ਫਾਇਰ ਬਿਗ੍ਰੇਡ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ ’ਤੇ ਕਾਬੂ | Punjab Fire News
Punjab Fire News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਦੇ ਫਿਲੌਰ ਨਜ਼ਦੀਕ ਇੱਕ ਕਬਾੜ ਦੇ ਗੁਦਾਮ ’ਚ ਦੇਰ ਰਾਤ ਅੱਗ ਲੱਗ ਗਈ। ਲੋਕਾਂ ਵੱਲੋਂ ਸੂਚਿਤ ਕੀਤੇ ਜਾਣ ’ਤੇ ਪਹੁੰਚੀਆਂ ਫਾਇਰ ਬਿਗ੍ਰੇਡ ਦੀਆਂ ਤਕਰੀਬਨ ਸੌ ਗੱਡੀਆਂ ਵੱਲੋਂ ਭਾਰੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਗੁਦਾਮ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਫ਼ਿਲੌਰ ਦੇ ਨੇੜੇ ਹੀ ਇੱਕ ਡੇਰੇ ਦੇ ਕੋਲ ਕਬਾੜ ਦਾ ਗੁਦਾਮ ਸਥਿੱਤ ਹੈ। ਜਿੱਥੇ ਐਤਵਾਰ ਦੀ ਰਾਤ ਅਚਾਨਕ ਹੀ ਇੱਕ ਧਮਾਕਾ ਹੋਇਆ। ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਧਮਾਕੇ ਹੋਣ ਲੱਗੇ ਅਤੇ ਕੁੱਝ ਸਮੇਂ ਵਿੱਚ ਹੀ ਗੁਦਾਮ ਵਾਲੀ ਬਿਲਡਿੰਗ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਧਮਾਕੇ ਦੀ ਅਵਾਜ਼ ਸੁਣਕੇ ਨਜ਼ਦੀਕ ਰਹਿੰਦੇ ਲੋਕਾਂ ਨੇ ਫਾਇਰ ਬਿਗ੍ਰੇਡ ਤੇ ਪੁਲਿਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: Viral Video: ਜੋਧਪੁਰ ਦੇ ਇੱਕ ਹਸਪਤਾਲ ਵਿੱਚ ਵਾਇਰਲ ਵੀਡੀਓ ਰਾਹੀਂ ਇੱਕ ਹੈਰਾਨ ਕਰਨ ਵਾਲੀ ਘਟਨਾ ਆਈ ਸਾਹਮਣੇ
ਪ੍ਰਤੱਖਦਰਸ਼ੀਆਂ ਮੁਤਾਬਕ ਅੱਗ ਕਰੀਬ ਦੋ ਵਜੇ ਲੱਗੀ ਤਾਂ ਇੱਕ ਤੋਂ ਇੱਕ ਧਮਾਕੇ ਹੋਣ ਲੱਗੇ। ਜਿਸ ਕਾਰਨ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਬਣ ਗਿਆ। ਕਿਉਂਕਿ ਗੁਦਾਮ ਦੇ ਨਜ਼ਦੀਕ ਹੀ ਪੈਟਰੋਲ ਪੰਪ ਸਥਿੱਤ ਹੈ। ਸੂਚਨਾ ਮਿਲਦਿਆਂ ਹੀ ਲੁਧਿਆਣਾ ਸਮੇਤ ਲਾਗਲੇ ਹੋਰ ਫਾਇਰ ਬ੍ਰਿਗੇਡ ਵਿਭਾਗਾਂ ਦੀਆਂ ਗੱਡੀਆਂ ਵੀ ਘਟਨਾਂ ਸਥਾਨ ‘ਤੇ ਪੁੱਜ ਗਈਆਂ। ਜਿੰਨਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸਾਂ ਆਰੰਭ ਦਿੱਤੀਆਂ। ਅੱਗ ਇੰਨੀ ਭਿਆਨਕ ਸੀ ਕਿ ਐਤਵਾਰ ਰਾਤ ਨੂੰ ਲੱਗੀ ਅੱਗ ’ਤੇ ਸੌਮਵਾਰ ਦੁਪਿਹਰ ਤੱਕ ਮਸਾਂ ਕਾਬੂ ਪਾਇਆ ਜਾ ਸਕਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਗੁਦਾਮ ’ਚ ਪਟਾਕਿਆਂ ਦੀ ਚਿੰਗਾਰੀ ਡਿੱਗਣ ਕਾਰਨ ਅੱਗ ਲੱਗ ਗਈ ਜੋ ਗੁਦਾਮ ਦੇ ਅੰਦਰ ਪਏ ਕੁੱਝ ਗੈਸ ਸਿਲੰਡਰ ਕਾਰਨ ਭੜਕ ਗਈ। ਕਿਉਂਕਿ ਅੱਗ ਲੱਗਣ ਕਾਰਨ ਸਿਲੰਡਰ ਫਟ ਗਏ ਤੇ ਅੱਗ ਵਿਕਰਾਲ ਰੂਪ ਧਾਰਨ ਕਰ ਗਈ। ਅੱਗ ਬੁਝਾਉਣ ਦੇ ਨਾਲ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਵੀ ਜਾਂਚ ਆਰੰਭ ਦਿੱਤੀ। ਅਧਿਕਾਰੀਆਂ ਮੁਤਾਬਕ ਗੁਦਾਮ ’ਚ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਲੁਧਿਆਣਾ ਤੋਂ ਇਲਾਵਾ ਲਾਗਲੇ ਹੋਰ ਸ਼ਹਿਰਾਂ ਦੀਆਂ 100 ਤੋਂ ਵੱਧ ਗੱਡੀਆਂ ਦੀ ਵਰਤੋਂ ਹੋਈ ਹੈ। ਜਾਂਚ ਕੀਤੀ ਜਾ ਰਹੀ ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ। Punjab Fire News