Punjab Tehsildar Strike: ਬਠਿੰਡਾ (ਸੁਖਜੀਤ ਮਾਨ)। ਵਿਜੀਲੈਂਸ ਬਿਊਰੋ ਵੱਲੋਂ ਬਰਨਾਲਾ ਦੇ ਤਹਿਸੀਲਦਾਰ ਅਤੇ ਰੈਵੀਨਿਊ ਆਫੀਸਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਚਰਨ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪੰਜਾਬ ਭਰ ਦੀਆਂ ਤਹਿਸੀਲਾਂ ਵਿੱਚ ਹੜਤਾਲ ਕਾਰਨ ਲੋਕਾਂ ਨੂੰ ਅੱਜ ਦੂਜੇ ਦਿਨ ਵੀ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ। ਲੋਕ ਆਖ ਰਹੇ ਨੇ ਕਿ ਗ੍ਰਿਫਤਾਰੀ ਦੇ ਵਿਰੋਧ ’ਚ ਹੜਤਾਲ ਕਰਕੇ ਆਮ ਲੋਕਾਂ ਦੇ ਕੰਮ ਨਾ ਕਰਕੇ ਉਹਨਾਂ ਨੂੰ ਸਜਾ ਕਿਉਂ ਦਿੱਤੀ ਜਾ ਰਹੀ ਹੈ।
ਵੇਰਵਿਆਂ ਮੁਤਾਬਿਕ ਕੁਝ ਦਿਨ ਪਹਿਲਾਂ ਵਿਜੀਲੈਂਸ ਟੀਮ ਨੇ ਬਰਨਾਲਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਖਚਰਨ ਸਿੰਘ ਰੈਵੀਨਿਊ ਆਫੀਸਰ ਯੂਨੀਅਨ ਦੇ ਸੂਬਾ ਪ੍ਰਧਾਨ ਹੋਣ ਕਰਕੇ ਸਮੁੱਚੇ ਪੰਜਾਬ ’ਚ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਹੜਤਾਲ ਕਰਕੇ ਤਹਿਸੀਲਾਂ ’ਚ ਕੰਮ ਠੱਪ ਕਰ ਦਿੱਤਾ ਗਿਆ। ਅੱਜ ਹੜਤਾਲ ਦਾ ਦੂਜਾ ਦਿਨ ਸੀ।
Punjab Tehsildar Strike
ਪਿੰਡਾਂ ਸ਼ਹਿਰਾਂ ’ਚੋਂ ਜੋ ਲੋਕਾਂ ਨੂੰ ਇਸ ਹੜਤਾਲ ਬਾਰੇ ਪਤਾ ਨਹੀਂ ਸੀ ਉਹ ਆਮ ਦਿਨਾਂ ਦੀ ਤਰ੍ਹਾਂ ਆਪਣੇ ਕੰਮ ਕਾਜ ਲਈ ਆਏ ਪਰ ਨਿਰਾਸ਼ ਹੋ ਕੇ ਵਾਪਿਸ ਪਰਤਣਾ ਪਿਆ। ਕੰਮ ਨਾ ਹੋਣ ਤੇ ਵਾਪਸ ਮੁੜਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਵਿਜੀਲੈਂਸ ਨੇ ਗਲਤ ਕਾਰਵਾਈ ਕੀਤੀ ਹੋਈ ਤਾਂ ਤਹਿਸੀਲਦਾਰ ਆਪਣੇ ਆਪ ਛੁੱਟ ਜਾਵੇਗਾ ਪਰ ਗ੍ਰਿਫਤਾਰੀ ਦੇ ਵਿਰੋਧ ’ਚ ਹੜਤਾਲ ਕਰਕੇ ਆਮ ਲੋਕਾਂ ਨੂੰ ਹੀ ਪਰੇਸ਼ਾਨ ਕਰਨਾ ਜਾਇਜ਼ ਨਹੀਂ। Punjab Tehsildar Strike
Read Also : Railway News: ਸੂਬੇ ਦੇ ਇਨ੍ਹਾਂ 5 ਸ਼ਹਿਰਾਂ ਵਿੱਚੋਂ ਲੰਘੇਗੀ ਇਹ 126 ਕਿਲੋਮੀਟਰ ਲਾਈਨ ਲੰਬੀ ਨਵੀਂ ਰੇਲਵੇ ਲਾਈਨ
ਇਹਨਾਂ ਵਿੱਚੋਂ ਕੁਝ ਲੋਕ ਕੱਲ੍ਹ ਵੀ ਵਾਪਸ ਪਰਤੇ ਸਨ ਤੇ ਅੱਜ ਵੀ ਆਏ ਪਰ ਲਗਾਤਾਰ ਦੂਜੇ ਦਿਨ ਬਿਨਾਂ ਕੋਈ ਕੰਮ ਕਰਵਾਏ ਵਾਪਸ ਪਰਤਣਾ ਪਿਆ। ਰਾਮਾਂ ਮੰਡੀ ਤੋਂ ਆਏ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਕੱਲ ਵੀ ਆਏ ਸੀ ਤੇ ਅੱਜ ਫਿਰ ਆਏ ਹਨ ਪਰ ਹੜਤਾਲ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਇਸ ਹੜਤਾਲ ਨੂੰ ਵੀ ਨਾਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਤਹਿਸੀਲਾਂ ਵਿੱਚ ਰਿਸ਼ਵਤ ਬਹੁਤ ਚੱਲਦੀ ਹੈ। ਇਸ ਤੋਂ ਇਲਾਵਾ ਤਹਿਸੀਲ ਵਿੱਚ ਕੰਮ ਕਾਜ ਲਈ ਆਏ ਹੋਰ ਲੋਕਾਂ ਨੇ ਦੋ ਦਿਨ ਤੋਂ ਕੰਮ ਕਾਜ ਨਾ ਹੋਣ ਤੇ ਨਿਰਾਸ਼ਾ ਪ੍ਰਗਟ ਕੀਤੀ।
ਦੱਸਣਯੋਗ ਹੈ ਕਿ ਬਠਿੰਡਾ ਦੀ ਤਹਿਸੀਲ ਵਿੱਚ ਰਜਿਸਟਰੀਆਂ ਆਦਿ ਤੋਂ ਇਲਾਵਾ ਹੋਰ ਕੰਮਾਂ ਕਾਰਾਂ ਵਾਲਿਆਂ ਦੀ ਭਾਰੀ ਭੀੜ ਰਹਿੰਦੀ ਹੈ ਪਰ ਅੱਜ ਤਹਿਸੀਲ ਕੈਂਪਸ ’ਚ ਸੰਨਾਟਾ ਛਾਇਆ ਹੋਇਆ ਸੀ। ਤਹਿਸੀਲਾਂ ’ਚ ਇਸ ਹੜਤਾਲ ਕਾਰਨ ਰਜਿਸਟਰੀਆਂ ਆਦਿ ਲਿਖਣ ਵਾਲੇ ਵਸੀਕਾ ਨਵੀਸ ਵੀ ਖਾਲੀ ਬੈਠ ਕੇ ਵਾਪਸ ਮੁੜ ਰਹੇ ਹਨ।
ਸੋਮਵਾਰ ਤੇ ਟਿਕੀ ਲੋਕਾਂ ਦੀ ਆਸ | Punjab Tehsildar Strike
ਵੀਰਵਾਰ ਤੇ ਸ਼ੁੱਕਰਵਾਰ ਨੂੰ ਹੜਤਾਲ ਰਹਿਣ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਹੈ। ਭਲਕੇ ਸ਼ਨਿੱਚਰਵਾਰ ਹੈ ਜਦੋਂ ਕਿ ਹੁਣ ਤਹਿਸੀਲ ਵਿੱਚ ਅਗਲੇ ਕੰਮ ਕਾਜ ਹੜਤਾਲ ਖੁੱਲਣ ਤੇ ਹੀ ਹੋ ਸਕਣਗੇ। ਕੰਮ ਕਾਜ ਲਈ ਮੁੜ ਰਹੇ ਲੋਕਾਂ ਦੀ ਆਸ ਹੁਣ ਸੋਮਵਾਰ ਤੇ ਹੀ ਟਿਕੀ ਹੈ ਕਿ ਜੇਕਰ ਹੜਤਾਲ ਖਤਮ ਹੋ ਗਈ ਤਾਂ ਕੰਮ ਸੋਮਵਾਰ ਨੂੰ ਹੀ ਹੋਣਗੇ।