ਈਟੀਟੀ ਯੂਨੀਅਨ ਦਾ ਬਲਾਕ ਪ੍ਰਧਾਨ ਸੀ ਮ੍ਰਿਤਕ
ਰਵੀਪਾਲ,ਦੋਦਾ:ਨੇੜਲੇ ਪਿੰਡ ਮੱਲਣ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦਾਦੂ ਪੱਤੀ ਦੇ ਬਤੌਰ ਮੁੱਖ ਅਧਿਆਪਕ ਦੀ ਸੇਵਾ ਨਿਭਾ ਰਹੇ ਜਸਵਿੰਦਰ ਸਿੰਘ (38) ਪੁੱਤਰ ਗੁਰਮੇਲ ਸਿੰਘ ਵਾਸੀ ਮੱਲਣ ਦੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਈ.ਟੀ.ਟੀ. ਯੂਨੀਅਨ ਦੇ ਆਗੂ ਰਣਜੀਤ ਸਿੰਘ ਬਰਾੜ ਭਲਾਈਆਣਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਮਲੱਣ ਪੁੱਤਰ ਗੁਰਮੇਲ ਸਿੰਘ ਆਪਣੇ ਘਰ ਦੇ ਚੋਬਾਰੇ ਵਿਚ ਸਵੇਰੇ ਕਰੀਬ 5 ਵਜੇ ਆਪਣਾ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਕਿ ਅਚਾਨਕ ਰਿਵਾਲਵਰ ਵਿਚੋਂ ਗੋਲੀ ਚੱਲ ਗਈ, ਜੋ ਕਿ ਸਿੱਧੀ ਉਸਦੇ ਸਿਰ ਵਿਚ ਲੱਗੀ। ਜਿਸ ਨਾਲ ਜਸਵਿੰਦਰ ਸਿੰਘ ਮਲੱਣ ਦੀ ਮੌਕੇ ਤੇ ਹੀ ਮੌਤ ਹੋ ਗਈ।
ਉਨਾਂ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਮਲੱਣ ਬੀਤੇ 12 ਵਰਿਆ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਡੀ.ਐੱਮ. ਮਲੱਣ ਵਿਖੇ ਬਤੌਰ ਮੁੱਖ ਅਧਿਆਪਕ ਆਪਣੀ ਸੇਵਾ ਨਿਭਾ ਰਹੇ ਸਨ ਅਤੇ ਨਾਲ ਹੀ ਈ.ਟੀ.ਟੀ. ਯੂਨੀਅਨ ਦੇ ਬਲਾਕ ਪ੍ਰਧਾਨ ਵੀ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਸਰਬਜੀਤ ਕੌਰ, ਪੁੱਤਰ ਅਸ਼ਮੀਤ ਸਿੰਘ ਅਤੇ ਪੁੱਤਰੀ ਪ੍ਰਭਗੁਣ ਕੌਰ ਨੂੰ ਛੱਡ ਗਏ ਹਨ।
ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਜਸਵਿੰਦਰ ਸਿੰਘ ਨੇ ਬਾਹਰ ਜਾਣ ਲਈ ਉਸਤੋ ਆਪਣਾ ਲਾਇਸੰਸੀ ਰਿਵਾਲਵਰ ਮੰਗਿਆ ਜਿਸਨੂੰ ਜਸਵਿੰਦਰ ਸਿੰਘ ਸਾਫ ਕਰਨ ਲੱਗਾ ਤਾਂ ਅਚਾਨਕ ਗੋਲੀ ਚੱਲ ਗਈ ਜਿਸ ਨਾਲ ਜਸਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਸਰਬਜੀਤ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਅਧਾਰ ਤੇ ਥਾਣਾ ਕੋਟਭਾਈ ਦੇ ਏਐਸਆਈ ਕਰਮਜੀਤ ਸਿੰਘ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।