Dr APJ Abdul Kalam: ਭਾਰਤ ਦੇ ਮਿਜ਼ਾਇਲ ਮੈਨ ਡਾ. ਏਪੀਜੇ ਅਬਦੁਲ ਕਲਾਮ

Dr. APJ Abdul Kalama

Dr APJ Abdul Kalam

‘ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਆਉਂਦੇ ਹਨ, ਸੁਪਨੇ ਤਾਂ ਉਹ ਹੁੰਦੇ ਹਨ ਜੋ ਨੀਂਦ ਉਡਾ ਲੈ ਜਾਂਦੇ ਹਨ’ ਇਹ ਸ਼ਬਦ ਭਾਰਤ ਦੇ ਮਹਾਨ ਵਿਗਿਆਨੀ, ਲੋਕਾਂ ਦੇ ਰਾਸ਼ਟਰਪਤੀ ਅਤੇ ਮਿਜ਼ਾਇਲ ਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਡਾ. ਏਪੀਜੇ ਅਬਦੁਲ ਕਲਾਮ ਦੇ ਹਨ। ਡਾ. ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਪਿਤਾ ਜਲਾਲੂਦੀਨ ਅਤੇ ਮਾਤਾ ਆਸੀਅੱਮਾ ਦੇ ਘਰ ਰਾਮੇਸ਼ਵਰਮ (ਤਾਮਿਲਨਾਡੂ) ਵਿਖੇ ਹੋਇਆ। ਅਬਦੁਲ ਕਲਾਮ ਦੇ ਪਿਤਾ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ ਪਰੰਤੂ ਉਹ ਮਹੱਤਵਪੂਰਨ ਮਸਲਿਆਂ ਨੂੰ ਸੰਜੀਦਗੀ ਨਾਲ ਸੁਲਝਾਉਣ ਦਾ ਹੁਨਰ ਰੱਖਦੇ ਸਨ।

ਅਬਦੁਲ ਕਲਾਮ ’ਤੇ ਜਿਸ ਦਾ ਸਭ ਤੋਂ ਵੱਧ ਪ੍ਰਭਾਵ ਪਿਆ ਉਨ੍ਹਾਂ ਵਿੱਚੋਂ ਇੱਕ ਹਨ ਜੈਨੂਲਬਦੀਨ ਜੋ ਘੱਟ ਪੜ੍ਹੇ-ਲਿਖੇ ਹੋਣ ਤੋਂ ਬਾਅਦ ਵੀ ਚੰਗੀ ਤਰ੍ਹਾਂ ਅੰਗਰੇਜੀ ਲਿਖ ਸਕਦੇ ਸਨ। ਉਹ ਹਰ ਸਮੇਂ ਕਲਾਮ ਨਾਲ ਵਿਦਵਾਨਾਂ ਸਬੰਧੀ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਬਚਪਨ ਵਿੱਚ ਕਲਾਮ ਜਦੋਂ ਵੀ ਉੱਡਦੇ ਪੰਛੀਆਂ ਨੂੰ ਦੇਖਦੇ ਤਾਂ ਉਨ੍ਹਾਂ ਦਾ ਮਨ ਵੀ ਉਡਾਣ ਭਰਨ ਨੂੰ ਕਰਦਾ। ਸੁਪਨੇ ਪੂਰੇ ਹੋਣ ਇਸ ਲਈ ਪਹਿਲਾਂ ਸੁਪਨੇ ਦੇਖਣਾ ਜਰੂਰੀ ਹੈ। ਕਲਾਮ ਦੇ ਪਿਤਾ ਕਿਸ਼ਤੀ ਕਿਰਾਏ ’ਤੇ ਦੇਣ ਦਾ ਕੰਮ ਕਰਦੇ ਸਨ ਤੇ ਜਲਾਲੂਦੀਨ ਉਨ੍ਹਾਂ ਦੇ ਕੰਮ ਵਿੱਚ ਹੱਥ ਵਟਾਉਂਦੇ ਸਨ, ਬਾਅਦ ਵਿੱਚ ਜਲਾਲੂਦੀਨ ਦਾ ਅਬਦੁਲ ਕਲਾਮ ਦੀ ਭੈਣ ਜੌਹਰਾ ਨਾਲ ਨਿਕਾਹ ਹੋਇਆ।

Dr APJ Abdul Kalam

ਮੁੱਢਲੀ ਪੜ੍ਹਾਈ ਰਾਮੇਸ਼ਵਰਮ ਵਿੱਚ ਪੂਰੀ ਕਰਨ ਉਪਰੰਤ ਉਨ੍ਹਾਂ ਨੇ ਇੰਟਰ ਕਰਕੇ ਬੀਐੱਸਸੀ ਕੀਤੀ ਉਨ੍ਹਾਂ ਨੂੰ ਬਾਅਦ ਵਿੱਚ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਵਿਸ਼ਾ ਭੌਤਿਕ ਵਿਗਿਆਨ ਨਹੀਂ ਸਗੋਂ ਏਅਰੋਸਪੇਸ ਇੰਜੀਨੀਅਰਿੰਗ ਹੈ ਫਿਰ ਉਨ੍ਹਾਂ ਨੇ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਦਾਖਲਾ ਲੈਣਾ ਚਾਹਿਆ ਪਰੰਤੂ ਉਨ੍ਹਾਂ ਦੇ ਰਾਹ ਵਿੱਚ ਜੋ ਸਭ ਤੋਂ ਵੱਡੀ ਮੁਸ਼ਕਿਲ ਸੀ ਉਹ ਸੀ ਫੀਸ। ਫੀਸ ਭਰਨ ਲਈ ਉਨ੍ਹਾਂ ਦੀ ਭੈਣ ਜੌਹਰਾ ਨੇ ਆਪਣੇ ਸੋਨੇ ਦੇ ਕੰਗਣ ਵੇਚੇ। ਤੰਗੀਆਂ-ਤੁਰਸ਼ੀਆਂ ’ਚੋਂ ਗੁਜ਼ਰਦੇ ਕਲਾਮ ਨੇ ਆਪਣੀ ਪੜ੍ਹਾਈ ਪੂਰੀ ਕੀਤੀ।

ਪੜ੍ਹਾਈ ਪੂਰੀ ਹੋਣ ਉਪਰੰਤ ਉਨ੍ਹਾਂ ਨੇ ਭਾਰਤੀ ਰੱਖਿਆ ਸੰਸਥਾਨ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ। ਕੁੱਝ ਸਮੇਂ ਬਾਅਦ ਉਨ੍ਹਾਂ ਦੀ ਚੋਣ ਭਾਰਤੀ ਸਪੇਸ ਏਜੰਸੀ ਵਿੱਚ ਬਤੌਰ ਪ੍ਰੋਜੈਕਟ ਡਾਇਰੈਕਟਰ (ਰਾਕੇਟ ਵਿਗਿਆਨੀ) ਦੇ ਤੌਰ ’ਤੇ ਹੋਈ। ਉਨ੍ਹਾਂ ਨੇ ਉਪਗ੍ਰਹਿ ਦਾਗਣ ਲਈ ਸਵਦੇਸ਼ੀ ਲਾਂਚ ਵ੍ਹੀਕਲ ਦੇ ਸੁਪਨੇ ਨੂੰ ਹਕੀਕੀ ਜਾਮਾ ਪਹਿਨਾਇਆ ਇਸੇ ਦਾ ਹੀ ਨਤੀਜਾ ਹੈ ਕਿ ਭਾਰਤ ਨੇ ਆਪਣੇ ਦੇਸ਼ ਵਿੱਚ ਬਣੇ ਲਾਂਚ ਵ੍ਹੀਕਲ ਰਾਹੀਂ ਰੋਹਿਣੀ ਉਪਗ੍ਰਹਿ ਪੁਲਾੜ ਵਿੱਚ ਸਥਾਪਿਤ ਕੀਤਾ। ਡੀਆਰਡੀਓ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਅਗਨੀ, ਅਕਾਸ਼ ਅਤੇ ਨਾਗ ਮਿਜ਼ਾਇਲਾਂ ਭਾਰਤ ਦੇ ਰੱਖਿਆ ਸੰਸਥਾਨ ਨੂੰ ਪ੍ਰਦਾਨ ਕਰਕੇ ਭਾਰਤ ਦੀ ਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ। 1998 ਵਿੱਚ ਕੀਤਾ ਪੋਖਰਨ ਪ੍ਰੀਖਣ ਭਾਰਤ ਦੀ ਪਰਮਾਣੂ ਸ਼ਕਤੀ ਵਿੱਚ ਵਾਧਾ ਕਰਕੇ ਦੁਨੀਆ ਨੂੰ ਇਹ ਸੰਦੇਸ਼ ਦੇਣ ਵਿੱਚ ਕਾਮਯਾਬ ਹੋਇਆ ਹੈ ਕਿ ਭਾਰਤ ਹੁਣ ਸਮੇਂ ਦਾ ਹਾਣੀ ਬਣ ਚੁੱਕਾ ਹੈ ਇਹ ਕਿਸੇ ਵਿਦੇਸ਼ੀ ਤਾਕਤ ਦਾ ਮੁਹਤਾਜ ਨਹੀਂ ਰਿਹਾ।

Dr APJ Abdul Kalam

ਕਲਾਮ ਸਾਹਿਬ ਇੱਕ ਵਿਗਿਆਨੀ ਹੀ ਨਹੀਂ ਸਗੋਂ ਦਾਰਸ਼ਨਿਕ ਵੀ ਸਨ। ਉਨ੍ਹਾਂ ਵਿੱਚੋਂ ਹੀ ਅਨੇਕਤਾਵਾਂ ਵਿੱਚ ਏਕਤਾ ਵਾਲਾ ਭਾਰਤ ਨਜਰ ਆਉਂਦਾ ਸੀ। ਉਨ੍ਹਾਂ ਲਈ ਸਾਰੇ ਮਜ਼ਹਬ ਬਰਾਬਰ ਅਤੇ ਸਨਮਾਨ ਯੋਗ ਸਨ। ਉਨ੍ਹਾਂ ਨੂੰ ਕਲਾ, ਸੰਗੀਤ ਅਤੇ ਸਾਹਿਤ ਨਾਲ ਵੀ ਬਹੁਤ ਪਿਆਰ ਸੀ। ਉਹ ਫੁਰਸਤ ਦੇ ਸਮੇਂ ਵਿੱਚ ਆਪ ਵੀ ਕਵਿਤਾ ਲਿਖਦੇ ਅਤੇ ਗਜਲ ਗਾਇਆ ਕਰਦੇ ਸਨ। ਉਨ੍ਹਾਂ ਦੀ ਆਪਣੀ ਮਾਂ ਨੂੰ ਲਿਖੀ ਕਵਿਤਾ ਅੱਜ ਵੀ ਉਨੀ ਹੀ ਮਹੱਤਤਾ ਰੱਖਦੀ ਹੈ ਜਿੰਨੀ ਉਸ ਸਮੇਂ ਸੀ। ਉਨ੍ਹਾਂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਮਹੱਤਵਪੂਰਨ ਕਿਤਾਬਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ਇੰਡੀਆ ‘2020-ਏ ਵਿਜ਼ਨ ਫਾਰ ਦਾ ਨਿਊ ਮਿਲੀਨੀਅਮ’, ‘ਦ ਵਿੰਗਜ ਆਫ ਫਾਇਰ (ਸਵੈ ਜੀਵਨੀ)’, ‘ਇੰਗਨਾਈਟਡ ਮਾਈਂਡਜ- ਅਨਲੀਸਿੰਗ ਦ ਪਾਵਰ ਵਿਦਇਨ ਇੰਡੀਆ’ ਮਹੱਤਵਪੂਰਨ ਕਿਤਾਬਾਂ ਵਿੱਚੋਂ ਪ੍ਰਮੁੱਖ ਹਨ। ਉਨ੍ਹਾਂ ਦੀਆਂ ਕੁਟੇਸ਼ਨਾਂ ਤੇ ਅਣਮੁੱਲੇ ਵਿਚਾਰ ਅੱਜ ਵੀ ਨੌਜਵਾਨਾਂ ਵਿੱਚ ਨਵੀਂ ਉਮੰਗ ਪੈਦਾ ਕਰਨ ਦਾ ਮਾਦਾ ਰੱਖਦੇ ਹਨ।

ਅਬਦੁਲ ਕਲਾਮ ਭਾਰਤ ਨੂੰ ਵਿਗਿਆਨ ਅਤੇ ਤਕਨਾਲੋਜੀ ਪੱਖੋਂ ਸਮੇਂ ਦਾ ਹਾਣੀ ਬਣਾਉਣਾ ਚਾਹੁੰਦੇ ਸਨ। ਡਾ. ਵਿਕਰਮ ਸਾਰਾਭਾਈ, ਜਿਨ੍ਹਾਂ ਨੇ ਭਾਰਤ ਪੁਲਾੜ ਖੋਜ ਸੰਸਥਾਨ ਦੀ ਨੀਂਹ ਰੱਖ ਕੇ ਭਾਰਤ ਨੂੰ ਪੁਲਾੜ ਵਿਗਿਆਨ ਦੀ ਗੁੜ੍ਹਤੀ ਦਿੱਤੀ, ਡਾ. ਕਲਾਮ ਨੇ ਸਾਰਾਭਾਈ ਦੇ ਉਸ ਅਧੂਰੇ ਸੁਪਨੇ ਨੂੰ ਹਕੀਕੀ ਜਾਮਾ ਪਹਿਨਾ ਕੇ ਭਾਰਤ ਦੀ ਨੌਜਵਾਨ ਸ਼ਕਤੀ ਅਤੇ ਕਾਬਲੀਅਤ ਦਾ ਲੋਹਾ ਪੂਰੇ ਵਿਸ਼ਵ ਵਿੱਚ ਮਨਵਾਇਆ। ਕਲਾਮ ਸਾਹਿਬ ਸਾਦ-ਮੁਰਾਦੀ ਜ਼ਿੰਦਗੀ ਨੂੰ ਪਹਿਲ ਦਿੰਦੇ ਸਨ। ਗੁਰਬਤ ਭਰੀ ਜ਼ਿੰਦਗੀ ਵਿਚੋਂ ਉਨ੍ਹਾਂ ਨੇ ਸੁਪਨਿਆਂ ਦੀ ਉਡਾਣ ਭਰੀ। ਦੌਲਤ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਤੋਂ ਉਹ ਕੋਹਾਂ ਦੂਰ ਰਹੇ।

Dr APJ Abdul Kalam

ਦੇਸ਼ ਦੇ ਸਿਰਮੌਰ ਵਿਗਿਆਨੀ ਤੇ ਭਾਰਤ ਦੇ ਗਿਆਰਵੇਂ ਰਾਸ਼ਟਰਪਤੀ (25 ਜੁਲਾਈ 2002-25 ਜੁਲਾਈ 2007 ਤੱਕ) ਹੋਣ ਦੇ ਬਾਵਜੂਦ ਉਹ ਇੱਕ ਸਾਦੇ ਕਮਰੇ ਵਿੱਚ ਰਹੇ। ਰੋਜ਼ਾਨਾ ਲੋੜੀਂਦੀਆਂ ਉਨ੍ਹਾਂ ਕੋਲ ਸਾਰੀਆਂ ਵਸਤਾਂ ਮੌਜ਼ੂਦ ਸਨ। ਕਹਿੰਦੇ ਹਨ ਲੋੜਾਂ ਤਾਂ ਗਰੀਬ ਤੋਂ ਗਰੀਬ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ ਪਰੰਤੂ ਇੱਛਾਵਾਂ ਧਨੀ ਤੋਂ ਧਨੀ ਦੀਆਂ ਵੀ ਪੂਰੀ ਨਹੀਂ ਹੁੰਦੀਆਂ। ਡਾ. ਕਲਾਮ ਦਾ ਸੁਪਨਾ ਹੀ ਉਨ੍ਹਾਂ ਦੀ ਇੱਛਾ ਸੀ ਜੋ ਉਨ੍ਹਾਂ ਨੇ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਤੇ ਖੁੱਲ੍ਹੀਆਂ ਅੱਖਾਂ ਨਾਲ ਹੀ ਪੂਰਾ ਕੀਤਾ। ਉਨ੍ਹਾਂ ਦਾ ਸੁਪਨਾ ਹੀ ਉਨ੍ਹਾਂ ਦਾ ਜਨੂੰਨ ਸੀ।

Read Also : Panchayat Election: ਉਮੀਦਵਾਰਾਂ ਦੇ ਬੈਲਟ ਪੇਪਰ ’ਚ ਨਿਸ਼ਾਨ ਬਦਲਣ ਕਾਰਨ ਹੰਗਾਮਾ

ਡਾ. ਕਲਾਮ ਨੂੰ ਮਿਜ਼ਾਇਲ ਮੈਨ ਦਾ ਖ਼ਿਤਾਬ ਦਿੱਤਾ ਗਿਆ ਜਿਸ ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ। ਪਦਮ ਵਿਭੂਸ਼ਣ ਅਤੇ ਭਾਰਤ ਰਤਨ ਤੋਂ ਇਲਾਵਾ ਦੁਨੀਆਂ ਦੀਆਂ ਚੋਟੀ ਦੀਆਂ ਤੀਹ ਯੂਨੀਵਰਸਿਟੀਆਂ ਨੇ ਉਨ੍ਹਾਂ ਨੂੰ ਆਨਰੇਰੀ ਡਿਗਰੀਆਂ ਨਾਲ ਸਨਮਾਨਿਆ। ਇਨ੍ਹਾਂ ਸਭ ਸਨਮਾਨਾਂ ਤੋਂ ਉੱਪਰ ਸਭ ਤੋਂ ਵੱਡਾ ਸਨਮਾਨ ਆਪਣੇ ਲੋਕਾਂ ਨਾਲ ਪਿਆਰ ਅਤੇ ਆਪਣੀ ਜਨਮ ਭੋਇੰ ਨਾਲ ਮੋਹ ਸੀ। ਉਹ ਹਮੇਸ਼ਾ ਕਹਿੰਦੇ ਸਨ ਕਿ ਨੌਜਵਾਨ ਬੁਲੰਦੀਆਂ ’ਤੇ ਪਹੁੰਚ ਕੇ ਵੀ ਆਪਣੀ ਮਿੱਟੀ ਨਾਲ ਜੁੜੇ ਰਹਿਣ। ਉਹ ਉਸ ਧਰਤੀ ਮਾਂ ਦਾ ਕਦੇ ਦੇਣਾ ਨਹੀਂ ਦੇ ਸਕਦੇ ਜਿਸ ਦੀ ਮਿੱਟੀ ਨੇ ਉਨ੍ਹਾਂ ਨੂੰ ਮਿਹਨਤ, ਹੌਂਸਲਾ ਤੇ ਕਠਿਨਾਈਆਂ ਦਾ ਡਟ ਕੇ ਸਾਹਮਣਾ ਕਰਨ ਦਾ ਜ਼ਜ਼ਬਾ ਬਖਸ਼ਿਆ।

Dr APJ Abdul Kalam

ਉਹ ਆਪਣੀ ਪੈਨਸ਼ਨ ਦੀ ਪੂੰਜੀ ਆਪਣੇ ਪਿੰਡ ਦੀ ਪੰਚਾਇਤ ਨੂੰ ਦਿੰਦੇ ਰਹੇ। ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਨਾਂਅ ਅਵੁਲ (ਪੜਦਾਦਾ) ਪਾਕਿਰ (ਦਾਦਾ) ਜੈਲਾਲੂਦੀਨ ( ਪਿਤਾ ) ਨੂੰ ਅੱਗੇ ਵਧਾਉਣ ਵਾਲਾ ਕੋਈ ਨਹੀਂ ਸੀ। ਇਸ ਨਾਂਅ ਦੀ ਲੜੀ ਤਾਂ ਖਤਮ ਹੋ ਸਕਦੀ ਹੈ ਪਰੰਤੂ ਉਸ ਪਰਮਾਤਮਾ, ਅੱਲਾ-ਤਾਅਲਾ ਅਤੇ ਈਸ਼ਵਰ ਦੀ ਮਿਹਰ ਕਦੇ ਖਤਮ ਨਹੀਂ ਹੋ ਸਕਦੀ। ਲੋਕਾਂ ਦੇ ਰਾਸ਼ਟਰਪਤੀ ਅਤੇ ਬੱਚਿਆਂ ਦੇ ਮਾਰਗਦਰਸ਼ਕ ਕਰਦੇ ਹੋਏ ਆਖ਼ਿਰ ਉਹ ਦਿਨ ਆ ਹੀ ਗਿਆ ਜਦੋਂ ਡਾ. ਕਲਾਮ ਆਪਣੀ ਜ਼ਿੰਦਗੀ ਦੀ ਵਡਮੁੱਲੀ ਦੌਲਤ ਪਿੱਛੇ ਛੱਡ ਕੇ ਸਾਰੇ ਦੇਸ਼ ਦੀਆਂ ਅੱਖਾਂ ਨੂੰ ਨਮ ਕਰਦੇ ਹੋਏ 27 ਜੁਲਾਈ 2015 ਨੂੰ ਇਸ ਦੁਨੀਆਂ ਤੋਂ ਰੁਖਸਤ ਹੋ ਗਏ। ਸਰੀਰਕ ਰੂਪ ਵਿੱਚ ਤਾਂ ਡਾ. ਕਲਾਮ ਸਾਡੇ ਵਿਚਕਾਰ ਨਹੀਂ ਰਹੇ ਪਰੰਤੂ ਉਨ੍ਹਾਂ ਦੀ ਪ੍ਰੇਰਨਾਮਈ ਜ਼ਿੰਦਗੀ ਦੀ ਸੁਨਹਿਰੀ ਗਾਥਾ ਹਮੇਸ਼ਾ ਨਿਰਾਸ਼ਾ ਦੇ ਆਲਮ ਵਿੱਚ ਬੈਠੇ ਨੌਜਵਾਨਾਂ ਨੂੰ ਹੌਂਸਲੇ ਨਾਲ ਮੁੜ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਬਲ ਬਖਸ਼ੇਗੀ।

ਰਜਵਿੰਦਰ ਪਾਲ ਸ਼ਰਮਾ
ਕਾਲਝਰਾਣੀ, ਬਠਿੰਡਾ
ਮੋ. 70873-67969

LEAVE A REPLY

Please enter your comment!
Please enter your name here