Punjab Weather: ਵੱਤਰ ਸੁੱਕ ਜਾਣ ਕਾਰਨ ਉੱਗ ਨਾ ਸਕੀਆਂ ਕਣਕਾਂ ਨੂੰ ਅਗੇਤੇ ਪਾਣੀ ਲਾਉਣ ਲਈ ਕਿਸਾਨ ਹੋਏ ਮਜ਼ਬੂਰ
Punjab Weather: ਫਿਰੋਜ਼ਪੁਰ (ਜਗਦੀਪ ਸਿੰਘ)। ਸਮੇਂ ਦੇ ਨਾਲ-ਨਾਲ ਖੇਤੀ ਕਰਨ ਦੇ ਬਦਲ ਰਹੇ ਢੰਗ, ਮੌਸਮ ’ਚ ਆ ਰਹੀਆਂ ਤਬਦੀਲੀਆਂ ਅਤੇ ਫਸਲਾਂ ਦੇ ਨਵੇਂ-ਨਵੇਂ ਬੀਜਾਂ ਦੇ ਚੱਕਰਵਿਊ ’ਚ ਉਲਝ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਝੋਨੇ-ਕਣਕ ਦੇ ਫਸਲੀ ਚੱਕਰ ਦੇ ਗੇੜ ’ਚ ਫਸੇ ਕਿਸਾਨਾਂ ਵੱਲੋਂ ਕਰੀਬ 1-2 ਦਹਾਕੇ ਪਹਿਲਾਂ ਕੁਝ ਸੀਮਤ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਸੀ, ਜਿਸ ਨੂੰ ਸਮੇਂ ਸਿਰ ਵੱਢ ਵੇਚ ਕੇ ਝੋਨੇ ਦੀ ਵਾਢੀ ਤੇ ਕਣਕ ਦੀ ਬਿਜਾਈ ਵਿਚਲਾ ਸਮਾਂ ਰਹਿੰਦਿਆ ਝੋਨੇ ਦੀ ਪਰਾਲੀ ਦਾ ਨਿਪਟਾਰਾ ਵੀ ਕਰਕੇ ਕਣਕ ਬੀਜ ਲੈਂਦੇ ਸਨ ਪਰ ਬਦਲਦੇ ਸਮੇਂ ਦੇ ਨਾਲ-ਨਾਲ ਵੱਧ ਮੁਨਾਫੇ ਲੈਣ ਦੀ ਹੋੜ ਵਿੱਚ ਨਵੇਂ ਤੋਂ ਨਵੇਂ ਬੀਜ, ਸਰਕਾਰਾਂ ਦੀਆਂ ਪਾਬੰਦੀਆਂ, ਮੌਸਮ ਦੇ ਬਦਲਦੇ ਰੰਗ ਢੰਗ ਨੇ ਕਿਸਾਨਾਂ ਦੀਆਂ ਉਲਝਣਾਂ ਨੂੰ ਹੋਰ ਵਧਾ ਦਿੱਤਾ ਹੈ ਤੇ ਕਿਸਾਨ ਚਾਰ ਚੁਫੇਰਿਓਂ ਸਮੱਸਿਆਵਾਂ ਨਾਲ ਘਿਰਿਆ ਮਹਿਸੂਸ ਕਰ ਰਿਹਾ ਹੈ।
ਝੋਨੇ ਦੀਆਂ ਪਛੇਤੀਆਂ ਕਿਸਮਾਂ ਲੈ ਕੇ ਅਜੇ ਵੀ ਮੰਡੀਆਂ ’ਚ ਬੈਠੇ ਨੇ ਕਿਸਾਨ | Punjab Weather
ਸਰਕਾਰ ਵੱਲੋਂ ਝੋਨੇ ਲਗਾਉਣ ਦੀਆਂ ਨਿਰਧਾਰਿਤ ਕੀਤੀਆਂ ਮਿਤੀਆਂ ਦੇ ਨਾਲ-ਨਾਲ ਲੇਬਰਾਂ ਦੀਆਂ ਸਮੱਸਿਆਵਾਂ ਨਾਲ ਜੂਝਦੇ ਕਿਸਾਨਾਂ ਨੇ ਅਗੇਤੇ-ਪਿਛੇਤੇ ਕਿਸਮਾਂ ਦੇ ਝੋਨੇ ਲਗਾਉਣੇ ਸ਼ੁਰੂ ਕਰ ਦਿੱਤੇ ਪਰ ਫਸਲਾਂ ਦੇ ਪੱਕਣ ਤੱਕ ਵਾਰ-ਵਾਰ ਬਦਲ ਰਹੇ ਮੌਸਮ ਨੇ ਅਗੇਤੇ-ਪਿਛੇਤੇ ਝੋਨੇ ਵਿਚਾਲੇ ਕੁਝ ਦਿਨਾਂ ਵਾਲਾ ਫਰਕ ਕਈ ਦਿਨਾਂ ਤੱਕ ਦਾ ਵਧਾ ਦਿੱਤਾ ਹੈ ਉੱਪਰੋਂ ਸਰਕਾਰਾਂ ਵੱਲੋਂ ਫਸਲਾਂ ਚੁੱਕਣ ਲਈ ਨਿਰਧਾਰਤ ਕੀਤੀ ਨਮੀ ਕਾਰਨ ਦੇਰੀ ਨਾਲ ਵੱਢੇ ਜਾ ਰਹੇ ਝੋਨੇ ਅਤੇ ਕਣਕਾਂ ਦੀ ਬਿਜਾਈ ਵਿਚਲੇ ਸਮੇਂ ਦਾ ਫਰਕ ਹੋਰ ਕੁਝ ਦਿਨਾਂ ਤੱਕ ਸੀਮਤ ਕਰ ਦਿੱਤਾ ਹੈ ਅਜਿਹੇ ਕਾਰਨਾਂ ਕਰਕੇ ਇਸ ਸਾਲ ਅਜਿਹਾ ਹੋ ਰਿਹਾ ਹੈ ਕਿ ਇੱਕ ਪਾਸੇ ਤਾਂ ਕਿਸਾਨ ਝੋਨੇ ਦੀਆਂ ਪਿਛੇਤੀਆਂ ਕਿਸਮਾਂ ਨੂੰ ਵੇਚਣ ਲਈ ਮੰਡੀਆਂ ਵਿੱਚ ਬੈਠੇ ਹੋਏ ਹਨ। Punjab Weather
Read Also : ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਂਅ ਵੀ ਤਾਂ ਨਹੀਂ ਸ਼ਾਮਲ
ਦੂਜੇ ਪਾਸੇ ਝੋਨੇ ਦੀਆਂ ਅਗੇਤੀਆਂ ਕਿਸਮਾਂ ਵੱਢਣ ਵਾਲੇ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਕਣਕ ਨੂੰ ਪਾਣੀ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਘਟ ਰਹੇ ਸੀਮਤ ਸਮੇਂ ਵਿੱਚ ਝੋਨੇ ਦੀ ਵਾਢੀ ਮਗਰੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਖੇਤਾਂ ਨੂੰ ਪਾਣੀ ਲਗਾ ਕੇ ਵੱਤਰ ਕਰਨ ਦਾ ਸਮਾਂ ਨਹੀਂ ਰਹਿ ਰਿਹਾ ਕਿਉਂਕਿ ਇਸ ਦੀ ਇਜਾਜ਼ਤ ਕਈ ਵਾਰ ਧੁੰਦਲਾ ਹੋ ਜਾਂਦਾ ਮੌਸਮ ਨਹੀਂ ਦਿੰਦਾ ਤੇ ਕਈ ਵਾਰ ਕਣਕ ਦੀ ਬੀਜਾਈ ਵਿੱਚ ਪਿਛੜਨ ਦਾ ਫਿਕਰ ਕਿਸਾਨਾਂ ਨੂੰ ਸਤਾਉਣ ਲੱਗ ਜਾਂਦਾ ਹੈ।
ਜਿਸ ਲਈ ਕਿਸਾਨ ਝੋਨੇ ਦੀ ਵਾਢੀ ਤੋਂ ਕੁਝ ਦਿਨ ਪਹਿਲਾਂ ਲਗਾਏ ਪਾਣੀ ਦੇ ਵੱਤਰ ਨੂੰ ਸੰਭਾਲ ਕੇ ਰੱਖਦੇ ਹਨ ਅਤੇ ਪਰਾਲੀ ਨਾਲ ਕੁਝ ਦਿਨ ਢੱਕ ਕੇ ਰੱਖਣ ਮਗਰੋਂ ਕਣਕ ਦੀ ਬੀਜਾਈ ਕਰ ਲੈਂਦੇ ਪਰ ਪਿਛਲੇ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ’ਤੇ ਲੱਗ ਰਹੀਆਂ ਪਾਬੰਦੀਆਂ ਕਾਰਨ ਕਈ ਕਿਸਾਨ ਜ਼ਮੀਨ ਦਾ ਵੱਤਰ ਸੁਕਾ ਬੈਠੇ ਹਨ, ਜਿਸ ਕਾਰਨ ਇਸ ਵਾਰ ਕਈ ਖੇਤਾਂ ਵਿੱਚ ਕਣਕਾਂ ਉੱਗੜ-ਦੁੱਗੜ ਉੱਗੀਆਂ ਦਿਖ ਰਹੀਆਂ ਹਨ, ਜਿਸ ਲਈ ਕਿਸਾਨਾਂ ਨੇ ਕਣਕਾਂ ਨੂੰ ਪਾਣੀ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਖਵਰੇ ਜ਼ਮੀਨ ਦੀ ਕੁੱਖ ’ਚ ਪਏ ਬੀਜ ਪੁੰਗਰ ਜਾਣ ।
ਝੋਨੇ ਦੀ ਵਾਢੀ ਤੇ ਕਣਕ ਦੀ ਬਿਜਾਈ ਵਿਚਲੇ ਸਮੇਂ ਦੇ ਫਰਕ ਵਧਾਉਣ ਲਈ ਸਰਕਾਰਾਂ ਕਦਮ ਚੁੱਕਣ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਧਰਮ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਝੋਨੇ ਦੀ ਵਾਢੀ ਤੇ ਕਣਕ ਦੀ ਬਿਜਾਈ ਦਰਮਿਆਨ ਸਮਾਂ ਘੱਟ ਰਹਿਣ ਕਾਰਨ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜ਼ਬੂਰ ਹੋ ਜਾਂਦੇ ਹਨ, ਪਰ ਸਮੇਂ ਦਾ ਘਟਦਾ ਜਾ ਰਿਹਾ ਅੰਤਰ ਕਿਸਾਨਾਂ ਲਈ ਕਈ ਉਲਝਣਾਂ ਵਧਾ ਰਿਹਾ ਹੈ ਇਸ ਦੇ ਹੱਲ ਸਰਕਾਰਾਂ ਨੂੰ ਕੱਢਣੇ ਚਾਹੀਦੇ ਹਨ, ਜਿਸ ਲਈ ਸਰਕਾਰ ਨੂੰ ਝੋਨੇ ਲਗਾਉਣ ਦੀਆਂ ਮਿਤੀਆਂ ਨੂੰ ਅਗਾਊਂ ਨਿਰਧਾਰਿਤ ਕਰਨੀ ਚਾਹੀਦੀਆਂ ਹਨ ਤੇ ਵੱਧ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਪਾਬੰਦੀ ਲਗਾਉਣ ਦੀ ਲੋੜ ਹੈ ਤੇ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਬੋਨਸ ਦੇਣੇ ਚਾਹੀਦੇ ਹਨ ਤਾਂ ਜੋ ਕਿਸਾਨ ਸਮੇਂ ਸਿਰ ਪਰਾਲੀ ਦਾ ਨਿਪਟਾਰਾ ਕਰਕੇ ਕਣਕ ਦੀ ਬਿਜਾਈ ਵੱਤਰ ਰਹਿੰਦਿਆਂ ਸਮੇਂ ਸਿਰ ਕਰ ਸਕਣ।
ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਤਰਜ਼ੀਹ ਦੇਣ ਕਿਸਾਨ : ਡਾ. ਜਗਜੋਤ ਸਿੰਘ
ਇਹਨਾਂ ਸਮੱਸਿਆਵਾਂ ਸਬੰਧੀ ਪੀਏਯੂ ਫਾਰਮ ਸਲਾਹਕਾਰ ਸੇਵਾ ਕੇਂਦਰ ਫਿਰੋਜ਼ਪੁਰ ਤੋਂ ਜ਼ਿਲ੍ਹਾ ਪਸਾਰ ਵਿਗਿਆਨੀ ਡਾ. ਜਗਜੋਤ ਸਿੰਘ ਸ਼ੇਰਗਿੱਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕਣਕ ਦੀ ਵਾਢੀ ਮਗਰੋਂ ਕਿਸਾਨਾਂ ਵਿੱਚ ਮੱਕਾਈ ਦੀ ਬਿਜਾਈ ਦਾ ਰੁਝਾਨ ਵਧ ਰਿਹਾ ਹੈ, ਜੋ ਕਿ ਮੂੰਗੀ ਦੀ ਫਸਲ ਨਾਲੋਂ ਜ਼ਿਆਦਾ ਸਮਾਂ ਲੈ ਰਹੀ ਹੈ, ਜਿਸ ਮਗਰੋਂ ਕਿਸਾਨ ਵੀਰਾਂ ਵੱਲੋਂ ਵੱਧ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਲਗਾਏ ਜਾਣ ਕਾਰਨ ਝੋਨਾ ਪੱਕਣ ਵਿੱਚ ਦੇਰੀ ਹੋ ਜਾਂਦੀ ਹੈ, ਉਦੋਂ ਤੱਕ ਮੌਸਮ ਵੀ ਬਦਲਣਾ ਸ਼ੁਰੂ ਹੋ ਜਾਂਦਾ ਹੈ, ਅਜਿਹੇ ਵਿੱਚ ਕਿਸਾਨਾਂ ਲਈ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀ ਹਨ, ਜਿਸ ਲਈ ਕਿਸਾਨਾਂ ਨੂੰ ਘੱਟ ਸਮਾਂ ਲੈਂਦੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਤੇ ਦੂਜਾ ਕਣਕ ਦੀ ਬਿਜਾਈ ਨਵੀਂਆਂ ਵਿਧੀਆਂ ਜਿਵੇਂ ਸਰਫੇਸ ਸੀਡਿੰਗ ਨਾਲ ਕੀਤੀ ਜਾਵੇ ਤਾਂ ਪਰਾਲੀ ਦਾ ਨਿਪਟਾਰਾ ਵੀ ਹੋ ਜਾਵੇਗਾ ਤੇ ਘੱਟ ਖਰਚੇ ਤੇ ਸਮਾਂ ਬਚਾ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।