ਸੰਨ 1605 ਦੇ ਅਕਤੂਬਰ ਮਹੀਨੇ ਵਿਚ ਜਹਾਂਗੀਰ ਦੀ ਤਖ਼ਤਪੋਸ਼ੀ ਹੋਣ ਨਾਲ ਅਕਬਰ ਵੱਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ ਰਾਜ ਦਰਬਾਰ ਤੰਗਦਿਲ ਤੇ ਫਿਰਕਾਪ੍ਰਸਤ ਮੁਸਲਮਾਨਾਂ ਦੇ ਹੱਥ ਆ ਗਿਆ ਇਨ੍ਹਾਂ ਕੱਟੜ ਪੰਥੀਆਂ ਨੇ ਗੈਰ ਮੁਸਲਮਾਨਾਂ ਪ੍ਰਤੀ ਨਫ਼ਰਤ ਭਰਪੂਰ ਪਹੁੰਚ ਅਖ਼ਤਿਆਰ ਕਰ ਲਈ ਇਸ ਪਹੁੰਚ ਦਾ ਢੁੱਕਵਾਂ ਜਵਾਬ ਦੇਣ ਲਈ ਬਾਬਾ ਬੁੱਢਾ ਜੀ ਨੇ ਜਿੱਥੇ ਬਾਲਕ ਹਰਗੋਬਿੰਦ ਜੀ ਨੂੰ ਹਰਫ਼ੀ ਇਲਮ ਦਿੱਤਾ, ਉਥੇ ਕੁਸ਼ਤੀ, ਘੋੜ ਸਵਾਰੀ, ਤਲਵਾਰਬਾਜ਼ੀ ਅਤੇ ਹੋਰ ਜੰਗੀ ਕਰਤਬਾਂ ਦੀ ਸਿਖਲਾਈ ਵੀ ਦਿੱਤੀ
ਸ਼ੇਖ ਅਹਿਮਦ ਸਰਹੰਦੀ ਅਤੇ ਕੱਝ ਹੋਰ ਕੱਟੜ ਪੰਥੀਆਂ ਨੇ ਜਹਾਂਗੀਰ ਦੇ ਕੰਨਾਂ ਵਿੱਚ ਗੁਰੂ ਅਰਜਨ ਦੇਵ ਜੀ ਖਿਲਾਫ਼ ਖੁਸਰੋ ਨੂੰ ਸਹਾਇਤਾ ਤੇ ਸਹਿਯੋਗ ਦੇਣ ਦੀ ਫੂਕ ਮਾਰ ਦਿੱਤੀ ਜਹਾਂਗੀਰ ‘ਤੇ ਫੂਕ ਦਾ ਅਜਿਹਾ ਅਸਰ ਹੋਇਆ ਕਿ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ
ਸੰਨ 1606 ਮਈ ਮਹੀਨੇ ਦੇ ਆਖਰੀ ਹਫ਼ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨਾਲ ਤੱਤਕਾਲੀ ਰਾਜਨੀਤਕ ਹਾਲਤਾਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਇਸ ਵਿਚਾਰ-ਵਟਾਂਦਰਾ ਤੋਂ ਬਾਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਦੀ ਜਿੰਮੇਵਾਰੀ ਸ੍ਰੀ ਗਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ ਇਸ ਮੌਕੇ ਹੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ (ਇੱਕ ਮੀਰੀ ਤੇ ਦੂਜੀ ਪੀਰੀ ਦੀ) ਪਹਿਨਾਈਆਂ) ਜੋ ਸੰਸਾਰਕ ਤੇ ਆਤਮਕ ਪੱਖ ਦੇ ਸੁਮੇਲ ਦੀ ਗਵਾਹੀ ਦਿੰਦੀਆਂ ਸਨ
ਸ੍ਰੀ ਗੁਰੂ ਹਰਗੋਬਿੰਦ ਜੀ ਦੀ ਵਰੇਸ ਭਾਵੇਂ ਅਜੇ 11 ਕੁ ਸਾਲ ਦੀ ਹੀ ਸੀ ਪਰ ਆਪਣੇ ਦੂਰਦਰਸ਼ੀ ਨਜ਼ਰੀਏ ਸਦਕਾ ਉਨ੍ਹਾਂ ਨੇ ਇਹ ਸਮਝ ਲਿਆ ਸੀ ਕਿ ਮੁਗਲ ਹਕੂਮਤ ਦੀ ਅੱਤਿਆਚਾਰੀ ਨੀਤੀ ਦਾ ਸਿਖ਼ਰ ਗੁਰੂ ਪਿਤਾ ਦੀ ਸ਼ਹੀਦੀ ਤੱਕ ਹੀ ਸੀਮਤ ਨਹੀਂ ਰਹੇਗਾ ਇਸ ਨੀਤੀ ਦੇ ਸਮਰੱਥਕ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਵੀ ਪੂਰੀ ਕੋਸ਼ਿਸ਼ ਕਰਨਗੇ ਹਕੂਮਤ ਦੀ ਇਸ ਭਵਿੱਖ ਮੁਖੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਛੇਵੇਂ ਪਾਤਸ਼ਾਹ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣ ਲਿਆ ਇਸ ਰਾਹ ‘ਤੇ ਸਫ਼ਲਤਾ ਪੂਰਵਕ ਚੱਲਣ ਲਈ ਉਨ੍ਹਾਂ ਨੇ ਮਸੰਦਾਂ ਰਾਹੀਂ ਸੰਗਤ (ਵਿਸ਼ੇਸ਼ ਕਰਕੇ ਵਪਾਰੀ ਵਰਗ) ਨੂੰ ਹੁਕਮਨਾਮੇ ਭੇਜੇ ਕਿ ਸਿੱਖ ਆਪਣੇ ਦਸਵੰਧ ਦੇ ਨਾਲ-ਨਾਲ ਵਧੀਆ ਘੋੜੇ ਤੇ ਸ਼ਸਤਰ ਵੀ ਖਰੀਦ ਕੇ ਭੇਜਿਆ ਕਰਨ ਇਸ ਤਰ੍ਹਾਂ ਸਿਪਾਹੀਆਂ ਕੋਲ ਜਿੱਥੇ ਘੋੜਿਆਂ ਦੀ ਗਿਣਤੀ ‘ਚ ਵਾਧਾ ਹੋਇਆ ਉਥੇ ਗੁਰੂ ਘਰ ਦਾ ਅਸਲਾਖਾਨਾ ਵੀ ਚੰਗਿਆਂ ਸ਼ਸਤਰਾਂ ਨਾਲ ਭਰਪੂਰ ਹੋਣ ਲੱਗ ਪਿਆ
ਆਪਣੇ ਸੇਵਕਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਵੀ ਯੋਗ ਪ੍ਰਬੰਧ ਕਰ ਲਿਆ ਇਸ ਸਿਖਲਾਈ ਲਈ ਗੁਰੂ ਜੀ ਨੇ 52 ਨਿਪੁੰਨ ਅੰਗ-ਰੱਖਿਅਕਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਹੌਲੀ-ਹੌਲੀ ਸਿੱਖ ਸੈਨਿਕਾਂ ਦੀ ਗਿਣਤੀ ਵਧਣ ਲੱਗੀ ਦੂਰੋਂ-ਨੇੜਿਓਂ ਕਈ ਗਭਰੂ ਅੰਮ੍ਰਿਤਸਰ ਵਿਖੇ ਆ ਕੇ ਮਹੀਨਿਆਂ ਬੱਧੀ ਪੜਾਅ ਕਰ ਲੈਂਦੇ ਤੇ ਮਾਰਸ਼ਲ ਆਰਟ ਦੀ ਸਿਖਲਾਈ ਪ੍ਰਾਪਤ ਕਰਕੇ ਘਰ ਪਰਤ ਜਾਂਦੇ
ਗੁਰੂ ਸਾਹਿਬ ਦੀ ਸੇਵਾ-ਭਾਵਨਾ ਤੇ ਇਨਸਾਫ਼ ਪਸੰਦੀ ਨੂੰ ਦੇਖ ਕੇ ਕਈ ਦੂਸਰੇ ਧਰਮਾਂ (ਖਾਸ ਕਰਕੇ ਮੁਸਲਿਮ ਸਮਾਜ) ਦੇ ਲੋਕ ਵੀ ਗੁਰੂ ਘਰ ਦੇ ਨੇੜੇ ਆਉਣ ਲੱਗੇ ਇਹ ਗੱਲ ਵਕਤ ਦੇ ਹਾਕਮ ਜਹਾਂਗੀਰ ਦੀ ਬਰਦਾਸ਼ਤ ਤੋਂ ਬਾਹਰ ਹੁੰਦੀ ਜਾ ਰਹੀ ਸੀ ਉਸ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ‘ਚ ਨਜ਼ਰਬੰਦ ਕਰ ਦਿੱਤਾ ਇਹ ਕਿਲ੍ਹਾ ਸ਼ਾਹੀ ਕੈਦੀਆਂ ਤੇ ਲੰਮੀ ਕੈਦ ਵਾਲਿਆਂ ਵਾਸਤੇ ਉਚੇਚੇ ਤੌਰ ‘ਤੇ ਬਣਵਾਇਆ ਗਿਆ ਸੀ ਕਈ ਕੈਦੀਆਂ ਦਾ ਜੀਵਨ ਤਾਂ ਇਸ ਕਿਲ੍ਹੇ ਦੀ ਭੇਂਟ ਹੀ ਚੜ੍ਹ ਜਾਂਦਾ ਸੀ ਜਦੋਂ ਛੇਵੇਂ ਪਾਤਸ਼ਾਹ ਕਿਲ੍ਹੇ ਅੰਦਰ ਗਏ, ਉਨ੍ਹਾਂ ਦੇਖਿਆ ਕਿ ਕਈ ਰਾਜਪੂਤ ਰਜਵਾੜੇ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਰਾਜੇ ਵੀ ਕੈਦ ਕੱਟ ਰਹੇ ਸਨ ਇਨ੍ਹਾਂ ਰਾਜਿਆਂ ਦੀ ਗਿਣਤੀ 52 ਦੇ ਕਰੀਬ ਸੀ ਗੁਰੂ ਜੀ ਦੀ ਆਮਦ ਨਾਲ ਇਹ ਮਨਹੂਸ ਕਿਲ੍ਹਾ ਇੱਕ ਧਰਮਸ਼ਾਲਾ ਦਾ ਰੂਪ ਵਟਾ ਗਿਆ ਸਵੇਰੇ-ਸ਼ਾਮ ਹੋਣ ਵਾਲੇ ਸਤਿਸੰਗ ਤੇ ਧਾਰਮਿਕ ਵਿਚਾਰਾਂ ਨੇ ਕਿਲ੍ਹੇ ਵਿਚਲੇ ਵਾਤਾਵਰਣ ਨੂੰ ਹੀ ਬਦਲ ਕੇ ਰੱਖ ਦਿੱਤਾ ਇੱਥੋਂ ਤੱਕ ਕਿ ਕਿਲ੍ਹੇ ਦਾ ਦਰੋਗਾ ਹਰੀਦਾਸ ਵੀ ਗੁਰੂ ਸਾਹਿਬ ਦਾ ਪ੍ਰਭਾਵ ਕਬੂਲਣੋਂ ਨਾ ਰਹਿ ਸਕਿਆ
ਕਿਸੇ ਨੇਕ-ਬਖ਼ਤ ਨੇ ਉਸ ਨੂੰ ਗੁਰੂ ਸਾਹਿਬ ਦੀ ਨਾਜਾਇਜ਼ ਨਜ਼ਰਬੰਦੀ ਦਾ ਅਹਿਸਾਸ ਕਰਵਾ ਦਿੱਤਾ ਮੁਸੀਬਤ ‘ਚ ਫਸੇ ਹੋਣ ਕਰਕੇ ਗੱਲ ਉਸ ਦੇ ਵੀ ਮਨ ਲੱਗ ਗਈ ਉਸ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਹੁਕਮ ਦਾ ਦਿੱਤਾ ਜਦੋਂ ਇਸ ਹੁਕਮ ਦਾ ਪਤਾ ਬੇਕਸੂਰ ਸਿਆਸੀ ਕੈਦੀ ਰਾਜਿਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਸਨਮੁੱਖ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ! ਸਾਨੂੰ ਵੀ ਇਸ ਨਰਕੀ ਜੀਵਨ ਤੋਂ ਛੁਟਕਾਰਾ ਦਿਵਾ ਦਿਉ ਗੁਰੂ ਜੀ ਨੇ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਤਦ ਹੀ ਕਿਲ੍ਹੇ ‘ਚੋਂ ਬਾਹਰ ਜਾਣਗੇ ਜੇ ਇਨ੍ਹਾਂ ਨਿਰਦੋਸ਼ ਰਾਜਿਆਂ ਨੂੰ ਰਿਹਾਅ ਕੀਤਾ ਜਾਵੇਗਾ ਜਹਾਂਗੀਰ ਨੇ ਗੁਰੂ ਸਾਹਿਬ ਦੀ ਗੱਲ ਮੰਨਦਿਆਂ ਇਨ੍ਹਾਂ ਰਾਜਿਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ, ਜਿਨ੍ਹਾਂ ਦੀ ਗਿਣਤੀ 52 ਦੱਸੀ ਜਾਂਦੀ ਹੈ ਇਸੇ ਕਰਕੇ ਆਪ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ
1627 ਈ. ‘ਚ ਜਹਾਂਗੀਰ ਫੌਤ ਹੋ ਗਿਆ ਉਸ ਤੋਂ ਬਾਦ ਉਸ ਦਾ ਪੁੱਤਰ ਸ਼ਾਹਜਹਾਨ ਰਾਜਗੱਦੀ ਦਾ ਵਾਰਸ ਬਣ ਗਿਆ ਕੱਟੜ ਪੰਥੀ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਉਸਨੇ ਗੈਰ ਮੁਸਲਿਮ ਭਾਈਚਾਰੇ ‘ਤੇ ਜ਼ਿਆਦਤੀਆਂ ਦਾ ਸਿਲਸਿਲਾ ਆਰੰਭ ਕਰ ਦਿੱਤਾ ਇਸ ਸਿਲਸਿਲੇ ਨੂੰ ਠੱਲ੍ਹ ਪਾਉਣ ਲਈ ਛੇਵੇਂ ਗੁਰੂ ਜੀ ਨੂੰ ਸਮੇਂ-ਸਮੇਂ ਕਈ ਜੰਗਜੂ ਕਾਰਵਾਈਆਂ/ ਲੜਾਈਆਂ ਵੀ ਲੜਨੀਆਂ ਪਈਆਂ ਇਸ ਲੜੀ ਵਜੋਂ ਉਨ੍ਹਾਂ ਨੂੰ ਰੁਹਲੇ (ਸ੍ਰੀ ਹਰਗੋਬਿੰਦਪੁਰ ਸਾਹਿਬ) ਵਿਖੇ ਪਹਿਲੀ ਲੜਾਈ ਲੜਨੀ ਪਈ ਗੁਰੂ ਜੀ ਦੀ ਦੂਸਰੀ ਜੰਗ ਲੋਹਗੜ੍ਹ ਤੋਂ ਲੈ ਕੇ ਅਜੋਕੇ ਖਾਲਸਾ ਕਾਲਜ ਤੱਕ ਹੋਈ ਇਸ ਲੜਾਈ ਵਿੱਚ ਗੁਰੂ ਕੀ ਫੌਜ ਨੇ ਵੈਰੀ ਨੂੰ ਕਰਾਰੀ ਹਾਰ ਦਿੱਤੀ ਇਹ ਸਮਾਂ ਅੱਧ ਅਪਰੈਲ 1634 ਈ. ਦਾ ਹੈ
ਤੀਸਰੀ ਲੜਾਈ ਮਰਾਝ ਦੇ ਨਜਦੀਕ ਇੱਕ ਢਾਬ ਉੱਤੇ ਮੋਰਚੇ ਕਾਇਮ ਕਰਕੇ ਲੜੀ ਗਈ, ਜਿਸ ਦਾ ਕਾਰਨ ਭਾਈ ਬਿਧੀ ਚੰਦ ਜੀ ਦੁਆਰਾ ਉਨ੍ਹਾਂ ਦੋ ਘੋੜਿਆਂ ਨੂੰ ਲਾਹੌਰ ਦੇ ਕਿਲ੍ਹੇ ‘ਚੋਂ ਕੱਢ ਕੇ ਗੁਰੂ ਦਰਬਾਰ ‘ਚ ਅਪੜਾਉਣਾ ਸੀ ਜਿਨ੍ਹਾਂ ਨੂੰ ਕਾਬਲ ਤੋਂ ਆ ਰਹੇ ਸਿੱਖਾਂ ਕੋਲੋਂ ਲਾਹੌਰ ਦੇ ਹਾਕਮ ਨੇ ਖੋਹ ਲਿਆ ਸੀ ਇਹ ਸਮਾਂ ਅੱਧ ਦਸੰਬਰ 1634 ਈ. ਦਾ ਹੈ ਗੁਰੂ ਸਾਹਿਬ ਦੀ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ ਜੋ ਸਿੱਖ ਇਤਿਹਾਸ ‘ਚ ਇੱਕ ਅਹਿਮ ਸਥਾਨ ਰੱਖਦੀ ਹੈ ਇਸ ਜੰਗ ਦਾ ਸਬੱਬ ਸਿੱਖ ਫੌਜ ਦੇ ਇੱਕ ਸਾਬਕਾ ਜਰਨੈਲ ਪੈਂਦੇ ਖਾਨ ਦੀ ਗੁਰੂ ਘਰ ਨਾਲ ਗਦਾਰੀ ਤੇ ਫੌਜਦਾਰ ਕਾਲੇ ਖਾਂ ਦੀ ਬਦਲੇ ਦੀ ਭਾਵਨਾ ਸੀ ਸੋ ਇਨ੍ਹਾਂ ਨੇ ਮਿਲਵੇਂ ਰੂਪ ‘ਚ ਗੁਰੂ ਸਾਹਿਬ ‘ਤੇ ਹਮਲਾ ਕਰ ਦਿੱਤਾ ਇਹ ਜੰਗ ਅਪਰੈਲ ਮਹੀਨੇ ਦੇ ਆਖਰੀ ਹਫ਼ਤੇ 1635 ਈ. ਨੂੰ ਲਗਾਤਾਰ ਤਿੰਨ ਦਿਨ ਹੁੰਦੀ ਰਹੀ
ਗੁਰੂ ਸਾਹਿਬ ਦੀ ਪੰਜਵੀਂ ਲੜਾਈ ਪਲਾਹੀ ਸਾਹਿਬ (ਫਗਵਾੜਾ) ਵਿਖੇ ਹੋਈ 29 ਅਪਰੈਲ 1635 ਈ. ਨੂੰ ਮੁਗਲ ਫੌਜਾਂ ਨੇ ਗੁਰੂ ਕੀਆਂ ਫੌਜਾਂ ‘ਤੇ ਅਚਾਨਕ ਹਮਲਾ ਕਰ ਦਿੱਤਾ ਹਮਲਾ ਭਾਵੇਂ ਕਹਿਰੀ ਸੀ ਪਰ ਫੌਜਾਂ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਇਸ ਤਰ੍ਹਾਂ ਮੁਗਲ ਫੌਜਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪੂਰੀ ਹਯਾਤੀ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਲਾ ਦਿੱਤੀ ਇਸ ਮਨੋਰਥ ਦੀ ਸਿੱਧੀ ਲਈ ਰੁਕਾਵਟ ਪੈਦਾ ਕਰਨ ਵਾਲੀ ਹਰੇਕ ਧਿਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਗਿਆ
ਰਮੇਸ਼ ਬੱਗਾ ਚੋਹਲਾ
ਰਿਸ਼ੀ ਨਗਰ ਲੁਧਿਆਣਾ
ਮੋ.94631-32719