ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਸਾਕਾ ਸਰਹੰਦ : ...

    ਸਾਕਾ ਸਰਹੰਦ : ਜ਼ੁਲਮ ਦੇ ਖਿਲਾਫ ਬੇਮਿਸਾਲ ਕੁਰਬਾਨੀ

    Saka Sirhind

    ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Saka Sirhind

    Saka Sirhind: ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ ਵਿਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਸਿੱਖ-ਇਤਿਹਾਸ ਦੇ ਉਸ ਜ਼ਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ (ਸ਼ਹਾਦਤ ਦੇ ਰੂਪ ਵਿਚ) ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਇਸੇ ਕਰਕੇ ਹੀ ਉਸ ਨੂੰ ਚਮਕੌਰ ਸਾਹਿਬ ਦੀ ਧਰਤੀ ਹਿੰਦੁਸਤਾਨ ਦੇ ਕਿਸੇ ਤੀਰਥ ਅਸਥਾਨ ਤੋਂ ਘੱਟ ਨਜ਼ਰ ਨਹੀਂ ਆਉਂਦੀ। ਮੁਗ਼ਲ ਹਕੂਮਤ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮੇਂ ਤੱਕ ਘੇਰਾ ਪਾਈ ਰੱਖਿਆ। ਆਪਣਾ ਮਨਸੂਬਾ (ਗੁਰੂੁ ਸਾਹਿਬ ਨੂੰ ਜਿਉਂਦਾ ਫੜਕੇ ਬਾਦਸ਼ਾਹ ਸਾਹਮਣੇ ਪੇਸ਼ ਕਰਨ ਤੇ ਇਨਾਮ ਹਾਸਲ ਕਰਨ ਦਾ) ਪੂਰਾ ਨਾ ਹੁੰਦਿਆਂ ਦੇਖ ਕੇ ਹਾਕਮ ਧਿਰ ਕਿਲ੍ਹੇ ਨੂੰ ਖਾਲੀ ਕਰਵਾਉਣ ਵਿਚ ਹੀ ਭਲਾ ਸਮਝਣ ਲੱਗੀ। Saka Sirhind

    ਇਹ ਖਬਰ ਵੀ ਪੜ੍ਹੋ : No-detention Policy: ਵਿਦਿਆਰਥੀ ਲਈ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ

    ਇਸ ਉਦੇਸ਼ ਦੀ ਪ੍ਰਾਪਤੀ ਲਈ ਹਾਕਮਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇੱਕ ਪੰਡਤ ਤੇ ਮੌਲਵੀ ਨੂੰ ਕਿਲ੍ਹੇ ਦੇ ਅੰਦਰ ਭੇਜਿਆ ਜਿਨ੍ਹਾਂ ਨੇ ਸਹੁੰ ਖਾ ਕੇ ਕਿਹਾ, ‘ਜੇਕਰ ਗੁਰੂ ਸਾਹਿਬ ਕਿਲ੍ਹੇ ਨੂੰ ਖਾਲੀ ਕਰ ਜਾਣ ਤਾਂ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਜਾਵੇਗਾ, ਉਹ ਜਿੱਥੇ ਵੀ ਚਾਹੁਣ ਜਾ ਕੇ ਰਹਿ ਸਕਦੇ ਹਨ।’ ਗੁਰੂ ਸਾਹਿਬ ਨੂੰ ਉਨ੍ਹਾਂ ਦੀਆਂ ਇਨ੍ਹਾਂ ਸਹੁੰਆਂ ’ਤੇ ਯਕੀਨ ਨਹੀਂ ਸੀ। ਆਪਣੇ ਯਕੀਨ ਨੂੰ ਪੱਕਿਆਂ ਕਰਨ ਲਈ ਗੁਰੂ ਸਾਹਿਬ ਨੇ ਇੱਕ ਗੱਡੇ ਉੱਪਰ ਕੂੜ-ਕਬਾੜ ਰਖਵਾ ਕੇ ਉੱਪਰ ਇੱਕ ਰੇਸ਼ਮੀ ਕੱਪੜਾ ਪੁਆ ਦਿੱਤਾ। ਜਦੋਂ ਇੱਕ ਸਿੱਖ ਇਸ ਗੱਡੇ ਨੂੰ ਬਾਹਰ ਲੈ ਕੇ ਆਇਆ ਤਾਂ ਮੁਗਲ ਸਿਪਾਹੀ ਇਸ ਨੂੰ ਗੁਰੂੁ ਕਾ ਖ਼ਜਾਨਾ ਸਮਝ ਕੇ ਇਸ ਉੱਪਰ ਟੁੱਟ ਕੇ ਪੈ ਗਏ।

    ਕੁੱਝ ਸਿੱਖਾਂ ਨੇ ਗੁਰੂੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨ ਲਈ ਰਜ਼ਾਮੰਦ ਕਰ ਲਿਆ

    ਇਸ ਲਾਲਚੀ ਹਰਕਤ ਕਾਰਨ ਉਨ੍ਹਾਂ ਦੇ ਹੱਥ-ਪੱਲੇ ਤਾ ਕੁੱਝ ਪਿਆ ਨਹੀਂ ਪਰ ਉਨ੍ਹਾਂ ਨੂੰ ਸ਼ਰਮਿੰਦੇ ਜ਼ਰੂਰ ਹੋਣਾ ਪਿਆ। ਕੁੱਝ ਕੁ ਦਿਨਾਂ ਬਾਅਦ ਮੁਗ਼ਲ ਸਿਪਾਹੀਆਂ ਨੇ ਫਿਰ ਬਾਦਸ਼ਾਹ ਔਰੰਗਜ਼ੇਬ ਦੇ ਦਸਤਖ਼ਤਾਂ ਵਾਲੀ ਇੱਕ ਚਿੱਠੀ ਗੁਰੂ ਸਾਹਿਬ ਵੱਲ ਭੇਜੀ ਜਿਸ ਵਿਚ ਲਿਖਿਆ ਗਿਆ ਸੀ- ‘ਅਸੀਂ ਆਪਣੀ ਵਾਅਦਾ ਖ਼ਿਲਾਫ਼ੀ ਤੋਂ ਬਹੁਤ ਸ਼ਰਮਿੰਦਾ ਹਾਂ ਤੇ ਦੁਬਾਰਾ ਗੁਰੂ ਸਾਹਿਬ ਨੂੰ ਕਿਲ੍ਹਾ ਖ਼ਾਲੀ ਕਰਨ ਦੀ ਬੇਨਤੀ ਕਰਦੇ ਹਾਂ। ਜੇਕਰ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਿੱਖ ਸਾਡੀ ਬੇਨਤੀ ਨੂੰ ਪ੍ਰਵਾਨ ਕਰ ਲੈਂਦੇ ਹਨ ਤਾਂ ਅਸੀਂ ਹੁਣ ਕੋਈ ਵੀ ਕੋਝਾ ਕੰਮ ਨਹੀਂ ਕਰਾਂਗੇ।’ ਭਾਵੇਂ ਗੁਰੂ ਸਾਹਿਬ ਇਸ ਲੜਾਈ ਨੂੰ ਕਿਸੇ ਸਿੱਟੇ (ਜਿੱਤ-ਹਾਰ) ’ਤੇ ਪਹੁੰਚਾਉਣ ਤੋਂ ਪਹਿਲਾਂ ਕਿਲ੍ਹੇ ਨੂੰ ਖਾਲੀ ਕਰਨ ਦੇ ਹੱਕ ਵਿਚ ਨਹੀਂ ਸਨ ਪਰ ਕੁੱਝ ਸਿੱਖਾਂ ਨੇ ਗੁਰੂੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨ ਲਈ ਰਜ਼ਾਮੰਦ ਕਰ ਲਿਆ। Saka Sirhind

    ਸਰਸਾ ਨਦੀ ਪਾਰ ਕਰਦਿਆਂ ਪਿਆਰ ਗੁਰੂ ਪਰਿਵਾਰ ‘ਚ ਵਿਛੋੜਾ

    20 ਦਸੰਬਰ 1704 ਈ. ਦੀ ਸਿਆਲੀ ਰਾਤ ਨੂੰ ਗੁਰੂ ਸਾਹਿਬ ਆਪਣੇ ਪਰਿਵਾਰ ਅਤੇ ਸਿੱਖਾਂ ਨੂੰ ਲੈ ਕੇ ਕਿੱਲ੍ਹੇ ’ਚੋਂ ਬਾਹਰ ਆ ਗਏ। ਹਨ੍ਹੇਰੀ ਰਾਤ ਦਾ ਸਫ਼ਰ ਮੁਕਾਉਂਦੀ ਹੋਈ ਖ਼ਾਲਸੇ ਦੀ ਇਹ ਫ਼ੌਜ ਸਰਸਾ ਨਦੀ ’ਤੇ ਪਹੁੰਚ ਗਈ। ਇੱਥੇ ਪਹੁੰਚ ਕੇ ਗੁਰੂ ਸਾਹਿਬ ਅਤੇ ਸਿੱਖਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਅਜੇ ਕੀਰਤਨ ਦੀ ਸਮਾਪਤੀ ਹੋਈ ਹੀ ਸੀ ਕਿ ਮੁਗ਼ਲ ਅਤੇ ਪਹਾੜੀ ਰਾਜਿਆਂ ਦੀ ਧਾੜ ਵੀ ਉੱਥੇ ਆਣ ਪਹੁੰਚੀ। ਇਸ ਦੌਰਾਨ ਭਾਈ ਉਦੈ ਸਿੰਘ ਅਤੇ ਭਾਈ ਜੀਵਨ ਸਿੰਘ (ਜੈਤਾ ਜੀ) ਨੇ ਮੁਗ਼ਲ ਫ਼ੌਜ ਦਾ ਡਟ ਕੇ ਸਾਹਮਣਾ ਕੀਤਾ ਅਤੇ ਉਸ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ। ਸਰਸਾ ਨਦੀ ਨੂੰ ਪਾਰ ਕਰਦਿਆਂ ਹੀ ਗੁਰੂ ਪਰਿਵਾਰ ਵਿਚ ਵਿਛੋੜਾ ਪੈ ਗਿਆ।

    ਇਸ ਵਿਉਂਤਬੰਦੀ ਤਹਿਤ ਗੁਰੂ ਸਾਹਿਬ ਅਤੇ ਸਿੱਖਾਂ ਨੇ ਦੁਸ਼ਮਣ ਨਾਲ ਦੋ ਹੱਥ ਕਰਨ ਦੀ ਧਾਰੀ

    ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਅਤੇ ਸਿੱਖਾਂ ਤੋਂ ਵੱਖ ਹੋ ਕੇ ਵਿੱਛੜ ਗਏ ਇੱਧਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਦੋ ਸਾਹਿਬਜ਼ਾਦਿਆਂ ਅਤੇ 40 ਕੁ ਸਿੱਖਾਂ ਨੂੰ ਨਾਲ ਲੈ ਕੇ ਰੋਪੜ ਦੇ ਇਲਾਕੇ ਵਿਚ ਪਹੁੰਚ ਗਏ। ਇਸ ਇਲਾਕੇ ਵਿਚ ਆ ਕੇ ਪਾਤਸ਼ਾਹ ਆਉਣ ਵਾਲੇ ਸੰਕਟ (ਪਿੱਛਾ ਕਰ ਰਹੀਆਂ ਮੁਗ਼ਲ ਫ਼ੌਜਾਂ) ਦਾ ਸਾਹਮਣਾ ਕਰਨ ਦੀ ਵਿਉਂਤਬੰਦੀ ਕਰਨ ਲੱਗੇ। ਇਸ ਵਿਉਂਤਬੰਦੀ ਤਹਿਤ ਗੁਰੂ ਸਾਹਿਬ ਅਤੇ ਸਿੱਖਾਂ ਨੇ ਦੁਸ਼ਮਣ ਨਾਲ ਦੋ ਹੱਥ ਕਰਨ ਦੀ ਧਾਰ ਲਈ ਅਤੇ ਇਸ ਮਨੋਰਥ ਦੀ ਸਿੱਧੀ ਵਾਸਤੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਚੌਧਰੀ ਬੁੱਧੂ ਚੰਦ ਦੀ ਕੱਚੀ ਹਵੇਲੀ (ਗੜ੍ਹੀ) ਦੀ ਚੋਣ ਕੀਤੀ। ਹਵੇਲੀ ਦੀ ਮੋਰਚਾਬੰਦੀ ਕਰਕੇ ਗੁਰੂ ਸਾਹਿਬ ਤੇ ਖ਼ਾਲਸਾ ਫ਼ੌਜ ਮੁਗ਼ਲਾਂ ਦੇ ਟਿੱਡੀ ਦਲ ਨਾਲ ਲੋਹਾ ਲੈਣ ਲਈ ਤਿਆਰ-ਬਰ-ਤਿਆਰ ਹੋ ਗਏ। Saka Sirhind

    22 ਦਸੰਬਰ ਵਾਲੇ ਦਿਨ ਇਸ ਸਥਾਨ ’ਤੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ

    ਦੂਸਰੇ ਪਾਸੇ ਸਰਹੰਦ ਦੇ ਸੂਬੇਦਾਰ ਤੇ ਉਸ ਦੇ ਲਾਮ-ਲਸ਼ਕਰ ਨੇ ਇਸ ਹਵੇਲੀ ਨੂੰ ਬਾਹਰੋਂ ਪੂਰੀ ਤਰ੍ਹਾਂ ਘੇਰ ਲਿਆ। 22 ਦਸੰਬਰ ਵਾਲੇ ਦਿਨ ਇਸ ਸਥਾਨ ’ਤੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ। ਸਿੱਖ ਫੌਜ ਦੀ ਤਾਦਾਦ ਭਾਵੇਂ ਅੱਧੇ ਕੁ ਸੈਂਕੜੇ ਤੱਕ ਵੀ ਨਹੀਂ ਸੀ ਪਹੁੰਚਦੀ ਪਰ ਗੁਰੂ ਸਾਹਿਬ ਦੇ ਪਿਆਰ ਅਤੇ ਵਿਹਾਰ ਕਾਰਨ ਚੜ੍ਹਦੀ ਕਲਾ ਅਤੇ ਪੂਰੇ ਜਲਾਲ ਵਿਚ ਸੀ। ਵਿਲੱਖਣ ਅਤੇ ਕਾਰਗ਼ਰ ਰਣਨੀਤੀ ਤਹਿਤ ਗੁਰੂ ਸਾਹਿਬ ਪੰਜ-ਪੰਜ ਸਿੱਖਾਂ ਦਾ ਜੱਥਾ ਬਣਾ ਕੇ ਮੈਦਾਨ-ਏ-ਜੰਗ ਵਿਚ ਜੂਝਣ ਲਈ ਭੇਜਦੇ ਰਹੇ, ਜੋ ਜੈਕਾਰਿਆਂ ਦੀ ਗੂੰਜ ਨਾਲ ਦੁਸ਼ਮਣਾਂ ’ਤੇ ਟੁੱਟ ਪੈਂਦਾ ਤੇ ਕਈਆਂ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਆਪ ਸ਼ਹੀਦ ਹੋ ਜਾਂਦਾ। ਇਨ੍ਹਾਂ ਜੱਥਿਆਂ ਵਿਚ ਗੁਰੂ ਕੇ ਲਾਲਾਂ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੂਝਾਰ ਸਿੰਘ) ਦਾ ਜੱਥਾ ਵੀ ਬੇਮਿਸਾਲ ਹੌਂਸਲੇ ਨਾਲ ਲੜਿਆ ਅਤੇ ਸ਼ਹਾਦਤ ਦਾ ਜਾਮ ਪੀ ਗਿਆ।

    ਸਰਸਾ ਨਦੀਂ ਦੇ ਕਿਨਾਰੇ ਤੋਂ ਵਿੱਛੜੇ ਗੁਰੂ ਪਰਿਵਾਰ ਦਾ ਇੱਕ ਹਿੱਸਾ ਗੰਗੂ ਦੀ ਗੱਦਾਰੀ ਦਾ ਸ਼ਿਕਾਰ

    ਸਰਸਾ ਨਦੀਂ ਦੇ ਕਿਨਾਰੇ ਤੋਂ ਵਿੱਛੜੇ ਗੁਰੂ ਪਰਿਵਾਰ ਦੇ ਇੱਕ ਹਿੱਸੇ ਨੂੰ ਗੰਗੂ ਦੀ ਗੱਦਾਰੀ ਦਾ ਸ਼ਿਕਾਰ ਹੋਣਾ ਪਿਆ। ਗੁਰੂ ਕੇ ਗ੍ਰਹਿ ਵਿਖੇ ਸਾਲਾਂਬੱਧੀ ਰਸੋਈਏ ਦੀ ਡਿਊਟੀ ਨਿਭਾਉਣ ਵਾਲੇ ਗੰਗੂ ਨੇ ਲਾਲਚ ਵਿਚ ਆ ਕੇ ਮੋਰਿੰਡੇ ਦੇ ਥਾਣੇ ਵਿਚ ਦਾਦੀ-ਪੋਤਿਆਂ ਦੀ ਮੁਖ਼ਬਰੀ ਕਰ ਦਿੱਤੀ। ਸਿੱਟੇ ਵਜੋਂ ਮੋਰਿੰਡੇ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਨੇ ਬਜ਼ੁਰਗ ਮਾਤਾ ਅਤੇ ਦੋਵਾਂ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਬਿਰਧ ਮਾਂ ਤੇ ਉਸ ਦੇ ਮਾਸੂਮ ਪੋਤਿਆਂ ਦੀ ਹਵਾਲ਼ਗੀ ਨੂੰ ਆਪਣੀ ਜਿੱਤ ਸਮਝ ਲਿਆ ਅਤੇ ਉਨ੍ਹਾਂ ਨੂੰ ਦੀਨ ਕਬੂਲ ਕਰਵਾਉਣ ਦੀਆਂ ਵਿਉਂਤਾਂ ਬਣਾਉਣ ਲੱਗਾ।

    ਸੂਬਾ ਸਰਹੰਦ ਤੇ ਉਸ ਦੇ ਅਹਿਲਕਾਰਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਲਿਆ ਫੈਸਲਾ

    ਪਰ ਇਹ ਸਿਰਫ਼ ਉਸ ਦਾ ਭਰਮ ਹੀ ਨਿੱਕਲਿਆ ਜਦੋਂ 9 ਸਾਲ ਅਤੇ 7 ਸਾਲ ਦੇ ਬੱਚਿਆਂ ਨੇ ਉਸ ਦੇ ਕਿਸੇ ਵੀ ਮਨਸੂਬੇ (ਲਾਲਚ, ਡਰਾਵੇ ਅਤੇ ਝੂਠ) ਨੂੰ ਕਾਮਯਾਬ ਨਹੀਂ ਹੋਣ ਦਿੱਤਾ, ਸਗੋਂ ਦਲੇਰਾਨਾ ਦਲੀਲਾਂ ਦੇ ਕੇ ਉਸ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਭਾਵੇਂ ਸੂਬਾ ਸਰਹੰਦ ਦੇ ਕੁੱਝ ਸਰਕਾਰੀ ਕਰਿੰਦਿਆਂ ਨੇ ਵੀ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਥਿਰਕਾਉਣ ਲਈ ਆਪਣੀ ਵੱਖਰੀ ਵਾਹ ਲਾਈ ਪਰ ਉਨ੍ਹਾਂ ਦੀ ਦਿ੍ਰੜ੍ਹਤਾ ਅੱਗੇ ਉਨ੍ਹਾਂ (ਕਰਿੰਦਿਆਂ) ਦੀ ਕੋਈ ਪੇਸ਼ ਨਾ ਗਈ। ਆਪਣੇ ਪੱਖ ਦੀ ਕੋਈ ਵੀ ਗੱਲ ਨਾ ਬਣਦੀ ਦੇਖ ਕੇ ਸੂਬਾ ਸਰਹੰਦ ਅਤੇ ਉਸ ਦੇ ਅਹਿਲਕਾਰਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਫ਼ੈਸਲਾ ਕਰ ਲਿਆ।

    ਇਸ ਫ਼ੈਸਲੇ ਮੁਤਾਬਿਕ ਹੀ 26 ਦਸੰਬਰ 1704 ਈ. ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਜ਼ੱਲਾਦਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਖੜ੍ਹਾ ਕਰਕੇ ਕੰਧ ਦੀ ਉਸਾਰੀ ਆਰੰਭ ਕਰ ਦਿੱਤੀ। ਜਦੋਂ ਕੰਧ ਛਾਤੀ ਤੱਕ ਪਹੁੰਚੀ ਤਾਂ ਦੋਵੇਂ ਮਾਸੂਮ ਜਿੰਦਾਂ ਬੇਹੋਸ਼ ਹੋ ਗਈਆਂ ਅਤੇ ਕੰਧ ਡਿੱਗ ਗਈ। ਫਿਰ ਦੋਵਾਂ ਨੂੰ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਮਾਤਾ ਗੁਜ਼ਰੀ ਜੀ ਵੀ ਸੱਚਖੰਡ ਨੂੰ ਪਿਆਨਾ ਕਰ ਗਏ। ਧਰਮ ਤੇ ਹੱਕ ਸੱਚ ਲਈ ਹੋਈਆਂ ਇਹ ਕੁਰਬਾਨੀਆਂ ਮਨੁੱਖਤਾ ਲਈ ਸਦਾ ਪ੍ਰੇਰਨਾ ਸਰੋਤ ਬਣੀਆਂ ਰਹਿਣਗੀਆਂ।

    ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
    ਮੋ. 94631-32719
    ਰਮੇਸ਼ ਬੱਗਾ ਚੋਹਲਾ

    LEAVE A REPLY

    Please enter your comment!
    Please enter your name here