Punjabi Story: ਤਿਆਗ (ਪੰਜਾਬੀ ਕਹਾਣੀ)

Punjabi Story

Punjabi Story: ਮੇਰਾ ਦੋਸਤ ਹੈ ਮਨਪ੍ਰੀਤ, ਸਕੂਲ ਕੋਲ ਘਰ ਹੈ, ਸਾਡੇ ਨਾਲ ਬਹੁਤ ਆਉਣ ਜਾਣ ਵੀ ਹੈ, ਉਸ ਦੀ ਮਾਸੀ ਵੀ ਉਹਨਾਂ ਦੇ ਘਰ ਕੋਲ ਹੀ ਹਨ ਜੋ ਉਸ ਦੀ ਮਾਤਾ ਤੋਂ ਉਮਰ ਚ ਵੱਡੇ ਸਨ, ਮੈਂ ਅਕਸਰ ਛੁੱਟੀ ਵਾਲ਼ੇ ਦਿਨ ਆਪਣੇ ਦੋਸਤ ਦੇ ਘਰ ਜਾਂਦਾ, ਕਈ ਵਾਰ ਉਹਨਾਂ ਦੇ ਘਰ ਸੇਵੀਆਂ ਬਣੀਆਂ ਹੋਣੀਆਂ ਤਾਂ ਅਸੀਂ ਰੀਝ ਨਾਲ ਖਾਂਦੇ ਕੁਦਰਤੀ ਦੋ ਤਿੰਨ ਸੇਵੀਆਂ ਖਾਂਦਿਆਂ ਤੋਂ ਦੋ ਤਿੰਨ ਵਾਰ ਉਸ ਦੇ ਬਜ਼ੁਰਗ ਮਾਸੀ ਵੀ ਉਹਨਾਂ ਘਰ ਕੋਈ ਕੰਮ ਆਏ ਹੁੰਦੇ ਤਾਂ ਸੇਵੀਆਂ ਦੇਖ ਕੇ ਮੂੰਹ ਲਪੇਟ ਕੇ ਤੁਰ ਜਾਂਦੇ, ਸਭ ਨੂੰ ਬੁਰਾ ਲੱਗਦਾ, ਤਾਂ ਮਨਪ੍ਰੀਤ ਅਕਸਰ ਆਪਣੀ ਬੇਬੇ ਨੂੰ ਇਸ ਦਾ ਕਾਰਨ ਪੁੱਛਦਾ ਤਾਂ ਉਹ ਹੱਸ ਕੇ ਟਾਲ ਛੱਡਦੀ,,

ਇੱਕ ਦਿਨ ਮੇਰੇ ਦੋਸਤ ਦੀ ਮਾਤਾ ਜੀ ਅਚਾਨਕ ਹਾਰਟ ਅਟੈਕ ਨਾਲ ਦੁਨੀਆਂ ਤੋਂ ਫੌਤ ਹੋ ਗਏ, ਮੇਰੇ ਪਿੰਡ ਦਾ ਮੇਰੇ ਵੱਡੇ ਭਰਾ ਦੀ ਉਮਰ ਦਾ ਲੜਕਾ ਸਰਕਾਰੀ ਮਹਿਕਮੇ ਚ ਲੁੱਧਿਆਣੇ ਉੱਚ ਅਫ਼ਸਰ ਹੈ ਜਿਸ ਦਾ ਘਰ ਵੀ ਮੇਰੇ ਪਿੰਡ ਦੀ ਦੂਜੀ ਪੱਤੀ ਵਿੱਚ ਹੈ ਅਤੇ ਦਸਵੀਂ ਤੋਂ ਬਾਦ ਬਾਹਰ ਹੋਸਟਲ ਚ ਪੜ੍ਹ ਕੇ, ਨੌਕਰੀ ਮਿਲਣ ਤੋਂ ਤੁਰੰਤ ਬਾਦ ਵਿਆਹ ਹੋ ਗਿਆ ਅਤੇ ਪਤਨੀ ਵੀ ਸਰਕਾਰੀ ਨੌਕਰੀ ਤੇ ਉੱਥੇ ਹੀ ਹੋਣ ਕਾਰਨ ਉਸਨੇ ਰਿਹਾਇਸ਼ ਲੁਧਿਆਣੇ ਕਰ ਲਈ ਪਰ ਪਿੰਡ ਉਸ ਦੇ ਦਿਲ ਚ ਵੱਸਦਾ ਹੈ…ਇੱਕ ਦਿਨ ਉਹ ਮੇਰੇ ਕੋਲ ਸ਼ਾਮ ਨੂੰ ਮੇਰੇ ਦੋਸਤ ਪਵਿੱਤਰ ਆਇਆ ਤੇ ਘਰ ਅਫਸੋਸ ਕਰਨ ਨਾਲ ਲੈ ਗਿਆ, ਅਸੀਂ ਜਦ ਉਹਨਾਂ ਦੇ ਘਰ ਬੈਠੇ ਉਸ ਦੀ ਮਾਤਾ ਬਾਰੇ ਗੱਲਾਂ ਕਰ ਰਹੇ ਸੀ ਤਾਂ ਉਸ ਦੀ ਮਾਸੀ ਸਾਨੂੰ ਦੇਖ ਕੇ ਸਾਡੇ ਕੋਲ ਆ ਕੇ ਬਹਿ ਗਈ, ਆਪਣੀ ਭੈਣ ਨਾਲ ਬੀਤੀਆਂ ਸਾਂਝੀਆਂ ਗੱਲਾਂ ਕਰਨ ਤੋਂ ਬਾਦ ਉਸ ਨੇ ਪਵਿੱਤਰ ਨੂੰ ਸਿਆਣ ਕੇ ਪਿਆਰ ਨਾਲ ਨਾਲ ਕਿਹਾ ਪੁੱਤ ਤੇਰਾ ਨਾਂ ਪਵਿੱਤਰ ਆ? ਤੇ ਤੂੰ ਹੁਣ ਵੱਡਾ ਅਫ਼ਸਰ ਆ . ਪਵਿੱਤਰ ਨੇ ਨਿਮਰਤਾ ਨਾਲ ਜਵਾਬ ਦਿੱਤਾ ਹਾਂ ਜੀ Punjabi Story

ਮਾਸੀ ਨੇ ਪੁੱਛਿਆ ਪੁੱਤ! ਮੈਨੂੰ ਸਿਆਣ ਲਿਆ? ਉਹ ਪੰਝਤਰਾਂ ਸਾਲਾਂ ਦੀ ਮਾਸੀ ਦੀਆਂ ਝੁਰੜੀਆਂ ਵੱਲ ਖੁੱਭ ਕੇ ਝਾਕਣ ਲੱਗਾ…ਮਾਸੀ ਕਹਿੰਦੀ ਪੁੱਤ!ਮੈਂ ਜਗਮੋਹਨ ਦੀ ਬੀਬੀ ਹਾਂ ਜੋ ਤੇਰਾ ਪੱਕਾ ਆੜੀ ਸੀ ਸਕੂਲ ਦਾ
ਪਵਿੱਤਰ ਦੇ ਇੱਕ ਦਮ ਸਭ ਕੁਝ ਯਾਦ ਆ ਗਿਆ ਅਤੇ ਮਾਸੀ ਨੇ ਉਸ ਨੂੰ ਗਲ ਲ਼ਾ ਕੇ ਅੱਖਾਂ ਭਰ ਲਈਆਂ,

ਮਾਸੀ ਨੇ ਕਿਹਾ ਕਿੰਨਾ ਮੋਹ ਸੀ ਤੇਰਾ ਮੋਹਣੇ ਨਾਲ, ਤੇਰੇ ਨਾਲ ਦਸਵੀਂ ਚ ਪੜ੍ਹਦਾ ਨਾਨਕੇ ਚਲਾ ਜਾਂਦਾ ਸੀ, ਤੂੰ ਸਤਾਸੀ ਚ ਦਸਵੀਂ ਪਾਸ ਕਰਕੇ ਲੁੱਧਿਆਣੇ ਪੜ੍ਹਨ ਲੱਗ ਗਿਆ ਅਤੇ ਉਹ ਤੇਰੇ ਬਿਨਾਂ ਉਦਾਸ ਰਹਿੰਦਾ ਤੇ ਪੜ੍ਹਨੋ ਹਟ ਗਿਆ ਉਸ ਨੇ ਹੋਰ ਯਾਦਾਂ ਸਾਂਝੀਆਂ ਕੀਤੀਆਂ ਅਤੇ ਫਿਰ ਉਸ ਨੇ ਕਿਹਾ ਪੁੱਤ! ਤੇਰੇ ਯਾਦ ਆ,ਉਸ ਦਿਨ ਪੰਦਰਾਂ ਅਗਸਤ ਉੱਨੀ ਸੋ ਸਤਾਸੀ ਅਤੇ ਦਿਨ ਸ਼ਨੀਵਾਰ ਸੀ,ਮੋਹਣਾ ਦੁਪਿਹਰੇ ਆ ਕੇ ਕਹਿੰਦਾ ਬੀਬੀ ਸੇਵੀਆਂ ਖਾਣ ਨੂੰ ਜੀਅ ਕਰਦਾ …….ਪੁੱਤ ਮੈਨੂੰ ਥੋੜ੍ਹਾ ਜਾ ਬੁਖਾਰ ਜਾ ਲੱਗਦਾ ਸੀ ਅਤੇ ਮੈਂ ਉਸ ਨੂੰ ਘੂਰ ਕੇ ਕਿਹਾ ਜਾ ਭੱਜ ਜਾ ਮੈਥੋਂ ਨੀ ਸੇਵੀਆਂ ਬਣਦੀਆਂ ਮੋਹਣਾ ਬਾਹਰ ਆ ਕੇ ਆਪਣੇ ਆੜੀਆਂ ਨਾਲ ਨਹਿਰ ਤੇ ਚਲਾ ਗਿਆ, ਉਸ ਨੂੰ ਨਹਾਉਣਾ ਨਹੀਂ ਸੀ ਆਉਂਦਾ ਅਤੇ ਉਸ ਦੇ ਨਾਲ ਦੇ ਨੇ ਉਸ ਨੂੰ ਨਹਿਰ ਚ ਧੱਕਾ ਦੇ ਦਿੱਤਾ।

ਐਨਾ ਆਖ ਕੇ ਮਾਸੀ ਨੇ ਉਹ ਸ਼ਬਦ ਮਸਾਂ ਆਖੇ ਜੋ ਇੱਕ ਮਾਂ ਲਈ ਕਹਿਣਾ ਦੁਨੀਆਂ ਚ ਸਭ ਤੋਂ ਵੱਧ ਔਖਾ ਉਸ ਦਾ ਪੁੱਤ! ਮੁੱਕ ਗਏ ਦਾ ਸੁਨੇਹਾ ਆਇਆ।
ਕਾਫੀ ਲੰਬੀ ਚੁੱਪ ਤੋਂ ਬਾਦ ਮਾਸੀ ਕਹਿੰਦੀ ਉਸ ਦਿਨ ਤੋਂ ਬਾਦ ਮੈਂ ਸੇਵੀਆਂ ਨੀ ਖਾਧੀਆਂ, ਮੇਰਾ ਮੋਹਣਾ ਸੇਵੀਆਂ ਤੋਂ ਬਿਨਾਂ ਚਲਾ ਗਿਆ, ਬੱਸ ਵਾਹਿਗੁਰੂ ਅੱਗੇ ਇੱਕੋ ਅਰਜੋਈ ਆ ਅਗਲੇ ਜਨਮ ਚ ਮੇਰਾ ਪੁੱਤ ਮਿਲ ਜਾਵੇ ਤੇ ਮੈਂ ਉਸ ਨੂੰ ਸੇਵੀਆਂ ਖਵਾਵਾਂ।
ਇਸ ਤੋਂ ਬਾਦ ਇੱਕ ਚੁੱਪ ਨੇ ਪੈਰ ਪਸਾਰ ਲਏ।

ਸਾਨੂੰ ਕਾਫੀ ਸਮਾਂ ਹੋ ਗਿਆ ਸੀ ਬੈਠਿਆਂ ਨੂੰ ਅਚਾਨਕ ਪਵਿੱਤਰ ਖੜ੍ਹਾ ਹੋ ਗਿਆ ਅਤੇ ਮੂੰਹ ਘੁਮਾ ਕੇ ਹੱਥ ਨਾਲ ਜਾਣ ਦਾ ਇਸਾਰਾ ਕੀਤਾ, ਉਸ ਦਾ ਗੱਚ ਭਰਿਆ ਹੋਇਆ ਸੀ, ਜੇ ਉਹ ਬੋਲਦਾ ਤਾਂ ਰੋਣਾ ਆਪ ਮੁਹਾਰੇ ਨਿਕਲ ਪੈਣਾ ਸੀ
ਪ੍ਰੋ ਮੋਹਨ ਸਿੰਘ ਨੇ ਸੱਚ ਕਿਹਾ ਹੈ
ਮਾਂ ਵਰਗਾ ਘਣਛਾਂਵਾਂ ਬੂਟਾ,
ਮੈਨੂੰ ਨਜਰ ਨਾ ਆਏ
ਲੈ ਕੇ ਜਿਸ ਤੋਂ ਛਾਂ ਉਧਾਰੀ
ਰੱਬ ਨੇ ਸੁਰਗ ਬਣਾਏ

ਯਾਦ ਵਿੰਦਰ ਸਿੰਘ ਭਦੌੜ
ਪੰਜਾਬੀ ਮਾਸਟਰ, ਸਰਕਾਰੀ ਮਿਡਲ ਸਕੂਲ,
ਮੱਝੂ ਕੇ (ਬਰਨਾਲਾ)