80 ਫੀਦਸੀ ਵੋਟਿੰਗ ਨਾਲ ਗਿੱਦੜਬਾਹਾ ਸਭ ਤੋਂ ਅੱਗੇ | By Elections Punjab
- ਚੱਬੇਵਾਲ ਵਿੱਚ ਨਹੀਂ ਦਿਸਿਆ ਉਤਸ਼ਾਹ, ਸਿਰਫ਼ 50 ਫੀਸਦੀ ਵੋਟਿੰਗ
By Elections Punjab: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੀਆਂ 4 ਜਿਮਨੀ ਚੋਣਾਂ ਵਿੱਚ ਰਿਕਾਰਡ 70 ਫੀਸਦੀ ਵੋਟਿੰਗ ਹੋਈ ਹੈ, ਹਾਲਾਂਕਿ ਇਹ ਅੰਕੜਾ ਹੋਰ ਵੀ ਜਿਆਦਾ ਉੱਪਰ ਜਾ ਸਕਦਾ ਸੀ ਪਰ ਚੱਬੇਵਾਲ ਵਿਧਾਨ ਸਭਾ ਸੀਟ ਵਿੱਚ ਸਭ ਤੋਂ ਘੱਟ 50 ਫੀਸਦੀ ਵੋਟ ਪੈਣ ਕਰਕੇ ਕੁੱਲ ਵੋਟਿੰਗ ਦੀ ਫੀਸਦੀ ਦਰ ਘੱਟ ਗਈ ਹੈ। ਗਿੱਦੜਬਾਹਾ ਵਿਧਾਨ ਸਭਾ ਸੀਟ ਵਿੱਚ ਸਭ ਤੋਂ ਜਿਆਦਾ 80 ਫੀਸਦੀ ਵੋਟਿੰਗ ਹੋਈ ਹੈ ਅਤੇ ਇੱਥੇ ਜਿਆਦਾ ਵੋਟ ਪੈਣ ਪਿੱਛੇ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਹ ਸੱਤਾ ਦੇ ਵਿਰੋਧ ਵਿੱਚ ਵੋਟ ਪਈ ਹੈ ਜਾਂ ਫਿਰ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਵੋਟ ਪਈ ਹੈ। ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਵਿਖੇ 65 ਫੀਸਦੀ ਤਾਂ ਬਰਨਾਲਾ ਵਿਖੇ 57 ਫੀਸਦੀ ਵੋਟਾਂ ਪਈਆਂ ਹਨ। ਇਨ੍ਹਾਂ ਚਾਰੇ ਵਿਧਾਨ ਸਭਾ ਸੀਟਾਂ ਦੇ ਨਤੀਜ਼ੇ 23 ਨਵੰਬਰ ਨੂੰ ਆਉਣਗੇ।
ਇਹ ਵੀ ਪੜ੍ਹੋ: Action Against Crime: ਪੁਲਿਸ ਨੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ 3 ਮੈਂਬਰ ਕੀਤੇ ਕਾਬੂ
ਜਾਣਕਾਰੀ ਅਨੁਸਾਰ ਪੰਜਾਬ ਵਿੱਚ 4 ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ 4 ਵਿਧਾਨ ਸਭਾ ਸੀਟਾਂ ਨੂੰ ਖ਼ਾਲੀ ਘੋਸ਼ਿਤ ਕੀਤਾ ਗਿਆ ਸੀ ਤਾਂ ਅੱਜ ਬੁੱਧਵਾਰ ਨੂੰ ਇਹਨਾਂ ਚਾਰੇ ਵਿਧਾਨ ਸਭਾ ਸੀਟਾਂ ’ਤੇ ਮੁੜ ਤੋਂ ਚੋਣ ਕਰਵਾਈ ਗਈ। ਭਾਰਤੀ ਚੋਣ ਕਮਿਸ਼ਨ ਵੱਲੋਂ ਇਹਨਾਂ ਚਾਰੇ ਜਿਮਨੀ ਚੋਣਾਂ ਨੂੰ ਕਰਵਾਉਣ ਲਈ ਪਹਿਲਾਂ ਤੋਂ ਹੀ ਕਾਫ਼ੀ ਜਿਆਦਾ ਤਿਆਰੀ ਕਰ ਰੱਖੀ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਿਆ ਜਾ ਸਕੇ। ਇਸ ਲਈ ਕੇਂਦਰੀ ਫੋਰਸ ਬਲ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਪੰਜਾਬ ਪੁਲਿਸ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ ਹੋਈ ਸੀ।
ਡੇਰਾ ਬਾਬਾ ਨਾਨਕ ਵਿਖੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ’ਚ ਭਿੜੇ
ਚਾਰੇ ਜਿਮਨੀ ਚੋਣਾਂ ਦੌਰਾਨ ਸਿਰਫ਼ ਡੇਰਾ ਬਾਬਾ ਨਾਨਕ ਵਿਖੇ ਹੀ ਕੁਝ ਦੇਰ ਲਈ ਹਾਲਾਤ ਗੰਭੀਰ ਬਣਦੇ ਨਜ਼ਰ ਆਏ ਜਿੱਥੇ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਵਿਚਕਾਰ ਜੰਮ ਕੇ ਬਹਿਸਬਾਜ਼ੀ ਤੋਂ ਬਾਅਦ ਝੜਪ ਵੀ ਹੋਈ ਹੈ। ਦੋਹਾਂ ਪਾਰਟੀਆਂ ਦੇ ਵਰਕਰਾਂ ਨੂੰ ਸੱਟਾਂ ਵੀ ਲੱਗੀਆਂ ਹਨ, ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਮਾਮਲਾ ਦਰਜ਼ ਕਰਦੇ ਹੋਏ ਕਾਰਵਾਈ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕਾ-ਦੁੱਕਾ ਥਾਂਵਾਂ ’ਤੇ ਹੀ ਹੰਗਾਮਾ ਹੋਣ ਦੀ ਖ਼ਬਰ ਆਈ ਹੈ, ਬਾਕੀ ਅਮਨ ਤੇ ਸ਼ਾਂਤੀ ਨਾਲ ਵੋਟਾਂ ਦਾ ਕੰਮ ਮੁਕੰਮਲ ਹੋਇਆ ਹੈ।
ਵਿਧਾਨ ਸਭਾ ਸੀਟ ਵੋਟ ਫੀਸਦੀ ਦਰ | By Elections Punjab
ਗਿੱਦੜਬਾਹਾ 80
ਬਰਨਾਲਾ 57
ਚੱਬੇਵਾਲ 50
ਡੇਰਾ ਬਾਬਾ ਨਾਨਕ 65