ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ ਹੋਈ ਰੂਹਾਨੀ ਮਜਲਸ
ਸੱਚ ਕਹੂੰ ਨਿਊਜ਼, ਸਰਸਾ: ਸਤਿਸੰਗ ‘ਚ ਜਦੋਂ ਇਨਸਾਨ ਚੱਲ ਕੇ ਆਉਂਦਾ ਹੈ ਤਾਂ ਦਿਲੋ-ਦਿਮਾਗ ‘ਚ ਜੋ ਵਿਚਾਰ ਹੁੰਦੇ ਹਨ, ਭਾਵਨਾਵਾਂ, ਸ਼ੰਕਾਵਾਂ, ਸਵਾਲ ਹੁੰਦੇ ਹਨ ਉਨ੍ਹਾਂ ਦਾ ਜਵਾਬ ਮਿਲ ਜਾਂਦਾ ਹੈ ਇਸ਼ਾਰਾ ਮਿਲ ਜਾਂਦਾ ਹੈ ਤੇ ਸੁਣ ਕੇ ਅਮਲ ਕਰੋ ਤਾਂ ਵਾਕਿਆਈ ਉਸਦੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੁੰਦੀਆਂ ਜਾਂਦੀਆਂ ਹਨ ਸੰਤਾਂ ਦੇ ਸਤਿਸੰਗ ‘ਚ ਬਚਨ ਸੁਣ ਕੇ ਅਮਲ ਕਰਨਾ ਬਹੁਤ ਜ਼ਰੂਰੀ ਹੈ।
ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਵੀਰਵਾਰ ਸ਼ਾਮ ਦੀ ਰੂਹਾਨੀ ਮਜਲਸ ਦੌਰਾਨ ਫ਼ਰਮਾਏ।
ਉਸ ਮਾਲਕ ਦਾ ਸ਼ੁਕਰਾਨਾ ਕਰੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਧਾ ਘੰਟਾ, ਇੱਕ ਘੰਟਾ ਜੋ ਵੀ ਸਮਾਂ ਤੁਸੀਂ ਸਤਿਸੰਗ ‘ਚ ਦਿੰਦੇ ਹੋ, ਪਰਮਾਤਮਾ ‘ਤੇ ਅਹਿਸਾਨ ਨਾ ਕਰੋ ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਲਓ ਭਾਈ ਮੈਂ ਸਤਿਸੰਗ ‘ਚ ਆ ਗਿਆ, ਦੇਖ ਪਰਮਾਤਮਾ! ਮੈਂ ਤੇਰਾ ਰਾਮ-ਨਾਮ ਸੁਣ ਲਿਆ ਅਹਿਸਾਨ ਕਿਉਂ ਜਤਾਉਂਦੇ ਹੋ? ਤੁਸੀਂ ਸਤਿਸੰਗ ਸੁਣਦੇ ਹੋ ਤਾਂ ਕਰਮ ਵੀ ਤੁਹਾਡੇ ਕੱਟਣਗੇ, ਤੁਹਾਡੇ ਬਣਨਗੇ ਤਾਂ ਇਸ ‘ਚ ਅਹਿਸਾਨ ਜਤਾਉਣ ਦੀ ਕੋਈ ਗੱਲ ਹੀ ਨਹੀਂ
ਸਗੋਂ ਹੋਣਾ ਇਹ ਚਾਹੀਦਾ ਹੈ ਕਿ ਹੇ ਮਾਲਕ! ਮੈਂ ਤੇਰਾ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਕਿ ਤੂੰ ਕਿਰਪਾ ਕੀਤੀ ਤਾਂ ਹੀ ਮੈਂ ਸਤਿਸੰਗ ‘ਚ ਚੱਲ ਕੇ ਆ ਗਿਆ ਤੇ ਸਤਿਸੰਗ ਸੁਣ ਕੇ ਮੈਂ ਆਪਣੀ ਕਿਸਮਤ ਬਦਲ ਸਕਾਂਗਾ। ਤਾਂ ਉਸ ਮਾਲਕ ਦਾ, ਰਾਮ ਦਾ, ਈਸ਼ਵਰ ਦਾ, ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਨਾ ਕਿ ਕੋਈ ਅਹਿਸਾਨ ਜਤਾਉਣਾ ਚਾਹੀਦਾ ਹੈ।
ਇਨਸਾਨ ਆਪਣੇ ਕਰਮ ਖੁਦ ਜਾਣਦਾ ਹੈ ਜਾਂ ਪਰਮਾਤਮਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਕਿਹੋ ਜਿਹੇ ਕਰਮ ਕਰਦਾ ਹੈ ਇਹ ਜਾਂ ਉਹ ਖੁਦ ਜਾਣਦਾ ਹੈ ਜਾਂ ਫਿਰ ਪਰਮਾਤਮਾ ਇਨਸਾਨ ਕਰਮ ਕਰਦਾ ਹੈ, ਉਸਦਾ ਫ਼ਲ ਚਾਹੀਦਾ ਹੈ, ਹਰ ਕਿਸੇ ਨੂੰ ਚਾਹੀਦਾ ਹੈ, ਪਰ ਈਸ਼ਵਰ ਜਿਸ ਹਾਲ ‘ਚ ਰੱਖਦਾ ਹੈ, ਭਗਤਜਨ ਉਸ ਹਾਲਤ ‘ਚ ਖੁਸ਼ ਰਹਿੰਦੇ ਹਨ। ਪਤਾ ਨਹੀਂ ਉਸਦੇ ਬਦਲੇ ‘ਚ ਰਾਮ, ਅੱਲ੍ਹਾ, ਪ੍ਰਭੂ, ਪਰਮਾਤਮਾ, ਕੀ ਬਖਸ਼ ਦੇਵੇ? ਕੁਝ ਕਿਹਾ ਨਹੀਂ ਜਾ ਸਕਦਾ।
ਦਿਮਾਗ ‘ਚ ਸੋਚ ਲਿਆ ਕਿ ਮੈਂ ਨਹੀਂ ਥੱਕਾਂਗਾ ਤਾਂ ਤੁਸੀਂ ਥੱਕਦੇ ਨਹੀਂ
ਸਿਰਫ਼ ਤੁਸੀਂ ਨੈਗਟਿਵ ਨਾ ਸੋਚੋ ਆਪਣੇ ਦਿਮਾਗ ‘ਚ ਸੋਚ ਲਿਆ ਕਿ ਮੈਂ ਨਹੀਂ ਥੱਕਾਂਗਾ ਤਾਂ ਤੁਸੀਂ ਥੱਕਦੇ ਨਹੀਂ, ਤੇ ਸੋਚ ਲਿਆ ਕਿ ਮੈਂ ਥੱਕ ਗਿਆ ਤਾਂ ਬੈਠੇ-ਬੈਠੇ ਥੱਕ ਜਾਓਗੇ।ਕਈ ਖਾਲੀ ਰਹਿੰਦੇ-ਰਹਿੰਦੇ ਥੱਕ ਜਾਂਦੇ ਹਨ ਕਈ ਸਵੇਰੇ-ਸ਼ਾਮ, ਦਿਨ-ਰਾਤ ਕੰਮ ਕਰਦੇ ਰਹਿੰਦੇ ਹਨ ਤਾਂ ਵੀ ਥਕਾਵਟ ਨਹੀਂ ਆਉਂਦੀ ਕਈਆਂ ਦੇ ਮੰਜੇ ‘ਤੇ ਕਰਵਟ ਲੈਂਦੇ ਸਮੇਂ ਮਸਲਜ਼ ਖਿੱਚੇ ਜਾਂਦੇ ਹਨ ਤੇ ਕਈ ਸਾਰਾ ਦਿਨ ਕਹੀ ਚਲਾਉਂਦੇ ਹਨ ਤੇ ਪਤਾ ਹੀ ਨਹੀਂ ਚੱਲਦਾ ਇਸ ਲਈ ਦਿਮਾਗ ਦੀ ਇਸ ‘ਚ ਬਹੁਤ ਵੱਡੀ ਭੂਮਿਕਾ ਹੈ ਤੁਸੀਂ ਸੋਚ ਲੈਂਦੇ ਹੋ ਕਿ ਤੁਸੀਂ ਕਦੇ ਤਰੱਕੀ ਨਹੀਂ ਕਰੋਗੇ ਤਾਂ ਨਹੀਂ ਕਰੋਗੇ ਤੇ ਜੇਕਰ ਤੁਸੀਂ ਸੋਚ ਲੈਂਦੇ ਹੋ ਕਿ ਮੈਂ ਹਾਰੀ ਬਾਜ਼ੀ ਜਿੱਤ ਕੇ ਦਿਖਾਵਾਂਗਾ ਤਾਂ ਤੁਸੀਂ ਜਿੱਤ ਜਾਂਦੇ ਹੋ।
ਇਸ ਲਈ ਨੈਗਟਿਵ ਨਾ ਸੋਚਿਆ ਕਰੋ ਤੇ ਮਾਲਕ ਦੇ ਪਿਆਰੇ ਨੂੰ ਤਾਂ ਬਿਲਕੁਲ ਵੀ ਨਹੀਂ ਸੋਚਣਾ ਚਾਹੀਦਾ। ਤੁਹਾਡੇ ਨਾਲ ਤਾਂ ਰਾਮ, ਅੱਲ੍ਹਾ, ਸਤਿਗੁਰੂ ਹੁੰਦਾ ਹੈ ਜੇਕਰ ਥੋੜ੍ਹੀ ਬਹੁਤ ਪਰੇਸ਼ਾਨੀ ਹੈ ਤਾਂ ਸੋਚੋ ਕਿ ਮੇਰਾ ਮਾਲਕ ਜਾਣੇ, ਉਸਦਾ ਕੰਮ ਜਾਣੇ ਚੰਗੇ ਕਰਮ ਕਰਦੇ ਚਲੋ, ਸਤਿਗੁਰੂ ਮੌਲਾ ਜ਼ਰੂਰ ਫ਼ਲ ਬਖਸ਼ੇਗਾ ਦੂਜੀ ਤੁਸੀਂ ਟੈਨਸ਼ਨ ਲੈਂਦੇ ਰਹਿੰਦੇ ਹੋ ਮੱਝ ਨੇ ਇੱਕ ਟਾਈਮ ਦੁੱਧ ਨਹੀਂ ਦਿੱਤਾ ਤਾਂ ਤੁਸੀਂ ਮੰਜੇ ‘ਤੇ ਲੇਟ ਜਾਂਦੇ ਹੋ, ਉਸ ਨਾਲ ਕੀ ਮੱਝ ਜ਼ਿਆਦਾ ਦੁੱਧ ਦੇਣ ਲੱਗ ਜਾਵੇਗੀ
ਜ਼ਿੰਦਗੀ ‘ਚ ਉਤਾਰ-ਚੜ੍ਹਾਅ ਚੱਲਦਾ ਰਹਿੰਦਾ ਹੈ,
ਬੱਚਾ ਬਿਮਾਰ ਹੋ ਗਿਆ ਤਾਂ ਕਹਿੰਦੇ ਹੋ ਇਹ ਕੀ ਹੋ ਗਿਆ? ਜ਼ਿੰਦਗੀ ‘ਚ ਉਤਾਰ-ਚੜ੍ਹਾਅ ਚੱਲਦਾ ਰਹਿੰਦਾ ਹੈ, ਇਸ ‘ਚ ਟੈਨਸ਼ਨ ਵਾਲੀ ਕੀ ਗੱਲ ਹੈ? ਕਈ ਲੋਕ ਬਹੁਤ ਭਾਵੁਕ ਹੁੰਦੇ ਹਨ, ਗੱਲ-ਗੱਲ ‘ਤੇ ਟੈਨਸ਼ਨ ਲੈਂਦੇ ਹਨ ਪਰ ਭਰਮ ਤੇ ਨੈਗੇਟੀਵਿਟੀ ਦੋ ਚੀਜ਼ਾਂ ਜਦੋਂ ਆਦਮੀ ਦੇ ਅੰਦਰ ਬੈਠ ਜਾਂਦੀਆਂ ਹਨ ਤਾਂ ਜ਼ਿੰਦਗੀ ਨਰਕ ਹੋ ਜਾਂਦੀ ਹੈ
ਸਫ਼ਾਈ ਰੱਖਣਾ ਕੋਈ ਭਰਮ ਨਹੀਂ ਹੁੰਦਾ, ਚੰਗੇ ਕਰਮ ਕਰਨਾ ਕੋਈ ਭਰਮ ਨਹੀਂ ਹੁੰਦਾ ਸਿਮਰਨ ਕਰਕੇ ਦਰਸ਼-ਦੀਦਾਰ ਹੋਣ ਜਾਂ ਸੁਫਨੇ ‘ਚ ਜਾਂ ਫਿਰ ਪ੍ਰਤੱਖ ਤੌਰ ‘ਤੇ ਉਹ ਵੀ ਭਰਮ ਨਹੀਂ ਹੁੰਦਾ।
ਕਦੇ ਟੈਨਸ਼ਨ ਨਾ ਲਵੋ
ਇਸ ਲਈ ਟੈਨਸ਼ਨ ਨਾ ਲਿਆ ਕਰੋ, ਕੋਈ ਕੁਝ ਕਹਿ ਦੇਵੇ, ਨੈਗੇਟੀਵਿਟੀ ਨੂੰ ਫੜਿਆ ਨਾ ਕਰੋ ਇਹ ਚੰਗੇ-ਭਲੇ ਬੰਦੇ ਨੂੰ ਬਿਮਾਰ ਕਰ ਦਿੰਦੇ ਹਨ ਅਸੀਂ ਦੇਖਿਆ ਹੈ, ਮਾਤਾ-ਭੈਣਾਂ ਕਿਸੇ ਬਿਮਾਰ ਦਾ ਪਤਾ ਲੈਣ ਜਾਣਗੀਆਂ, ਤਾਂ ਉਸਨੂੰ ਕਹਿਣਗੀਆਂ, ਤੂੰ ਤਾਂ ਅੱਗੇ ਤੋਂ ਪੀਲਾ ਹੋ ਗਿਆ ਲਾਲ ਹੋਵੇ ਤਾਂ ਵੀ ਪੀਲਾ ਹੋ ਜਾਵੇ। ਵਿਚਾਰਾ ਤੇ ਆਦਮੀ ਕਹਿੰਦੇ ਹਨ- ਯਾਰ ਕੱਲ੍ਹ ਤੋਂ ਤਾਂ ਠੀਕ ਲੱਗ ਰਿਹਾ ਹੈ,
ਭਾਵੇਂ ਸਿਹਤ ਪੀਲੀ ਕਿਉਂ ਨਾ ਪਈ ਹੋਵੇ ਫਿਰ ਵੀ ਲਾਲੀ ਆ ਜਾਂਦੀ ਹੈ ਤੁਸੀਂ ਕਿਸੇ ਦਾ ਪਤਾ ਲੈਣ ਜਾਓ ਤਾਂ ਉਸ ਨੂੰ ਕਦੇ ਵੀ ਗਲਤ ਨਾ ਕਹੋ, ਭਾਵੇ ਉਹ ਬਿਲਕੁਲ ਕਮਜ਼ੋਰ ਹੋ ਗਿਆ ਹੋਵੇ ‘ਪਹਿਲਾਂ ਤੋਂ ਤਾਂ ਤੂੰ ਚੰਗਾ ਲੱਗ ਰਿਹਾ ਹੈ’ ਤੁਹਾਡੇ ਇਹ ਦੋ ਸ਼ਬਦ ਕਿਸੇ ਨੂੰ ਜ਼ਿੰਦਗੀ ਜਿਉਣ ਦੀ ਇੱਛਾ ਪੈਦਾ ਕਰ ਦੇਣਗੇ ਅਤੇ ਹੋ ਸਕਦਾ ਹੈ ਉਹ ਬਿਮਾਰੀ ਨਾਲ ਲੜ ਕੇ ਜਿੱਤ ਜਾਵੇ
ਹਰ ਕਿਸੇ ਨੂੰ ਇਹੀ ਚਾਹੀਦਾ ਹੈ ਕਿ ਉਹ ਕਦੇ ਨੈਗੇਟਿਵ ਨਾ ਸੋਚੇ ਪਰ ਕਈ ਹੁੰਦੇ ਹੀ ਨੈਗੇਟਿਵ ਹਨ, ਜਿਵੇਂ ਮੈਂ ਖੜ੍ਹਾ ਨਹੀਂ ਹੋ ਸਕਦਾ, ਚੱਲ ਨਹੀਂ ਸਕਦਾ, ਖਾ ਨਹੀਂ ਸਕਦਾ, ਜਦੋਂਕਿ ਸਭ ਕੁਝ ਕਰ ਰਹੇ ਹੁੰਦੇ ਹਨ ਨੈਗੇਟੀਵਿਟੀ ਪਾਲਣ ਦੀ ਬਜਾਇ ਤੁਸੀਂ ਉਨ੍ਹਾਂ ਚੀਜ਼ਾਂ ਨਾਲ ਲੜੋ, ਜੋ ਤੁਹਾਨੂੰ ਜ਼ਿੰਦਗੀ ‘ਚ ਪਿੱਛੇ ਲਿਜਾ ਰਹੀਆਂ ਹਨ ਲੜੋ ਆਪਣੇ ਮਨ ਨਾਲ ਜੋ ਤੁਹਾਨੂੰ ਗਲਤ ਵਿਚਾਰ ਦਿੰਦਾ ਹੈ
ਬੁਰਾਈਆਂ ਨਾਲ ਲੜਦੇ ਰਹੋ
ਲੜੋ ਉਨ੍ਹਾਂ ਬੁਰਾਈਆਂ ਨਾਲ ਜੋ ਤੁਹਾਡੇ ਉੱਪਰ ਹਾਵੀ ਹੋਣਾ ਚਾਹੁੰਦੀਆਂ ਹਨ ਲੜੋ ਉਨ੍ਹਾਂ ਗਲਤ ਖਿਆਲਾਂ ਨਾਲ, ਜੋ ਤੁਹਾਨੂੰ ਕਿਤੇ ਦਾ ਨਹੀਂ ਛੱਡਣਾ ਚਾਹੁੰਦੇ ਤੇ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਓ
ਇਸ ਦੁਨੀਆ ਤੋਂ ਸਭ ਨੇ ਇੱਕ ਨਾ ਇੱਕ ਦਿਨ ਜਾਣਾ ਹੈ ਪਰ ਕਈ ਆਉਂਦੇ ਹਨ ਤੇ ਜ਼ਿੰਦਗੀ ਦਾ ਦੀਆ ਬੁਝਾ ਕੇ ਚੱਲੇ ਜਾਂਦੇ ਹਨ ਕਈ ਆਉਂਦੇ ਹਨ ਤੇ ਦੂਜਿਆਂ ਲਈ ਮਸ਼ਾਲ ਦੀ ਤਰ੍ਹਾਂ ਕੰਮ ਕਰਦੇ ਹਨ ਤੇ ਆਉਣ ਵਾਲੇ ਸਮੇਂ ‘ਚ ਦੁਨੀਆ ਉਨ੍ਹਾਂ ਦੀ ਜਗਾਈ ਮਸ਼ਾਲ ਹੇਠ ਰਸਤਾ ਤੈਅ ਕਰਦੀ ਹੈ। ਤੁਸੀਂ ਮੰਨੋ ਜਾਂ ਨਾ ਮੰਨੋ, ਜਨਮ ਵੀ ਹੁੰਦਾ ਹੈ ਤੇ ਮਰਨ ਵੀ ਹੁੰਦਾ ਹੈ
ਤੁਹਾਡੀ ਇੱਛਾ ਨਾਲ ਕੁਝ ਹੋਣ ਵਾਲਾ ਨਹੀਂ, ਤੁਹਾਡੇ ਟਾਲਣ ਨਾਲ ਕੁਝ ਟਲਣ ਵਾਲਾ ਨਹੀਂ ਇਸ ਲਈ ਜੋ ਸਮਾਂ ਤੁਹਾਨੂੰ ਮਿਲਿਆ ਹੈ, ਉਸ ‘ਚ ਚੰਗੇ ਕਰਮ ਕਰੋ ਹਿੰਮਤ ਨਾਲ ਅੱਗੇ ਵਧੋ ਤੇ ਨੇਕੀ-ਭਲਾਈ ਕਰਦੇ ਹੋਏ ਅੱਲ੍ਹਾ, ਵਾਹਿਗੁਰੂ, ਰਾਮ ਦੇ ਗੁਣ ਗਾਉਂਦੇ ਹੋਏ ਖੁਸ਼ੀਆਂ ਹਾਸਲ ਕਰੋ ਹਰ ਸਮੇਂ ਆਦਮੀ ਦੀ ਮਨ ਇੱਛਾ ਪੂਰੀ ਨਹੀਂ ਹੁੰਦੀ।
ਸੋਚਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ,
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮ ਪਿਤਾ ਜੀ ਬਚਨ ਫ਼ਰਮਾਇਆ ਕਰਦੇ, ‘ਸੋਚਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ, ਸੋਚਦਾ ਬਥੇਰਾ, ਪਰ ਰਹਿੰਦੀਆਂ ਅਧੂਰੀਆਂ’ ਬਹੁਤ ਜ਼ਿਆਦਾ ਸੋਚ ਲੈਂਦਾ ਹੈ, ਇਸ ਲਈ ਅਧੂਰੀਆਂ ਰਹਿ ਜਾਂਦੀਆਂ ਹਨ ਫਿਰ ਮਨ ਅੰਦਰੋਂ ਮਰੋੜਾ ਦਿੰਦਾ ਹੈ, ‘ਹੋ ਗਈ ਤੇਰੀ ਇੱਛਾ ਪੂਰੀ, ਕੁਝ ਨਹੀਂ ਹੋਇਆ, ਸਤਿਗੁਰੂ ਕੁਝ ਨਹੀਂ ਕਰਦਾ’ ਪਰ ਜੋ ਸੌ ਇੱਛਾਵਾਂ ਪਹਿਲਾਂ ਪੂਰੀਆਂ ਹੋਈਆਂ ਹਨ, ਉਨ੍ਹਾਂ ਨੂੰ ਸਾਫ਼ ਕਰ ਦਿੰਦਾ ਹੈ। ਪਹਿਲੇ ਬੱਚੇ ਫੱਟੀ ਲਿਖਿਆ ਕਰਦੇ ਸਨ ਤੇ ਅਧਿਆਪਕ ਦੇ ਓਕੇ ਕਹਿਣ ‘ਤੇ ਪਾਣੀ ਮਾਰ ਕੇ ਸਾਫ਼ ਕਰ ਦਿੰਦੇ ਤਾਂ ਮਨ ਓਕੇ ਕਹਿਣ ਹੀ ਨਹੀਂ ਦਿੰਦਾ ਪਹਿਲਾਂ ਹੀ ਫੱਟੀ ਸਾਫ਼ ਕਰ ਦਿੰਦਾ। ਸਤਿਗੁਰੂ ਮੌਲਾ ਨੇ ਪਤਾ ਨਹੀਂ ਕੀ-ਕੀ ਬਖਸ਼ਣਾ ਹੁੰਦਾ ਹੈ? ਪਰ ਹੰਕਾਰ, ਬੇਵਜ੍ਹਾ ਮਾਨ-ਵਡਿਆਈ ਦੀਆਂ ਗੱਲਾਂ ਇਨਸਾਨ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਹਨ ਇਸ ਲਈ ਦੀਨਤਾ, ਨਿਮਰਤਾ ਦਾ ਪੱਲਾ ਕਦੇ ਨਾ ਛੱਡੋ, ਰਾਮ ਦਾ ਨਾਮ ਜਪਦੇ ਰਹੋ ਤੇ ਸਭ ਦਾ ਭਲਾ ਮੰਗੋ।
ਕਿਉਂ ਨਹੀਂ ਹੁੰਦਾ ਤੁਹਾਡੇ ਤੋਂ ਚੰਗਾ ਕਰਮ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨੈਗੇਟੀਵਿਟੀ ਨਾਲੋਂ ਨਾਤਾ ਤੋੜਕੇ ਰੱਖੋ ਕਿਉਂ ਨਹੀਂ ਹੁੰਦਾ ਤੁਹਾਡੇ ਤੋਂ ਚੰਗਾ ਕਰਮ? ਤੁਹਾਡੇ ਤੋਂ ਪਹਿਲਾਂ ਵੀ ਲੋਕਾਂ ਨੇ ਕੀਤਾ ਹੈ। ਉਹ ਵੀ ਮਾਂ ਦੀ ਕੁੱਖ ‘ਚੋਂ ਹੀ ਪੈਦਾ ਹੋਏ ਹਨ, ਤੁਸੀਂ ਵੀ ਮਾਂ ਦੀ ਕੁੱਖ ‘ਚੋਂ ਪੈਦਾ ਹੋਏ ਹੋ। ਉਹ ਅੱਗੇ ਨਿਕਲ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ ਅੱਗੇ ਵਧ ਸਕਦੇ। ਜ਼ਰੂਰ ਪੜ੍ਹ ਸਕਦੇ ਹੋ, ਬਸ ਮਨ ਨਾਲ ਲੜੋ, ਸਿਮਰਨ, ਸੇਵਾ ਕਰੋ ਤੇ ਸਭ ਦਾ ਭਲਾ ਮੰਗੋ, ਅਜਿਹਾ ਕਰਦੇ-ਕਰਦੇ ਜਿਵੇਂ ਅੱਗੇ ਵਧੋਗੇ ਮਾਲਕ ਝੋਲੀਆਂ ਭਰਨਗੇ।
ਜਦੋਂ ਆਦਮੀ ਖੁਦਗਰਜ਼ ਹੋ ਜਾਂਦਾ ਹੈ ਤਾਂ ਨਾ ਖੁਦ ਨੂੰ ਖੁਸ਼ੀਆਂ, ਨਾ ਪਰਿਵਾਰ ਦਾ ਭਲਾ ਮਾਲਕ ਤੋਂ ਮਾਲਕ ਦੀ ਭਗਤੀ ਮੰਗੋ, ਮਾਲਕ ਨਾਲ ਬੰਦਿਆਂ ਨੂੰ ਜੋੜੋ, ਤੋੜੋਗੇ ਤਾਂ ਤੁਹਾਡੀਆਂ ਪੀੜ੍ਹੀਆਂ ਰੁਲ ਸਕਦੀਆਂ ਹਨ। ਤੁਹਾਡੀਆਂ ਕੁਲਾਂ ਬਰਬਾਦ ਹੋ ਸਕਦੀਆਂ ਹਨ। ਇਸ ਲਈ ਜੋੜਨ ਦੀ ਕੋਸ਼ਿਸ਼ ਕਰੋ ਤਾਂ ਕਿ ਮਾਲਕ ਦੀਆਂ ਖੁਸ਼ੀਆਂ ਤੁਹਾਨੂੰ ਮਿਲ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।