Gurmeet Singh Meet Hayer: ਚੰਡੀਗੜ੍ਹ ਵਿਖੇ ਸਰਕਾਰੀ ਕੋਠੀ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹਨ ਗੁਰਮੀਤ ਸਿੰਘ ਮੀਤ ਹੇਅਰ
- ਸਾਂਸਦ ਬਨਣ ਤੋਂ ਬਾਅਦ 24 ਸਤੰਬਰ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਜਾਰੀ ਹੋਇਆ ਸੀ ਨੋਟਿਸ | Gurmeet Singh Meet Hayer
Gurmeet Singh Meet Hayer: ਚੰਡੀਗੜ੍ਹ (ਅਸ਼ਵਨੀ ਚਾਵਲਾ)। ਸੰਗਰੂਰ ਲੋਕ ਸਭਾ ਤੋਂ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਚੰਡੀਗੜ੍ਹ ਵਿਖੇ ਬਤੌਰ ਕੈਬਨਿਟ ਮੰਤਰੀ ਅਲਾਟ ਹੋਈ ਸਰਕਾਰੀ ਕੋਠੀ ਨੂੰ ਖ਼ਾਲੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਸਰਕਾਰੀ ਕੋਠੀ ਨੂੰ ਭਵਿੱਖ ’ਚ ਵੀ ਆਪਣੇ ਕੋਲ ਰੱਖਣ ਲਈ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਵੀ ਕੀਤੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਹੇਅਰ ਨੂੰ 24 ਸਤੰਬਰ 2024 ਨੂੰ ਨੋਟਿਸ ਜਾਰੀ ਕਰਦੇ ਹੋਏ ਚੰਡੀਗੜ੍ਹ ਦੇ ਸੈਕਟਰ 2 ਵਿਖੇ ਸਰਕਾਰੀ ਕੋਠੀ ਨੰਬਰ 43 ਨੂੰ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਹੋਇਆ ਹੈ।
Read Also : Punjab: ਕਾਊਂਟਰ ਇੰਟੈਲੀਜੈਂਸ ਤੇ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਸ਼ਿਵ ਸੈਨਾ ਆਗੂ ’ਤੇ ਹਮਲਾ ਕਰਨ ਵਾਲੇ ਚਾਰ ਦਬੋਚੇ
ਜਾਣਕਾਰੀ ਅਨੁਸਾਰ ਬਰਨਾਲਾ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੰਡੀਗੜ੍ਹ ਵਿਖੇ ਸੈਕਟਰ 2 ਵਿੱਚ ਸਰਕਾਰੀ ਕੋਠੀ ਨੰਬਰ 43 ਅਲਾਟ ਕੀਤੀ ਗਈ ਸੀ ਤੇ ਇਸ ਸਰਕਾਰੀ ਕੋਠੀ ਨੂੰ ਅਲਾਟ ਕਰਨ ਮੌਕੇ ਆਮ ਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਲਿਖਿਤ ਵਿੱਚ ਆਦੇਸ਼ ਦਿੱਤੇ ਗਏ ਸਨ ਕਿ ਜੇਕਰ ਉਹ ਕੈਬਨਿਟ ਮੰਤਰੀ ਨਹੀਂ ਰਹਿੰਦੇ ਤਾਂ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਇਸ ਸਰਕਾਰੀ ਕੋਠੀ ਨੂੰ ਖ਼ਾਲੀ ਕਰਨਾ ਪਏਗਾ।
ਕੈਬਨਿਟ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ | Gurmeet Singh Meet Hayer
ਢਾਈ ਸਾਲ ਤੱਕ ਕੈਬਨਿਟ ਮੰਤਰੀ ਰਹਿਣ ਤੋਂ ਬਾਅਦ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਲੋਕ ਸਭਾ ਚੋਣਾਂ 2024 ’ਚ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕਰਦੇ ਹੋਏ ਬਰਨਾਲਾ ਵਿਧਾਨ ਸਭਾ ਸੀਟ ਦੀ ਮੈਂਬਰਸ਼ਿਪ ਤੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਗਿਆ ਸੀ। ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਗੁਰਮੀਤ ਸਿੰਘ ਮੀਤ ਹੇਅਰ ਸਰਕਾਰੀ ਕੋਠੀ ਨੂੰ ਰੱਖਣ ਦੀ ਅਧਿਕਾਰ ਵੀ ਖੋਹ ਗਏ ਸਨ। ਜਿਸ ਕਰਕੇ 24 ਸਤੰਬਰ 2024 ਨੂੰ ਆਮ ਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਪੱਤਰ ਨੰਬਰ 3376-80 ਜਾਰੀ ਕਰਦੇ ਹੋਏ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਸਰਕਾਰੀ ਕੋਠੀ ਨੰਬਰ 43 ਨੂੰ ਖ਼ਾਲੀ ਕਰਨ ਲਈ ਕਿਹਾ ਗਿਆ ਸੀ।
ਇਸ ਨੋਟਿਸ ਦੇ ਮਿਲਣ ਤੋਂ ਬਾਅਦ ਗੁਰਮੀਤ ਸਿੰਘ ਮੀਤ ਹੇਅਰ ਨੂੰ ਇਸ ਸਰਕਾਰੀ ਕੋਠੀ ਨੂੰ ਖ਼ਾਲੀ ਕਰਨ ਦੀ ਥਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਸੰਸਦ ਮੈਂਬਰ ਹੋਣ ਕਰਕੇ ਉਨ੍ਹਾਂ ਦਾ ਚੰਡੀਗੜ੍ਹ ਵਿਖੇ ਆਉਣਾ ਜਾਣਾ ਰਹਿੰਦਾ ਹੈ ਤੇ ਦਿੱਲੀ ਵਿਖੇ ਉਨ੍ਹਾਂ ਨੂੰ ਕੋਈ ਸਰਕਾਰੀ ਰਿਹਾਇਸ਼ ਵੀ ਅਲਾਟ ਨਹੀਂ ਹੋਈ ਹੈ, ਜਿਸ ਕਾਰਨ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀਆਂ ਦੇ ਰੈਂਕ ਵਾਲੀ ਕੋਠੀ ਨੰਬਰ 43 ਉਨ੍ਹਾਂ ਨੂੰ ਬਤੌਰ ਸੰਸਦ ਮੈਂਬਰ ਅਲਾਟ ਕਰ ਦਿੱਤੀ ਜਾਵੇ।
ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਦੀ ਇਹ ਅਪੀਲ ਗੁਹਾਰ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੈਂਡਿੰਗ ਚੱਲ ਰਹੀ ਹੈ ਤੇ ਭਗਵੰਤ ਮਾਨ ਵੱਲੋਂ ਫੈਸਲਾ ਲਏ ਜਾਣ ਤੋਂ ਬਾਅਦ ਹੀ ਆਮ ਤੇ ਰਾਜ ਪ੍ਰਬੰਧ ਵਿਭਾਗ ਅਗਲੀ ਕਾਰਵਾਈ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਲਏ ਜਾਣ ਤੱਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਕੋਠੀ ਵਿੱਚ ਰਹਿਣ ਲਈ ਜ਼ੁਬਾਨੀ ਇਜਾਜ਼ਤ ਦੇ ਦਿੱਤੀ ਗਈ ਹੈ।