਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 46 ਮੁਸਾਫ਼ਿਰ ਇਸ ਹਾਦਸੇ ਦੀ ਲਪੇਟ ਵਿੱਚ ਆਏ ਹਨ, ਜਿਨਾਂ ਵਿੱਚੋਂ ਅੱਠ ਵਿਅਕਤੀਆਂ ਨੂੰ ਮ੍ਰਿਤਕ ਐਲਾਨਿਆ ਗਿਆ ਜਦ ਕਿ ਬਾਕੀਆਂ ਨੂੰ ਤਲਵੰਡੀ ਸਾਬੋ ਅਤੇ ਜਿਲ੍ਹਾ ਹਸਪਤਾਲ ਬਠਿੰਡਾ ਵਿਖੇ ਜੇਰੇ ਇਲਾਜ ਲਈ ਭੇਜਿਆ ਗਿਆ।
ਮਿਰਤਕਾਂ ਦੀ ਨਹੀਂ ਹੋ ਸਕੀ ਹਾਲੇ ਪਹਿਚਾਣ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਦਾ ਹਾਲੇ ਪਤਾ ਨਹੀਂ ਲਗਾਇਆ ਗਿਆ ਜਦੋਂ ਵੀ ਇਸ ਬਾਰੇ ਪਤਾ ਲਗਾਇਆ ਜਾਂਦਾ ਹੈ ਤਾਂ ਸਮੇਂ ਸਿਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਬਲਿਕ ਦੀ ਸੁਵਿਧਾ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਨਾਂ ਦਾ ਮੋਬਾਇਲ ਨੰਬਰ 97801-00498 ਅਤੇ 96468-15951 ਹੈ।
ਇਹ ਖਬਰ ਵੀ ਪੜ੍ਹੋ : Rain in Punjab: ਰੁਕ-ਰੁਕ ਪੈ ਰਹੇ ਮੀਂਹ ਕਾਰਨ ਵਧੀ ਠਾਰੀ ਨੇ ਮੱਧਮ ਪਾਈ ਮਨੁੱਖ ਦੀ ਰਫ਼ਤਾਰ