Punjab Farmers News: ਪੁਲਿਸ ਨੇ ਦੋਵੇਂ ਕਿਸਾਨਾਂ ਨੂੰ ਹਿਰਾਸਤ ’ਚ ਲਿਆ
Punjab Farmers News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਡੀਐਮਸੀ ਲੁਧਿਆਣਾ ਵਿਖੇ ਅੱਜ ਦੋ ਕਿਸਾਨ ਮਿਲਣ ਪਹੁੰਚੇ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਕਿਸਾਨਾਂ ਵੱਲੋਂ ਇਸ ਮੌਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਖੂਬ ਨਾਅਰੇਬਾਜ਼ੀ ਵੀ ਕੀਤੀ ਗਈ।
ਖਨੌਰੀ ਬਾਰਡਰ ਤੋਂ ਪੁਲਿਸ ਵੱਲੋਂ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਹਿਰਾਸਤ ਵਿੱਚ ਲਏ ਗਏ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੁਖਦੀਪ ਸਿੰਘ ਭੋਜਰਾਜ ਅਤੇ ਗੁਰਜੀਤ ਸਿੰਘ ਡੀਐਮਸੀ ਵਿਖੇ ਮਿਲਣ ਲਈ ਪਹੁੰਚੇ ਸਨ ਪਰ ਪੁਲਿਸ ਵੱਲੋਂ ਉਹਨਾਂ ਨੂੰ ਆ ਬਾਹਰ ਹੀ ਰੋਕ ਦਿੱਤਾ ਗਿਆ। ਡੱਲੇਵਾਲ ਨੂੰ ਨਾ ਮਿਲਣ ਦਿੱਤੇ ਜਾਣ ਤੇ ਭੋਜਰਾਜ ਅਤੇ ਪੁਲਿਸ ਵਿਚਕਾਰ ਕਾਫੀ ਬਹਿਸਬਾਜ਼ੀ ਹੋਈ ਤੇ ਅਖੀਰ ਕਿਸਾਨ ਆਗੂਆਂ ਨੇ ਹਸਪਤਾਲ ਦੇ ਅੰਦਰ ਹੀ ਧਰਨੇ ’ਤੇ ਬੈਠਦਿਆਂ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।
ਸੁਖਦੀਪ ਸਿੰਘ ਭੋਜਰਾਜ ਨੇ ਪੰਜਾਬ ਸਰਕਾਰ ਮੁਰਦਾਬਾਦ ਤੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਗਾਏ। ਭੋਜ ਰਾਜ ਨੇ ਇਸ ਮੌਕੇ ਮੀਡੀਆ ਨੂੰ ਸੰਬੋਧਨ ਦਿੰਦਿਆਂ ਕਿਹਾ ਕਿ ਡੱਲੇਵਾਲ ਨੂੰ ਆਖਰ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ। ਇਸ ’ਤੇ ਮੌਜ਼ੂਦ ਪੁਲਿਸ ਅਧਿਕਾਰੀਆਂ ਦਾ ਇੱਕੋ ਹੀ ਰਟਿਆ-ਰਟਾਇਆ ਬਿਆਨ ਹੁੰਦਾ ਹੈ ਕਿ ਉਹਨਾਂ ਨੂੰ ‘ਉੱਪਰ ਤੋਂ ਆਰਡਰ ਹਨ ਕੇ ਡੱਲੇਵਾਲ ਨੂੰ ਕਿਸੇ ਨੂੰ ਵੀ ਨਾ ਮਿਲਣ ਦਿੱਤਾ ਜਾਵੇ’। ਉਨ੍ਹਾਂ ਕਿਹਾ ਇਹ ਸਰੇਆਮ ਧੱਕਾ ਹੈ।