Punjab News: ਆਪ ਨੇ ਜਿੱਤੀਆਂ ਤਿੰਨ ਸੀਟਾਂ, ਬਰਨਾਲੇ ਦਾ ਗੜ੍ਹ ਗੁਆਇਆ
- ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ’ਚ ਕਾਂਗਰਸ ਦੇ ਗੜ੍ਹ ਟੁੱਟੇ
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚੋਂ ਤਿੰਨ ’ਤੇ ਸੱਤਾਧਿਰ ਆਪ ਅਤੇ ਇੱਕ ’ਤੇ ਕਾਂਗਰਸ ਨੂੰ ਜਿੱਤ ਹਾਸਲ ਹੋਈ ਹੈ। ਆਮ ਆਦਮੀ ਪਾਰਟੀ ਨੂੰ ਇਹਨਾਂ ਵਿੱਚੋਂ ਹਲਕਾ ਬਰਨਾਲਾ ਦੀ ਸੀਟ ਤੋਂ ਹਾਰ ਮਿਲੀ ਹੈ, ਜਿਸਦਾ ਮੁੱਖ ਕਾਰਨ ਆਪ ਤੋਂ ਬਾਗੀ ਹੋ ਕੇ ਚੋਣ ਲੜਿਆ ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਬਣਿਆ। ਇਹ ਜ਼ਿਮਨੀ ਚੋਣਾਂ ਉਕਤ ਹਲਕਿਆਂ ਦੇ ਸਾਲ 2022 ਦੀਆਂ ਆਮ ਚੋਣਾਂ ’ਚੋਂ ਜੇਤੂ ਰਹੇ ਵਿਧਾਇਕਾਂ ਵੱਲੋਂ ਸੰਸਦੀ ਚੋਣਾਂ ’ਚ ਜਿੱਤਕੇ ਸੰਸਦ ਮੈਂਬਰ ਬਣਨ ਕਾਰਨ ਖਾਲੀ ਹੋਈਆਂ ਸੀਟਾਂ ’ਤੇ ਹੋਈਆਂ ਸਨ।
Read Also : School Closed: ਹੁਣ ਇਸ ਦਿਨ ਤੱਕ ਹੋਰ ਬੰਦ ਰਹਿਣਗੇ ਸਕੂਲ, ਸਰਕਾਰ ਵੱਲੋਂ ਆਦੇਸ਼ ਜਾਰੀ
ਹਾਸਲ ਹੋਏ ਨਤੀਜਿਆਂ ਮੁਤਾਬਿਕ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ, ਗਿੱਦੜਬਾਹਾ ਤੋਂ ਆਪ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ, ਚੱਬੇਵਾਲ ਤੋਂ ਆਪ ਦੇ ਡਾ. ਇਸ਼ਾਂਕ ਕੁਮਾਰ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਆਪ ਦੇ ਗੁਰਦੀਪ ਸਿੰਘ ਰੰਧਾਵਾ ਨੇ ਚੋਣ ਜਿੱਤੀ ਹੈ।
Punjab News
ਬਰਨਾਲਾ ’ਚ ਕਾਲਾ ਢਿੱਲੋਂ ਨੇ ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 2157 ਵੋਟਾਂ ਨਾਲ ਹਰਾਇਆ ਹੈ। ਕਾਲਾ ਢਿੱਲੋਂ ਨੂੰ 28254 ਵੋਟਾਂ ਮਿਲੀਆਂ, ਜਦੋਂਕਿ ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26097 ਵੋਟਾਂ, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 17958 ਵੋਟਾਂ ਮਿਲੀਆਂ, ਜਦੋਂ ਕਿ ਆਪ ਤੋਂ ਬਾਗੀ ਹੋਏ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ 16899 ਵੋਟਾਂ ਮਿਲੀਆਂ।
ਹਲਕਾ ਗਿੱਦੜਬਾਹਾ ਤੋਂ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ 21969 ਵੋਟਾਂ ਨਾਲ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਹਰਾਇਆ ਹੈ। ਡਿੰਪੀ ਢਿੱਲੋਂ ਨੂੰ 71644 ਵੋਟਾਂ ਮਿਲੀਆਂ ਤੇ ਅੰਮ੍ਰਿਤਾ ਵੜਿੰਗ ਨੂੰ 49675 ਵੋਟਾਂ ਪਈਆਂ। ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਨੂੰ 12227 ਵੋਟਾਂ ਪਈਆਂ।
Punjab News
ਹਲਕਾ ਡੇਰਾ ਬਾਬਾ ਨਾਨਕ ਤੋਂ ਆਪ ਦੇ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 5699 ਵੋਟਾਂ ਨਾਲ ਹਰਾਇਆ। ਗੁਰਦੀਪ ਸਿੰਘ ਰੰਧਾਵਾ ਨੂੰ 59104 ਵੋਟਾਂ ਮਿਲੀਆਂ, ਜਦੋਂਕਿ ਜਤਿੰਦਰ ਕੌਰ ਰੰਧਾਵਾ ਨੂੰ 53405 ਵੋਟਾਂ ਤੇ ਭਾਜਪਾ ਉਮੀਵਾਰ ਰਵੀਕਰਨ ਸਿੰਘ ਕਾਹਲੋ ਨੂੰ 6505 ਵੋਟਾਂ ਹਾਸਲ ਹੋਈਆਂ॥
ਹਲਕਾ ਚੱਬੇਵਾਲ ਤੋਂ ਆਪ ਉਮੀਦਵਾਰ ਡਾ. ਇਸ਼ਾਂਕ ਸਿੰਘ ਚੱਬੇਵਾਲ ਨੇ 28690 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਨੂੰ ਹਰਾਇਆ ਡਾ. ਇਸ਼ਾਂਕ ਸਿੰਘ ਨੂੰ 51904 ਵੋਟਾਂ ਮਿਲੀਆਂ, ਜਦੋਂਕਿ ਐਡਵੋਕੇਟ ਰਣਜੀਤ ਕੁਮਾਰ ਨੂੰ 23214 ਵੋਟਾਂ ਮਿਲੀਆਂ ਭਾਜਪਾ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ 8692 ਵੋਟਾਂ ਪਈਆਂ।
92 ਤੋਂ 94 ਹੋਏ ਆਪ ਦੇ ਵਿਧਾਇਕ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਅੰਕੜਾ ਹੁਣ 92 ਤੋਂ ਵਧ ਕੇ 94 ਹੋ ਗਿਆ ਹੈ ਇਸ ਤੋਂ ਪਹਿਲਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਧਾਨ ਸਭਾ ਸੀਟਾਂ ਤੋਂ ਕਾਂਗਰਸ ਦੇ ਵਿਧਾਇਕ ਜਿੱਤੇ ਸਨ ਅੱਜ ਆਏ ਜ਼ਿਮਨੀ ਚੋਣਾਂ ਦੇ ਨਤੀਜੇ ’ਚੋਂ ਇਨ੍ਹਾਂ ਤਿੰਨਾਂ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ, ਜਿਸਦੇ ਸਿੱਟੇ ਵਜੋਂ ਆਪ ਵਿਧਾਇਕਾਂ ਦਾ ਅੰਕੜਾ 94 ’ਤੇ ਪੁੱਜ ਗਿਆ ਹੈ ਆਪ ਨੇ 2022 ’ਚੋਂ ਜਿੱਤੀ ਬਰਨਾਲਾ ਸੀਟ ਜ਼ਿਮਨੀ ਚੋਣਾਂ ’ਚ ਹਾਰ ਕੇ ਗੁਆ ਦਿੱਤੀ ਹੈ