Punjab By Election: ਕਾਗਜ਼ਾਂ ਦੀ ਪੜਤਾਲ ਭਲਕੇ : ਗਿੱਦੜਬਾਹਾ ਤੋਂ ਸਭ ਤੋਂ ਜ਼ਿਆਦਾ ਅਤੇ ਚੱਬੇਵਾਲ ਤੋਂ ਸਭ ਤੋਂ ਘੱਟ ਉਮੀਦਵਾਰ
Punjab By Election: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਜ਼ਿਮਨੀ ਚੋਣਾਂ ਦਾ ਦੰਗਲ ਤਿਆਰ ਹੋ ਚੁੱਕਿਆ ਹੈ ਬੀਤੇ ਦਿਨ ਪੰਜਾਬ ਵਿੱਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਾਰੀਖ ਲੰਘ ਗਈ ਹੈ ਅਤੇ 60 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਦੇ ਹੋਏ ਮੈਦਾਨ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਇਸ ਵਿੱਚ ਅੱਧੀ ਦਰਜਨ ਨਾਮਜ਼ਦਗੀ ਕਾਗਜ਼ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਵੱਲੋਂ ਵੀ ਭਰੇ ਗਏ ਹਨ। 28 ਅਕਤੂਬਰ ਸੋਮਵਾਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਤਾਂ 30 ਅਕਤੂਬਰ ਨੂੰ ਕਾਗਜ਼ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਇਹ ਤੈਅ ਹੋ ਜਾਵੇਗਾ ਕਿ ਮੈਦਾਨ ਵਿੱਚ ਕਿੰਨੇ ਉਮੀਦਵਾਰ ਡਟੇ ਰਹਿਣਗੇ।
Read Also : Punjab Fire and Emergency Bill: ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ
ਇਨ੍ਹਾਂ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਵਿੱਚ ਤਿੰਨ ਮੁੱਖ ਪਾਰਟੀਆਂ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕਾਂਗਰਸ ਮੁੱਖ ਤੌਰ ’ਤੇ ਮੈਦਾਨ ਵਿੱਚ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਮੈਦਾਨ ਛੱਡ ਕੇ ਬਾਹਰ ਹੋ ਚੁੱਕੀ ਹੈ ਪੰਜਾਬ ਦੀਆਂ ਇਨ੍ਹਾਂ ਚਾਰ ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਚੱਬੇਵਾਲ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ਵਿਖੇ 6 ਲੱਖ 96 ਹਜ਼ਾਰ 316 ਵੋਟਰ ਹਨ ਤੇ 831 ਚੋਣ ਬੂਥ ਤਿਆਰ ਕੀਤੇ ਗਏ ਹਨ। Punjab By Election
ਵਿਧਾਨ ਸਭਾ ਦੀਆਂ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਗਿੱਦੜਬਾਹਾ ਤੋਂ ਸਭ ਤੋਂ ਵੱਧ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਹਨ। ਗਿੱਦੜਬਾਹਾ ਤੋਂ 20 ਨਾਮਜ਼ਦਗੀ ਕਾਗਜ਼ ਦਾਖਲ ਹੋਏ ਹਨ ਅਤੇ ਚੱਬੇਵਾਲ ਸੀਟ ਤੋਂ ਸੱਭ ਤੋਂ ਘੱਟ ਅੱਠ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਹਨ। ਇੱਥੇ ਹੀ ਬਰਨਾਲਾ ਤੋਂ 18 ਅਤੇ ਡੇਰਾ ਬਾਬਾ ਨਾਨਕ ਤੋਂ 14 ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਦਾਖਲ ਕੀਤੇ ਗਏ ਹਨ।