Guru Nanak Jayanti 2024: ਜ਼ੁਲਮ ਖਿਲਾਫ ਬੇਖੌਫ ਡਟਣ ਵਾਲੇ ਮਹਾਨ ਚਿੰਤਕ ਸ੍ਰੀ ਗੁਰੂ ਨਾਨਕ ਦੇਵ ਜੀ

ਗੁਰਪੁਰਬ ’ਤੇ ਵਿਸੇਸ਼ | Guru Nanak Jayanti 2024

Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਅਧਿਆਤਮਿਕਤਾ ਅਤੇ ਰੂਹਾਨੀਅਤ ਦੇ ਮਸੀਹਾ ਸਨ ਜਿਨ੍ਹਾਂ ਨੂੰ ਵਿਸ਼ਵ ਭਰ ਵਿਚ ਸਮਾਜ ਸੁਧਾਰਕ ਲਹਿਰ ਦੇ ਬਾਨੀ, ਮਹਾਨ ਚਿੰਤਕ, ਜ਼ੁਲਮਾਂ ਖਿਲਾਫ ਡਟ ਕੇ ਅਵਾਜ਼ ਚੁੱਕਣ ਵਾਲੇ ਜਰਨੈਲ, ਉਸ ਸਮੇਂ ਦੇ ਸ਼ਾਸ਼ਕਾਂ ਨੂੰ ਡਰ ਰਹਿਤ ਰਾਜਨੀਤੀ ਦੀ ਸਿੱਖਿਆ ਦੇਣ ਅਤੇ ਨਾਮ ਜਪੋ ਕਿਰਤ ਕਰੋ ਵੰਡ ਛੱਕੋ ਦਾ ਸੰਦੇਸ਼ ਦੇਣ ਵਾਲੇ ਕਰਕੇ ਯਾਦ ਕੀਤਾ ਜਾਂਦਾ ਹੈ। ਉਨ੍ਹ੍ਹਾਂ ਨੂੰ ਹਿੰਦੂ ਅਤੇ ਮੁਸਲਮਾਨ ਆਪਣਾ ਰਹਿਬਰ ਅਤੇ ਪੀਰ ਮੰਨਦੇ ਹਨ। ਜੇਕਰ ਗੁਰੂ ਨਾਨਕ ਦੇਵ ਜੀ ਦੇ ਬਚਪਨ ਤੇ ਜਵਾਨੀ ਅਵਸਥਾ ਨੂੰ ਦੇਖਿਆ ਜਾਵੇ ਤਾਂ ਬਚਪਨ ਵਿੱਚ ਜਿਵੇਂ ਆਮ ਮਾਂ-ਬਾਪ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੇਟਾ ਪਰਿਵਾਰ ਦਾ ਨਾਂਅ ਬਣਾਵੇ।

ਅਜਿਹੀ ਖਾਹਿਸ਼ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਦੇ ਮਨ ਵਿੱਚ ਸੀ। ਪਿਤਾ ਮਹਿਤਾ ਕਾਲੂ ਅਤੇ ਮਾਤਾ ਤਿ੍ਰਪਤਾ ਜੀ ਨੇ ਬਾਬਾ ਨਾਨਕ ਜੀ ਨੂੰ ਸਿੱਖਿਆ ਦੀ ਪ੍ਰਾਪਤੀ ਲਈ ਸਕੂਲ ਭੇਜਿਆ। ਸਿੱਖਿਆ ਬਾਰੇ ਗੁਰੂ ਜੀ ਨੇ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਜੀਵਨ ਦੀ ਅਸਲੀਅਤ ਨੂੰ ਸਮਝਣਾ ਹੈ। ਉਨ੍ਹਾਂ ਨੇ ਆਪਣੇ ਵਿਚਾਰਾਂ ਨਾਲ ਪੁਰਾਤਨ ਰਸਮਾਂ-ਰਿਵਾਜ਼ਾਂ ਖਿਲਾਫ ਆਪਣੀ ਅਵਾਜ ਉਠਾਈ। ਬਚਪਨ ਤੋਂ ਜਵਾਨੀ ਵਿੱਚ ਜਾਣ ਸਮੇਂ ਜਦੋਂ ਉਨ੍ਹਾਂ ਨੂੰ ਧਾਰਿਮਕ ਰਸਮਾਂ ਵਿੱਚ ਪਹਿਨਣ ਵਾਲਾ ਜਨੇਊ ਪਹਿਨਣ ਲਈ ਕਿਹਾ ਗਿਆ ਤਾਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਸਲ ਜਨੇਊ ਮਨ ਦੇ ਅੰਦਰ ਦੀ ਪਵਿੱਤਰਤਾ, ਸੱਚਾਈ ਅਤੇ ਨੇਕੀ ਦੇ ਗੁਣ ਹਨ।

ਜੋ ਮਨੁੱਖ ਨੂੰ ਅੰਦਰੋਂ ਮਜਬੂਤ ਬਣਾਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਜਾਗਰੂਕ ਕਰਨ ਹਿੱਤ 35 ਹਜਾਰ ਕਿਲੋਮੀਟਰ ਤੋਂ ਜ਼ਿਆਦਾ ਸਫਰ ਕੀਤਾ ਜਿਸ ਵਿੱਚ ਭਾਈ ਮਰਦਾਨਾ ਜੀ ਵੀ ਆਪ ਜੀ ਦੇ ਨਾਲ ਰਹੇ। ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਦਾ ਨਾਂਅ ਦਿੱਤਾ ਗਿਆ ਹੈ। ਪਹਿਲੀ ਉਦਾਸੀ ਦੇ ਛੇ ਸਾਲਾਂ ਵਿੱਚ ਉਨ੍ਹਾਂ 8000 ਕਿਲੋਮੀਟਰ ਦਾ ਸਫਰ ਤੈਅ ਕੀਤਾ। ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਇਸ ਯਾਤਰਾ ਵਿੱਚ ਲਾਹੌਰ, ਦਿੱਲੀ, ਬਰਮਾ, ਢਾਕਾ, ਹਰਿਦੁਆਰ, ਮਥਰਾ, ਪਰਿਆਗਰਾਜ, ਪਟਨਾ, ਗਯਾ, ਬਨਾਰਸ ਆਦਿ ਸ਼ਾਮਲ ਹਨ। ਦੂਸਰੀ ਉਦਾਸੀ ਦਾ ਸਮਾਂ 7 ਸਾਲ ਸੀ। ਜਿਸ ਵਿੱਚ ਉਹਨਾਂ ਸਰਸਾ, ਬੀਕਾਨੇਰ, ਜੋਧਪੁਰ, ਬਿਦਰ, ਮਥਰਾ, ਉੱਜੈਨ, ਆਂਧਰਾ ਪ੍ਰਦੇਸ਼, ਕੜੱਪਾ ਤਕਰੀਬਨ 10500 ਕਿਲੋਮੀਟਰ ਦਾ ਸਫਰ ਤੈਅ ਕੀਤਾ। Guru Nanak Jayanti 2024

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਉਦਾਸੀ ਦਾ ਸਮਾਂ 5 ਸਾਲ ਸੀ ਅਤੇ ਇਸ ਵਿੱਚ ਉਨ੍ਹਾਂ 8000 ਕਿਲੋਮੀਟਰ ਸਫ਼ਰ ਤੈਅ ਕੀਤਾ ਜਿਸ ਦੌਰਾਨ ਪੱਛਮ ਵੱਲ ਖੇਤਾਂ ਨੂੰ ਪਾਣੀ ਦੇ ਕੇ ਵਹਿਮਾਂ-ਭਰਮਾਂ ਨੂੰ ਦੂਰ ਕੀਤਾ। 1519-1521 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਨੇ ਚੌਥੀ ਉਦਾਸੀ ਕੀਤੀ ਅਤੇ ਇਸ ਉਦਾਸੀ ਦੇ ਤਿੰਨ ਸਾਲ ਵਿੱਚ ਉਨ੍ਹਾਂ ਬਲੋਚਿਸਤਾਨ, ਅਰਬ, ਯਮਨ, ਬਗਦਾਦ, ਇਰਾਨ, ਕਾਬਲ ਆਦਿ ਜਾ ਕੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਪ੍ਰੇਰਿਤ ਕੀਤਾ। ਇਸ ਉਦਾਸੀ ਦੌਰਾਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਗਏ। ਇਸ ਉਦਾਸੀ ਵਿੱਚ ਗੁਰੂ ਜੀ ਨੇ ਬਾਰਾਂ ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕੀਤਾ। ਇਸ ਤਰ੍ਹਾਂ ਗੁਰੂ ਜੀ ਨੇ ਚਾਰ ਉਦਾਸੀਆਂ ਵਿੱਚ 35 ਹਜਾਰ ਕਿਲੋਮੀਟਰ ਦੇ ਕਰੀਬ ਸਫਰ ਤੈਅ ਕੀਤਾ। Guru Nanak Jayanti 2024

1521-1539 ਦਾ ਸਮਾਂ ਉਨ੍ਹਾਂ ਕਰਤਾਰਪੁਰ ਸਾਹਿਬ ਵਿਖੇ ਖੇਤੀਬਾੜੀ ਕਰਕੇ ਬਿਤਾਇਆ। ਇੱਥੇ ਹੀ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਜਪੁਜੀ ਸਾਹਿਬ ਦੀ ਰਚਨਾ ਕੀਤੀ। ਉਨ੍ਹਾਂ ਦੀ ਬਾਣੀ ਸਰਬ ਵਿਆਪਕ ਹੈ। ਸ੍ਰੀ ਗੁਰੂ ਨਾਨਕ ਦੇਵ ਨੇ ਸਾਨੂੰ ਕੁਦਰਤ ਨਾਲ ਪਿਆਰ, ਸਤਿਕਾਰ ਅਤੇ ਉਸ ਦੀ ਰੱਖਿਆ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਧਰਤੀ ਨੂੰ ਮਾਤਾ, ਪਾਣੀ ਨੂੰ ਪਿਤਾ ਅਤੇ ਹਵਾ ਨੂੰ ਗੁਰੂ ਕਹਿ ਕਿ ਇਹ ਸੰਦੇਸ਼ ਦਿੱਤਾ ਕਿ ਸਾਨੂੰ ਜਿੰਦਗੀ ਵਿੱਚ ਇੰਨ੍ਹਾਂ ਤਿੰਨਾਂ ਰਿਸ਼ਿਤਆਂ ਤੇ ਤਿੰਨੇ ਪਦਾਰਥਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਅਸੀਂ ਇੰਨਾਂ ਦੀ ਸੰਭਾਲ ਨਹੀ ਕਰਾਂਗੇ ਤਾਂ ਜੀਵਨ ਸੰਭਵ ਨਹੀਂ। Guru Nanak Jayanti 2024

ਜੇਕਰ ਸਮਾਜ ਨੂੰ ਦਿੱਤੇ ਗਏ ਸੰਦੇਸ਼ ਨੂੰ ਦੇਖਦੇ ਹਾਂ ਤਾਂ ਉਨ੍ਹਾਂ ਦਾ ਸੰਦੇਸ਼ ਸਿਰਫ ਰੂਹਾਨੀ ਜਾਗਰੂਕਤਾ ਤੱਕ ਸੀਮਿਤ ਨਹੀਂ ਸੀ, ਬਲਕਿ ਉਨ੍ਹਾਂ ਸਮਾਜ ਦੇ ਹਰ ਪੱਖ ਨੂੰ ਸੁਧਾਰਨ ਲਈ ਕੰਮ ਕੀਤਾ। ਇਸ ਕਾਰਨ ਹੀ ਉਨ੍ਹਾਂ ਦੀਆਂ ਸਿੱਖਿਆਵਾਂ ਵਿੱਚ ਸੱਚਾਈ, ਸਨਮਾਨ, ਸਮਾਨਤਾ, ਨੈਤਿਕਤਾ ਅਤੇ ਅਨਿਆਂ ਦੇ ਵਿਰੋਧ ਦੀ ਮਹੱਤਵਪੂਰਨ ਭੂਮਿਕਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸਮਾਜ ਵਿੱਚ ਸਥਾਪਿਤ ਸਮਾਜਿਕ ਬੁਰਾਈਆਂ ਜਿਵੇਂ ਗਰੀਬਾਂ ਦਾ ਸ਼ੋਸ਼ਣ, ਅੰਧ-ਵਿਸ਼ਵਾਸ, ਜਾਤ-ਪਾਤ ਦਾ ਬੋਲਬਾਲਾ ਸੀ ਅਤੇ ਔਰਤਾਂ ਦੀ ਤਰਸਯੋਗ ਹਾਲਤ ਸੀ। ਇਸ ਕਾਰਨ ਹੀ ਉਹਨਾਂ ਉਸ ਸਮੇਂ ਦੇ ਹਾਕਮਾਂ ਦੇ ਲਾਲਚ, ਅਨੈਤਿਕ ਕਿਰਦਾਰ ਤੇ ਜ਼ੁਲਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖ ਤਿੰਨ ਸਿਧਾਂਤ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਨੂੰ ਅੱਜ ਜੇਕਰ ਅਸੀਂ ਆਪਣੇ ਜੀਵਨ ਵਿੱਚ ਢਾਲ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਚਿੰਤਾਵਾਂ, ਦੁੱਖ, ਮਾਨਸਿਕ ਪ੍ਰੇਸ਼ਾਨੀਆਂ ਖਤਮ ਹੋ ਸਕਦੀਆਂ ਹਨ। ਸਮਾਜਿਕ ਨਾਬਰਾਬਰੀ, ਜਾਤ-ਪਾਤ ਦੇ ਵਖਰੇਵੇਂ ਮਨੁੱਖ ਵਿੱਚ ਨਕਾਰਾਤਮਕ ਸੋਚ ਪੈਦਾ ਕਰਦੇ ਹਨ ਜਿਸ ਨਾਲ ਮਨ ਵਿੱਚ ਸ਼ੈਤਾਨੀ ਵਿਚਾਰ ਉਪਜਦੇ ਜਿਸ ਨਾਲ ਮਨੁੱਖ ਗਲਤ ਕੰਮਾਂ ਵੱਲ ਜਾਂਦਾ ਹੈ। ਔਰਤਾਂ ਬਾਰੇ ਅਵਾਜ ਉਠਾਉਦਿਆਂ ਵਾਲੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ:-

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ

ਉਸ ਸਮੇ ਇਹ ਅਵਾਜ ਉਠਾਉਣੀ ਆਪਣੇ-ਆਪ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸੀ। ਉਨ੍ਹਾਂ ਸਦਭਾਵਨਾ ਅਤੇ ਭਾਈਚਾਰਕ ਏਕਤਾ ਦਾ ਸੰਦੇਸ਼ ਦਿੱਤਾ। ਉਸ ਸਮੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਜੱਗ ਜਨਣੀ ਅਤੇ ਔਰਤ ਨੂੰ ਵਿਅਕਤੀ ਦੀ ਪਹਿਲੀ ਅਧਿਆਪਕ ਦਾ ਖਿਤਾਬ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ’ਤੇ ਹੁੰਦੇ ਅਨਿਆਂ ਖਿਲਾਫ ਵੀ ਆਪਣੀ ਅਵਾਜ ਬੁਲੰਦ ਕੀਤੀ।ਬਾਬਰ ਦੇ ਹਮਲਿਆਂ ਅਤੇ ਫੌਜੀ ਅੱਤਿਆਚਾਰਾਂ ਬਾਰੇ ਉਨ੍ਹਾਂ ਆਪਣੀ ਬਾਣੀ ਰਾਹੀਂ ਕਈ ਸਿੱਧੀਆਂ ਟਿੱਪਣੀਆਂ ਕੀਤੀਆਂ। ਗੁਰੂ ਜੀ ਨੇ ਬਾਬਰ ਦੀ ਹਮਲਾਵਰ ਨੀਤੀ ਅਤੇ ਉਸ ਦੀਆਂ ਫੌਜਾਂ ਦੁਆਰਾ ਕੀਤੇ ਜ਼ੁਲਮਾਂ ’ਤੇ ਖੁੱਲ੍ਹ ਕੇ ਲਿਖਿਆ ਅਤੇ ਬੋਲਿਆ। Guru Nanak Jayanti 2024

ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਨੂੰ ਸ਼ੁਰੂ ਕਰਨ ਵਾਲੇ ਵੀ ਗੁਰੂ ਨਾਨਕ ਦੇਵ ਜੀ ਹੀ ਸਨ ਜਿਨ੍ਹਾਂ ਨੇ ਉਸ ਸਮੇਂ ਜਾਤ-ਪਾਤ, ਅਮੀਰ-ਗਰੀਬ ਦੇ ਫਰਕ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਇਆ। 1539 ਵਿੱਚ ਉਨ੍ਹਾਂ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਆਪਣੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਭਾਈ ਲਹਿਣਾ ਜੀ ਨੂੰ ਆਪਣੇ ਵਾਰਿਸ ਵੱਜੋਂ ਨਿਯੁਕਤ ਕੀਤਾ ਜੋ ਬਾਅਦ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂਅ ਨਾਲ ਜਾਣੇ ਗਏ।ਅੱਜ ਜਦੋਂ ਸਮਾਜ ਵਿੱਚ ਧਰਮ ਦੇ ਨਾਂਅ ’ਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਨੂੰ ਉਨ੍ਹਾਂ ਦੀ ਵਿਚਾਰਧਾਰਾ ਅਤੇ ਸੋਚ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਚਾਹੀਦਾ ਹੈ ਉਨ੍ਹਾਂ ਵੱਲੋਂ ਮਨੁੱਖਤਾ ਦੀ ਸੇਵਾ, ਧਰਮਾਂ ਦੀ ਬਰਾਬਰੀ, ਜਾਤ-ਪਾਤ ਅਤੇ ਔਰਤਾਂ ਨਾਲ ਕੀਤੇ ਜਾ ਰਹੇ ਸ਼ੋਸ਼ਣ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

(ਲਾਈਫ ਕੋਚ), ਸੇਵਾ ਮੁਕਤ ਅਧਿਕਾਰੀ, ਚੇਅਰਮੈਨ ਸਿੱਖਿਆ ਕਲਾ ਮੰਚ, ਮਾਨਸਾ
ਮੋ. 98151-39576
ਡਾ. ਸੰਦੀਪ ਘੰਡ

LEAVE A REPLY

Please enter your comment!
Please enter your name here