Rail Roko Andolan: ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ, ਰੇਲਵੇ ਟਰੈਕ ’ਤੇ ਡਟੇ ਕਿਸਾਨ

Rail Roko Andolan
ਸੁਨਾਮ: ਸੁਨਾਮ ਰੇਲਵੇ ਟਰੈਕ ’ਤੇ ਧਰਨਾ ਲਾ ਕੇ ਬੈਠੇ ਕਿਸਾਨ ਅਤੇ ਸੰਬੋਧਨ ਕਰਦੇ ਹੋਏ ਆਗੂ। ਤਸਵੀਰ: ਕਰਮ ਥਿੰਦ

ਤਿੰਨ ਘੰਟੇ 12 ਤੋਂ 3 ਵਜੇ ਤੱਕ ਰੇਲਵੇ ਟਰੈਕ ’ਤੇ ਡਟੇ ਕਿਸਾਨ | Rail Roko Andolan

Rail Roko Andolan: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਸੰਗਰੂਰ ਵੱਲੋਂ ਸੂਬਾ ਕਮੇਟੀ ਦੇ ਸੱਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਰੇਲਵੇ ਟਰੈਕ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਜ਼ਿਲ੍ਹਾ ਖਜ਼ਾਨਚੀ ਬਹਾਲ ਸਿੰਘ ਢੀਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮੰਡੀ ਬੋਰਡ ਤੋੜਨਾ ਚਾਹੁੰਦੀ ਹੈ। ਸਰਕਾਰੀ ਖਰੀਦ ਬੰਦ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ ਦੇਣਾ ਚਾਹੁੰਦੀ ਹੈ, ਜਿਸ ਨੂੰ ਪੰਜਾਬ ਦੇ ਕਿਸਾਨ ਮਜ਼ਦੂਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਕਿਸਾਨ ਮੰਡੀਆਂ ‘ਚ ਰੁਲ ਰਿਹਾ, ਪਰ ਪੰਜਾਬ ਤੇ ਕੇਂਦਰ ਸਰਕਾਰ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ : ਆਗੂ

ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ। ਪਰ ਪੰਜਾਬ ਤੇ ਕੇਂਦਰ ਸਰਕਾਰ ਕੁੰਭ ਕਰਨੀ ਨੀਂਦ ਸੁੱਤੀਆਂ ਪਈਆਂ ਹਨ ਪਰਾਲੀ ਨੂੰ ਲੈ ਕੇ ਕਿਸਾਨਾਂ ’ਤੇ ਨਿਗਰਾਨੀ ਰੱਖਣ ਲਈ 8000 ਨੋਡਲ ਅਫਸਰ ਅਤੇ ਅਸਮਾਨ ਵਿੱਚ ਡਰੋਨ ਛੱਡੇ ਜਾ ਰਹੇ ਹਨ। ਪਰ ਇਹਨਾਂ ਨੋਡਲ ਅਫਸਰਾਂ ਤੇ ਡਰੋਨਾਂ ਨੂੰ ਮੰਡੀ ਵਿੱਚ ਰੁਲਦਾ ਕਿਸਾਨ ਨਹੀਂ ਦਿਸਦਾ ਅੱਜ ਮੰਡੀਆਂ ਵਿੱਚ ਵੱਡੇ ਪੱਧਰ ’ਤੇ ਕੱਟ ਲਾ ਕੇ ਝੋਨਾ ਖਰੀਦਿਆ ਜਾ ਰਿਹਾ ਇੱਕ ਕੁਇੰਟਲ ਜੀਰੀ ਪਿੱਛੇ ਦੋ ਤੋਂ ਚਾਰ ਕਿਲੋ ਦੇ ਕੱਟ ਲਾਏ ਜਾ ਰਹੇ ਹਨ।

ਡੀਏਪੀ ਦੇ ਗੱਟੇ ਨੂੰ ਬਲੈਕ ਵਿੱਚ ਵੇਚਿਆ ਜਾ ਰਿਹਾ | Rail Roko Andolan

ਦੂਜੇ ਪਾਸੇ 50 ਕਿਲੋ ਡੀਏਪੀ ਦੇ ਗੱਟੇ ਨੂੰ 200 ਤੋਂ 400 ਬਲੈਕ ਵਿੱਚ ਵੇਚਿਆ ਜਾ ਰਿਹਾ ਹੈ। ਜਿਸ ਨਾਲ ਕਿਸਾਨਾਂ ਦੀ ਦੂਹਰੀ ਲੁੱਟ ਚਿੱਟੇ ਦਿਨ ਹੋ ਰਹੀ ਹੈ। ਆਗੂਆ ਨੇ ਕਿਹਾ ਕਿ ਜੇਕਰ ਸਰਕਾਰ ਨੇ ਝੋਨੇ ਦੀ ਖਰੀਦ ਜਲਦੀ ਚਾਲੂ ਨਾ ਕੀਤੀ ਤਾਂ ਆਉਣ ਵਾਲੇ ਸੰਘਰਸ਼ ਤਿੱਖੇ ਹੋਣਗੇ ਜਿਸ ਦੀ ਜਿੰਮੇਵਾਰ ਪੰਜਾਬ ਅਤੇ ਕੇਂਦਰ ਸਰਕਾਰ ਹੋਵੇਗੀ। Rail Roko Andolan

ਇਸ ਮੌਕੇ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਕਣਕਵਾਲ, ਭਵਾਨੀਗੜ੍ਹ ਬਲਾਕ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਹਰਜੀਤ ਸਿੰਘ ਮਹਿਲਾਂ, ਲਹਿਰਾ ਬਲਾਕ ਦੇ ਆਗੂ ਪ੍ਰੀਤਮ ਸਿੰਘ ਲਹਿਲਾਂ, ਮੂਣਕ ਬਲਾਕ ਦੇ ਆਗੂ ਰਿੰਕੂ ਮੂਣਕ, ਦਿੜਬਾ ਬਲਾਕ ਦੇ ਮੀਤ ਪ੍ਰਧਾਨ ਹਰਬੰਸ ਸਿੰਘ, ਚਰਨਜੀਤ ਸਿੰਘ ਘਨੌੜ, ਸੰਗਰੂਰ ਬਲਾਕ ਦੇ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਧੂਰੀ ਬਲਾਕ ਦੇ ਆਗੂ ਰਾਮ ਸਿੰਘ ਕੱਕੜਵਾਲ, ਹਰਪਾਲ ਸਿੰਘ ਪੇਦਨੀ, ਔਰਤ ਆਗੂ ਜਸਵੀਰ ਕੌਰ ਉਗਰਾਹਾਂ, ਜਸਵਿੰਦਰ ਕੌਰ ਮਹਿਲਾਂ, ਮਨਜੀਤ ਕੌਰ ਤੋਲਾਵਾਲ, ਬਲਜੀਤ ਕੌਰ ਖਡਿਆਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਮਾਵਾਂ ਭੈਣਾਂ ਸ਼ਾਮਿਲ ਹੋਏ।