ਹਾਦਸੇ ਵਿੱਚ ਪੰਜ ਜਣੇ ਜ਼ਖ਼ਮੀ
ਰਜਨੀਸ਼ ਰਵੀ, ਜਲਾਲਾਬਾਦ:ਅੱਜ ਸਵੇਰੇ ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਸਥਿਤ ਸਰਕਾਰੀ ਆਈ.ਟੀ.ਆਈ. ਨੇੜੇ ਇੱਕ ਟਰੈਕਸ ਗੱਡੀ ਦੇ ਦਰੱਖਤਾਂ ਨਾਲ ਟਕਰਾਉਣ ਨਾਲ ਵਾਪਰੇ ਭਿਆਨਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 5 ਵਿਅਕਤੀ ਗੰਭੀਰ ਰੂਪ ‘ਚ ਫੱਟੜ ਹੋ ਗਏ ਹਨ। ਹਾਦਸਾ ਅੱਜ ਸਵੇਰੇ ਕਰੀਬ 3 ਵਜੇ ਦੇ ਕਰੀਬ ਵਾਪਰਿਆ
ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਸੁਖੇਰਾ ਉਰਫ ਸਿੱਧੂ ਵਾਲਾ ਵਿਖੇ ਬਜ਼ੁਰਗ ਰੁਲੀਆ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਬੀਤੇ ਦਿਨ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀਆਂ ਅਸਥੀਆਂ ਨੂੰ ਬਿਆਸ ਜਲ ਪ੍ਰਵਾਹ ਕਰਨ ਉਪਰੰਤ ਅੱੱਜ ਸਵੇਰੇ ਬਿਆਸ ਤੋਂ ਟਰੈਕਸ ‘ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਇਹ ਪਰਿਵਾਰ ਜਲਾਲਾਬਾਦ ਦੇ ਨਜ਼ਦੀਕ ਸਥਿਤ ਸਰਕਾਰੀ ਆਈ.ਟੀ.ਆਈ. ਕੋਲ ਪੁੱਜਿਆ ਤਾਂ ਟਰੈਕਸ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਦਰੱਖਤ ਵਿੱਚ ਟਕਰਾਅ ਗਈ।
ਇਸ ਹਾਦਸੇ ਵਿੱਚ ਡਰਾਈਵਰ ਰਜਿੰਦਰ ਸਿੰਘ ਉਰਫ ਰਿੰਕੂ (35) ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਚੱਕ ਸੁਖੇਰਾ (ਸਿੱਧੂ ਵਾਲਾ) ਅਤੇ ਇੱਕ ਬਜ਼ੁਰਗ ਮਾਤਾ ਭਾਗੋ ਰਾਣੀ (70) ਪਤਨੀ ਕਸ਼ਮੀਰ ਸਿੰਘ ਵਾਸੀ ਮਮਦੋਟ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਰੈਕਸ ਵਿੱਚ ਦਰਜਨ ਤੋਂ ਵੱਧ ਲੋਕ ਸਵਾਰ ਸਨ, ਜਿਸ ਵਿੱਚ ਬੱਚੇ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਇਸ ਹਾਦਸੇ ਵਿੱਚ ਕਰਨੈਲ ਸਿੰਘ ਪੁੱਤਰ ਰੁਲੀਆ ਸਿੰਘ, ਗੁਰਮੀਤ ਕੌਰ ਪਤਨੀ ਗੁਰਨਾਮ ਸਿੰਘ ਜਲਾਲਾਬਾਦ ਦੇ ਸਰਕਾਰੀ ਹਸਪਤਾਲ ‘ਚ ਇਲਾਜ ਲਈ ਦਾਖ਼ਲ ਹਨ, ਜਦ ਕਿ ਪ੍ਰੇਮ ਸਿੰਘ ਪੁੱਤਰ ਜੈ ਸਿੰਘ, ਕੁਸ਼ੱਲਿਆ ਬਾਈ ਪਤਨੀ ਰੁਲੀਆ ਸਿੰਘ, ਗੁੱਡੋ ਰਾਣੀ ਪਤਨੀ ਮੰਗਲ ਸਿੰਘ ਅਤੇ ਇੱਕ ਬੱਚੇ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਰਕੇ ਸਰਕਾਰੀ ਹਸਪਤਾਲ ਜਲਾਲਾਬਾਦ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫ਼ਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਇਲਾਜ ਲਈ ਰੈਫਰ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।