ਸਰਕਾਰ ਜੀ.ਐਸ.ਟੀ. ਸਬੰਧੀ ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ’ਤੇ ਤੁਰੰਤ ਕਰੇ ਵਿਚਾਰ : ਗੁੱਜਰਾਂ | GST Increase
- ਕਿਹਾ, ਵਪਾਰੀ ਵਰਗ ਨੂੰ ਵਪਾਰ ਕਰਨ ‘ਚ ਹੋਰ ਨਵੀਆਂ ਸਮੱਸਿਆਵਾਂ ਪੈਦਾ ਹੋਣਗੀਆਂ
GST Increase: ਸੁਨਾਮ ਊਧਮ ਸਿੰਘ ਵਾਲਾ,(ਕਰਮ ਥਿੰਦ)। ਆਏ ਦਿਨ ਜੀ.ਐਸ.ਟੀ. ਨਿਯਮਾਂ ਵਿੱਚ ਕੀਤੇ ਜਾ ਰਹੇ ਬਦਲਾਅ ਕਾਰਨ ਜਿੱਥੇ ਵਪਾਰੀ ਵਰਗ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸ਼ੁਰੂ ਤੋਂ ਹੀ ਵਪਾਰੀ ਵਰਗ ਵੱਲੋਂ ਜੀ.ਐਸ.ਟੀ. ਪ੍ਰਣਾਲੀ ਨੂੰ ਅਸਾਨ ਬਣਾਉਣ ਦੀ ਮੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਹਾਲ ਹੀ ਵਿੱਚ ਜੀ.ਐਸ.ਟੀ. ਵਿੱਚ ਨਵਾਂ ਬਦਲਾਅ ਕਰਨ ਨਾਲ ਵਪਾਰਕ ਸਰਲਤਾ ਅਤੇ ਪਾਰਦਰਸ਼ਤਾ ਦੇ ਖਿਲਾਫ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਯੂਨਿਟ ਪ੍ਰਧਾਨ ਪਵਨ ਗੁੱਜਰਾਂ ਅਤੇ ਸਕੱਤਰ ਚੰਦਰ ਪ੍ਰਕਾਸ਼ ਸਿੰਗਲਾ ਨੇ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋ: Rajasthan News: ਰਾਜਸਥਾਨ ‘ਚ 20 ਕਰੋੜ ਤੋਂ ਵੱਧ ਦੇਸੀ-ਵਿਦੇਸ਼ੀ ਸੈਲਾਨੀ ਆਏ, ਵਿਦੇਸ਼ੀ ਸੈਲਾਨੀਆਂ ਨੇ ਤੋੜਿਆ ਰ…
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਯੂਨਿਟ ਪ੍ਰਧਾਨ ਪਵਨ ਗੁੱਜਰਾਂ ਅਤੇ ਸਕੱਤਰ ਚੰਦਰ ਪ੍ਰਕਾਸ਼ ਸਿੰਗਲਾ ਨੇ ਕਿਹਾ ਕਿ ਜੀ.ਐਸ.ਟੀ. ਦੇ ਨਵੇਂ ਨਿਯਮਾਂ ਤਹਿਤ ਹੁਣ ਵਪਾਰੀ ਨੂੰ ਹਰ ਬਿੱਲ ਨੂੰ ਆਈ.ਐਮ.ਐਸ. ਰਾਹੀਂ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਜਿੰਮਾ ਦਿੱਤਾ ਗਿਆ ਹੈ ਅਤੇ ਇਹ ਪ੍ਰਣਾਲੀ ਵਪਾਰੀ ਲਈ ਹੋਰ ਵੀ ਮੁਸ਼ਕਿਲ ਅਤੇ ਸਮਾਂ ਲੈਣ ਵਾਲੀ ਹੈ ਜੋ ਵਪਾਰ ਕਰਨ ਵਿੱਚ ਰੁਕਾਵਟਾਂ ਪਾ ਰਹੀ ਹੈ ਜਿਸ ਨਾਲ ਛੋਟੇ ਅਤੇ ਮੱਧਮ ਵਪਾਰੀਆਂ ’ਤੇ ਵਾਧੂ ਦਬਾਅ ਪੈ ਸਕਦਾ ਹੈ।
ਉਹਨਾਂ ਕਿਹਾ ਕਿ ਜੀ.ਐਸ.ਟੀ. ਤਹਿਤ ਟ੍ਰੈਕ ਅਤੇ ਟ੍ਰੇਸ ਸਿਸਟਮ ਨੂੰ ਲਾਗੂ ਕਰਨ ਲਈ ਧਾਰਾ 148 ਵਿੱਚ ਸੋਧ ਕੀਤਾ ਜਾ ਰਿਹਾ ਹੈ ਜਿਸ ਅਨੁਸਾਰ ਉਤਪਾਦਾਂ ਤੇ ਇੱਕ ਯੂ.ਆਈ.ਡੀ. ਅੰਕਿਤ ਕੀਤਾ ਜਾਵੇਗਾ ਜਿਸ ਨਾਲ ਨਿਰਮਾਤਾ ਤੋਂ ਲੈ ਕੇ ਵਿਕਰੇਤਾ ਤੱਕ ਦੇ ਵਿਕਰੀ ਦੀ ਟ੍ਰੈਕਿੰਗ ਕੀਤੀ ਜਾ ਸਕੇਗੀ, ਚਾਹੇ ਇਹ ਸਿਸਟਮ ਸ਼ੁਰੂ ਵਿੱਚ ਕੁਝ ਉਤਪਾਦਾਂ ’ਤੇ ਹੀ ਲਾਗੂ ਕੀਤਾ ਜਾਵੇਗਾ ਜਿਸ ਨਾਲ ਵਪਾਰੀ ਵਰਗ ਨੂੰ ਵਪਾਰ ਕਰਨ ਵਿੱਚ ਹੋਰ ਨਵੀਆਂ ਸਮੱਸਿਆਵਾਂ ਪੈਦਾ ਹੋਣਗੀਆਂ। GST Increase
ਉਹਨਾਂ ਕਿਹਾ ਕਿ ਕੱਪੜਾ ਰੋਜ਼ਾਨਾ ਜ਼ਰੂਰਤ ਦੀ ਵਸਤੂ ਵਿੱਚ ਆਉਂਦਾ ਹੈ ਅਤੇ ਹੁਣ ਕੱਪੜਿਆਂ ਤੇ ਜੀ.ਐਸ.ਟੀ. ਦੀਆਂ ਦਰਾਂ ਵਧਾਏ ਜਾਣ ਨੂੰ ਲੈ ਕੇ ਕੱਪੜਾ ਵਪਾਰੀਆਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਨਾਲ ਕੱਪੜਾ ਵਪਾਰੀਆਂ ਦੀਆਂ ਲਾਗਤਾਂ ਵੀ ਵਧਣਗੀਆਂ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਜੀ.ਐਸ.ਟੀ. ਸਬੰਧੀ ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਤੁਰੰਤ ਵਿਚਾਰ ਕਰਦੇ ਹੋਏ ਇਸਨੂੰ ਸੁਧਾਰਨ ਵੱਲ ਕਦਮ ਚੁੱਕੇ ਤਾਂ ਜੋ ਵਪਾਰੀਆਂ ਨੂੰ ਜੀ.ਐਸ.ਟੀ. ਨਿਯਮਾਂ ਵਿੱਚ ਬਦਲਾਅ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ।